(ਸਮਾਜ ਵੀਕਲੀ)
ਮਸਲੇ ਜਦੋਂ ਬਹੁਤ ਉਲਝ ਜਾਂਦੇ ਹਨ ਤਾਂ ਗੱਲ ਯੁੱਧ ਤਕ ਪਹੁੰਚ ਜਾਂਦੀ ਹੈ।ਯੁੱਧ ਇਹ ਸੋਚ ਕੇ ਕੀਤਾ ਜਾਂਦਾ ਹੈ ਕਿ ਮਸਲੇ ਨਿਬੜ ਜਾਣਗੇ।ਪਰ ਯੁੱਧ ਕਦੀ ਵੀ ਮਸਲੇ ਦਾ ਹੱਲ ਨਹੀਂ ਹੁੰਦਾ।ਯੁੱਧ ਤਾਂ ਮਸਲਿਆਂ ਦੀ ਪੈਦਾਇਸ਼ ਦੀ ਖਾਨਗਾਹ ਬਣਦਾ ਹੈ।ਅਸਲੀ ਮਸਲੇ ਤੋਂ ਸ਼ੁਰੂ ਹੀ ਯੁੱਧ ਤੋਂ ਬਾਅਦ ਹੁੰਦੇ ਹਨ।
ਯੁੱਧ ਤੋਂ ਬਾਅਦ ਤਬਾਹੀ,ਭੁੱਖਮਰੀ ਖਾਨਾਜੰਗੀ ਅਨੇਕਾਂ ਮਸਲੇ ਪੈਦਾ ਹੁੰਦੇ ਹਨ।ਇੱਕ ਪੀੜ੍ਹੀ ਦਾ ਕੀਤਾ ਯੁੱਧ ਅਨੇਕਾਂ ਪੀੜ੍ਹੀਆਂ ਭੁਗਤਦੀਆਂ ਹਨ।ਯੁੱਧ ਦੇ ਸਿੱਟੇ ਹਮੇਸ਼ਾ ਹੀ ਤਬਾਹਕੁੰਨ ਹੁੰਦੇ ਹਨ।ਹੀਰੋਸ਼ੀਮਾ ਤੇ ਨਾਗਾਸਾਕੀ ਨੂੰ ਕੌਣ ਭੁੱਲ ਸਕਿਆ ਹੈ।
ਅੱਜ ਦੇ ਮਾਰੂ ਹਥਿਆਰਾਂ ਦੇ ਯੁੱਗ ਵਿੱਚ ਜਿੱਥੇ ਪਰਮਾਣੂ ਹਥਿਆਰਾਂ ਦਾ ਖਤਰਾ ਹਰ ਵੇਲੇ ਮੰਡਰਾਉਂਦਾ ਹੈ, ਯੁੱਧ ਕੇਵਲ ਵਿਨਾਸ਼ ਹੈ।ਯੁੱਧ ਪੁਰਾਤਨ ਸਮੇਂ ਤੋਂ ਹੀ ਵਿਨਾਸ਼ ਰਿਹਾ।ਸਮਰਾਟ ਅਸ਼ੋਕ ਯੁੱਧ ਤੋਂ ਅੱਕ ਕੇ ਹੀ ਬੁੱਧ ਧਰਮ ਅਪਣਾ ਕੇ ਬੋਧ ਭਿਕਸ਼ੂ ਬਣ ਗਿਆ।ਕਲਿੰਗ ਨਾਲ ਉਸ ਦੇ ਯੁੱਧ ਵਿੱਚ ਲੱਖਾਂ ਲੋਕ ਮਾਰੇ ਗਏ।ਸਾਲਾਂ ਬੱਧੀ ਇਹ ਯੁੱਧ ਚੱਲਿਆ।ਇਸ ਤਬਾਹੀ ਤੋਂ ਅਸ਼ੋਕ ਦਾ ਮਨ ਬਦਲਿਆ ਅਤੇ ਉਸ ਨੇ ਬੁੱਧ ਧਰਮ ਦੀ ਸ਼ਰਨ ਲਈ।
ਭਾਰਤ ਦੀ ਹੀ ਗੱਲ ਕਰ ਲਓ।ਪਾਕਿਸਤਾਨ ਨਾਲ ਯੁੱਧ ਇਸ ਤਬਾਹੀ ਦਾ ਹੀ ਕਾਰਨ ਬਣੇ।ਬੇਸ਼ੱਕ ਭਾਰਤ ਜੇਤੂ ਰਿਹਾ ਪਰ ਤਬਾਹੀ ਤਾਂ ਦੋਨੋਂ ਪਾਸੇ ਹੋਈ।ਜੋ ਬੇਕਸੂਰ ਲੋਕ ਯੁੱਧ ਵਿੱਚ ਮਾਰੇ ਜਾਂਦੇ ਹਨ ਉਨ੍ਹਾਂ ਦੀਆਂ ਜਾਨਾਂ ਦੀ ਭਰਪਾਈ ਕਦੀ ਨਹੀਂ ਹੋ ਸਕਦੀ।
ਯੁੱਧ ਦੇ ਮਾਰੂ ਨਤੀਜਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਰੂਸ ਤੇ ਯੂਕਰੇਨ ਦੇ ਮਸਲੇ ਕਿੰਨੇ ਸਾਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਅੱਜ ਇਕ ਨਿੱਕੀ ਜਿਹੀ ਚੰਗਿਆਰੀ ਪ੍ਰਮਾਣੂ ਯੁੱਧ ਦਾ ਕਾਰਨ ਬਣ ਸਕਦੀ ਹੈ।ਪਰਮਾਣੂ ਯੁੱਧ ਜੋ ਵਿਨਾਸ਼ਕਾਰੀ ਹੋਏਗਾ।ਕਹਿੰਦੇ ਨੇ ਐਲਬਰਟ ਆਈਨਸਟਾਈਨ ਨੂੰ ਕਿਸੇ ਨੇ ਪੁੱਛਿਆ ਸੀ ਕਿ ਤੀਜਾ ਵਿਸ਼ਵ ਯੁੱਧ ਕਦੋਂ ਹੋਵੇਗਾ? ਇਸ ਦੇ ਜਵਾਬ ਵਿੱਚ ਆਈਨਸਟਾਈਨ ਨੇ ਕਿਹਾ ਕਿ ਤੀਜੇ ਬਾਰੇ ਤਾਂ ਮੈਂ ਨਹੀਂ ਕਹਿ ਸਕਦਾ ਚੌਥਾ ਵਿਸ਼ਵ ਯੁੱਧ ਕਦੀ ਨਹੀਂ ਹੋਵੇਗਾ। ਤੀਜੇ ਵਿਸ਼ਵ ਯੁੱਧ ਵਿੱਚ ਹੀ ਮਨੁੱਖੀ ਸੱਭਿਅਤਾ ਸਮਾਪਤ ਹੋ ਜਾਵੇਗੀ।
ਅਮਰੀਕਾ ਦੇ ਇਰਾਕ ਨਾਲ ਯੁੱਧ ਵਿੱਚ ਆਮ ਜਨਜੀਵਨ ਇਹ ਸਭ ਤੋਂ ਵੱਧ ਘੱਟ ਖਾਧਾ।ਤਬਾਹੀ ਦੇ ਮੰਜ਼ਰ ਦੇਖੇ ਨਹੀਂ ਜਾਂਦੇ ਸਨ।ਅਫ਼ਗਾਨਿਸਤਾਨ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਹੀ ਮੁਸ਼ਕਿਲਾਂ ਹਨ।ਯੁੱਧ ਨੇ ਮਸਲੇ ਹੀ ਪੈਦਾ ਕੀਤੇ ਹਨ।ਅੱਜ ਰੂਸ ਤੇ ਯੂਕਰੇਨ ਵਿੱਚ ਬਣਿਆ ਟਕਰਾਅ ਤੀਜੇ ਵਿਸ਼ਵ ਯੁੱਧ ਵੱਲ ਲਿਜਾ ਸਕਦਾ ਹੈ।
ਵਿਸ਼ਵ ਸ਼ਕਤੀ ਨੂੰ ਸਬਰ ਤੋਂ ਕੰਮ ਲੈਣ ਦੀ ਲੋੜ ਹੈ।ਇੱਕ ਛੋਟੀ ਜਿਹੀ ਚੰਗਿਆੜੀ ਹੱਸਦੇ ਖੇਡਦੇ ਵਿਸ਼ਵ ਨੂੰ ਤਬਾਹ ਕਰ ਦੇਵੇਗੀ।ਯੁੱਧ ਕਿਸੇ ਮਸਲੇ ਦਾ ਹੱਲ ਨਹੀਂ।ਮਸਲੇ ਹਮੇਸ਼ਾਂ ਬਾਤਚੀਤ ਨਾਲ ਹੀ ਹੱਲ ਹੁੰਦੇ ਹਨ।ਭਾਰਤ ਦਾ ਮੀਡੀਆ ਜਿਸ ਤਰੀਕੇ ਨਾਲ ਇਸ ਮਸਲੇ ਤੇ ਗੱਲ ਕਰ ਰਿਹਾ ਹੈ ਉਹ ਵੀ ਠੀਕ ਨਹੀਂ।ਇਸ ਟਕਰਾਅ ਵਿੱਚ ਭਾਰਤ ਦੀ ਸਥਿਤੀ ਵੀ ਨਾਜ਼ੁਕ ਬਣ ਸਕਦੀ ਹੈ।ਜ਼ਰੂਰਤ ਹੈ ਇਸ ਸਾਰੇ ਮਸਲੇ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਨਜਿੱਠਣ ਦੀ।ਅਮਰੀਕਾ ਰੂਸ ਅਤੇ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼
ਇਸ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰਨ ਅਤੇ ਵਿਸ਼ਵ ਨੂੰ ਯੁੱਧ ਦੇ ਭਿਆਨਕ ਨਤੀਜਿਆਂ ਤੋਂ ਬਚਾਇਆ ਜਾ ਸਕੇ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly