(ਸਮਾਜ ਵੀਕਲੀ)
ਪਾਣੀ ਹੈ ਅਨਮੋਲ ਓ ਬੰਦਿਆ ,
ਪਾਣੀ ਹੈ ਅਨਮੋਲ ।
ਵਰਤੋਂ ਕਰੇ ਬਿਨਾਂ ਨਈਂ ਸਰਨਾ ,
ਪਰ ਨਾ ਫ਼ਾਲਤੂ ਡੋਲ੍ ।
ਕੁਦਰਤ ਰਾਣੀ ਨੇ ਸਭਨਾਂ ਲਈ ,
ਥਾਂ ਥਾਂ ਛਬੀਲਾਂ ਲਾਈਆਂ ਸੀ ।
ਪਸ਼ੂ ਪੰਛੀਆਂ ਵਰਤਿਆ ਪਰ ਅਸੀਂ,
ਧਜੀਆਂ ਖ਼ੂਬ ਉਡਾਈਆਂ ਸੀ ।
ਇੱਕ ਨਹੀਂ ਅਸੀਂ ਹਰ ਖੇਤਰ ਵਿੱਚ ,
ਪਾ ਰੱਖਿਅੈ ਧਮਸੋਲ਼ ।
ਪੰਜ ਤੱਤਾਂ ਤੋਂ ਬਣੀਂ ਹੋਈ ਹੈ ,
ਸਭ ਦੇ ਜਿਸਮ ਦੀ ਕਾਇਆ ।
ਉਹਨਾਂ ‘ਚੋਂ ਇੱਕ ਪਾਣੀ ਦਾ ਅਸੀਂ ,
ਬੜਾ ਈ ਮਜ਼ਾਕ ਬਣਾਇਆ ।
ਸੰਜਮ ਨਾਲ਼ ਹਰ ਚੀਜ਼ ਵਰਤੀਏ ,
ਜਿਹੜੀ ਵੀ ਸਾਡੇ ਕੋਲ਼ ।
ਅੱਜ ਬੂੰਦ ਬੂੰਦ ਨੂੰ ਤਰਸ ਰਿਹਾ ਏ ,
ਪੰਜ-ਆਬ ਦਾ ਸੂਬਾ ।
ਰੇਗ਼ਸਤਾਨ ਦਾ ਰੂਪ ਧਾਰ ‘ਜੂ ,
ਕਦੇ ਸੀ ਅਜਬ ਅਜੂਬਾ ।
ਤੂੰ ਕਿਹੜੀ ਗੱਲ ਤੋਂ ਚੁੱਪ ਧਾਰ ‘ਲੀ ,
ਕੁੱਝ ਤਾਂ ਮੂੰਹੋਂ ਬੋਲ ।
ਹਾਲੇ ਵੀ ਜੇਕਰ ਜੀਰੀ ਬੀਜਣੀਂ ,
ਬੰਦ ਅਸਾਂ ਨਾ ਕੀਤੀ ।
ਪਿਆਰ ਨਾਲ਼ ਸਮਝਾ ਕੇ ਜਨਤਾ ,
ਪਾਬੰਦ ਅਸਾਂ ਨਾ ਕੀਤੀ ।
ਹਰ ਮੁਸ਼ਕਲ ਦਾ ਹੱਲ ਹੈ ਜੇਕਰ ,
ਲਈਏ ਦਿਮਾਗ਼ ਫਰੋਲ਼ ।
ਮੀਂਹ ਦਾ ਪਾਣੀ ਮੋੜ ਮੋੜ ਕੇ ,
ਧਰਤੀ ਦੇ ਵਿੱਚ ਪਾਈਏ ।
ਬਿਨਾਂ ਗਿਣੇਂ ਤੋਂ ਰੁੱਖ ਲਗਾਈਏ ,
ਤੇ ਲੱਗੇ ਹੋਏ ਬਚਾਈਏ ।
ਰੁਲ਼ਦੂ ਰਹੇ ਸਮਝਾਉਂਦਾ ਪਰ ਅਸੀਂ
ਕਰਦੇ ਹਾਂ ਟਾਲ਼ ਮਟੋਲ਼ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly