(ਸਮਾਜ ਵੀਕਲੀ)
ਬੰਬਾਂ ਦੀ ਵਾਸੜ ਦੇ ਹੇਠਾਂ,
ਇਨਸਾਨੀਅਤ ਰੋਂਦੀ ਵੇਖੀ ਮੈਂ।
ਕੋਈ ਮਸਤੀ ਵਿੱਚ ਮਸਰੂਫ਼ ਫਿਰੇ,
ਕੋਈ ਜਾਨ ਲੁਕੋਂਦੀ ਵੇਖੀ ਮੈਂ।
ਹੋ ਰਹੀ ਪਰਖ ਆਪਣੇ ਬੇਗਾਨੇ ਦੀ,
ਵਕਤ ਪਏ ਤੋਂ ਕੌਣ ਖੜਦਾ ਏ,
ਬੇਗਾਨੀ ਤਾਕਤ ਦਾ ਨਾ ਮਾਨ ਕਰੀਏ,
ਭਲਾ ਕੌਣ ਕਿਸੇ ਪਿਛੇ ਲੜਦਾ ਏ।
ਦੋ ਤਾਕਤਾਂ ਦੀ ਇੱਕ ਜਿਦ ਬਦਲੇ,
ਘਾਣ ਹੋ ਰਿਹਾ ਲੱਖਾਂ ਮਾਸੂਮਾਂ ਦਾ।
ਖੜੇ ਦੂਰ ਤਮਾਸ਼ਾ ਦੇਖ ਰਹੇ,
ਕੌਣ ਦੇਵੇ ਸਾਥ ਮਜਲੂਮਾਂ ਦਾ।
ਜਿਹੜੇ ਬਚਕੇ ਆਏ ਇਧਰ ਉਧਰ,
ਮਨਾਓ ਜਸ਼ਨ, ਧੰਨ ਭਾਗਨੇ।
ਪਰ ਉਹ ਵੀ ਜਿਹੜੇ ਮਰ ਰਹੇ,
ਕਿਸੇ ਦੀ ਤਾਂ ਔਲਾਦ ਨੇ।
ਘਰ ਢਹਿਗੇ ਖਾਣ ਲਈ ਅੰਨ ਹੈਨੀ,
ਘਾਹ ਖਾਣ ਲਈ ਲੋਕ ਮਜਬੂਰ ਹੋਏ।
ਕੌਣ ਕਹੇ ਜਾਕੇ ਡਾਢਿਆਂ ਨੂੰ,
ਬੇਗੁਨਾਹਾਂ ਤੋਂ ਕੀ ਕਸੂਰ ਹੋਏ।
ਸਭ ਚਾਹੁੰਦੇ ਦੁਨੀਆਂ ਜਿੱਤਣ ਨੂੰ,
ਕੋਈ ਆਪਣੇ ਆਪ ਨੂੰ ਜਿੱਤੇ ਨਾ।
ਢੇਰੀ ਆਖਰ ਸਭਨਾਂ ਹੋ ਜਾਣਾ,
ਇੱਥੇ ਚੱਲਣ ਕਿਸੇ ਦੇ ਸਿੱਕੇ ਨਾ।
ਅਲੀ ਜੁਲਮ ਦੀ ਵੀ ਕੋਈ ਹੱਦ ਹੁੰਦੀ,
ਕੀੜੀ ਹਾਥੀ ਨੂੰ ਰੁਲਾਉਂਦੀ ਵੇਖੀ ਮੈਂ।
ਬੰਬਾਂ ਦੀ ਵਾਸੜ ਦੇ ਹੇਠਾਂ, ਇਨਸਾਨੀਅਤ ਰੋਂਦੀ ਵੇਖੀ ਮੈਂ।
ਮੁਖਤਿਆਰ ਅਲੀ।
ਸ਼ਾਹਪੁਰ ਕਲਾਂ।
98728.96450.
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly