ਨਿਰਪੱਖ ਜਾਂਚ ਹੋਵੇ

ਹਰਮੇਸ਼ ਜੱਸ਼ਲ

(ਸਮਾਜ ਵੀਕਲੀ)

ਨਿਰਪੱਖ ਜਾਂਚ ਹੋਵੇ
ਉਹ ਕਹਿੰਦੇ ਹਨ:
ਨਹੀਂ ਸਨ, ਇਹ ਮੋਦੀ ਜੀ,
ਇਹ ਤਾਂ ਪਰਧਾਨ ਮੰਤਰੀ ਜੀ ਸਨ, ਦੇਸ਼ ਦੇ,
ਕਰੋੜਾਂ ਰੁਪਏ ਦੀਆਂ ਸੁਗਾਤਾਂ ਦੇਣ ਆਏ ਸਨ ਪੰਜਾਬ ਨੂੰ|

ਉਹ ਹਨ, ਮੋਦੀ ਜੀ,
ਜੋ ਦਿੱਲੀ ਵਿਖੇ ਰਹਿੰਦੇ ਹਨ,
ਸਿਰਫ਼ ਇਕ ਕਾਲ ਉੱਤੇ ਮਿਲ ਸਕਦੇ ਹਨ,
ਪਰ ਕਿਸਾਨਾਂ ਨੇ,
378 ਦਿਨਾਂ ਵਿਚ ਇਕ ਵੀ ਕਾਲ ਨਹੀਂ ਕੀਤੀ !

ਕੌਣ ਸਨ, ਉਹ ਅਣਜਾਣ ਲੋਕ,
ਜੋ ਅਚਾਨਕ ਪਰਧਾਨ ਮੰਤਰੀ ਦੇ ਰਾਹ ਵਿਚ ਆ ਗਏ !
ਉਨਾਂ ਦੀ ਜਾਨ ਨੂੰ ਖਤਰਾ ਹੋ ਗਿਆ!
ਜੇ ਉਨਾਂ ਨੂੰ ਕੁੱਝ ਹੋ ਜਾਂਦਾ, ਤਾਂ
ਕੌਣ ਜੁੰਮੇਵਾਰ ਸੀ ?
ਪੰਜਾਬ, ਪੰਜਾਬੀ, ਪੰਜਾਬੀਅਤ ਜਾਂ ਕਿਸਾਨ ?
ਜੇ ਇਹ ਕਿਸਾਨ ਸਨ ਤਾਂ ਫਿਰ
ਉਹ ਕੌਣ ਸਨ ? ਜੋ ਦਿੱਲੀ ਫ਼ਤਹਿ ਕਰਕੇ ਮੁੜੇ ਸਨ |
ਜੇ ਦਿੱਲੀ ਦੇ ਬੂਹੇ ਉੱਤੇ ਸ਼ਹੀਦ ਹੋਣ ਵਾਲੇ ਕਿਸਾਨ ਸਨ,
ਤਾਂ ਫਿਰ ਇਹ ਕੌਣ ਸਨ ?

ਜੋ ਹੋਇਆ, ਚੰਗਾ ਨਹੀਂ ਹੋਇਆ|
ਨਾ ਪੰਜਾਬ ਲਈ,
ਨਾ ਪਰਧਾਨ ਮੰਤਰੀ ਲਈ,
ਨਾ ਮੋਦੀ ਜੀ ਲਈ,
ਨਾ ਕੁੱਝ ਕੀਤਾ ਨਾ ਕਰਾਇਆ,
ਹੋਏ ਹੋਏ ਵਾਧੂ ਦੀ!

ਅਤਿ-ਅਧੁਨਿਕ ਹਥਿਆਰਾਂ ਨਾਲ ਲੈਸ,
20 ਗੱਡੀਆਂ ਦਾ ਕਾਫ਼ਲਾ,
20 ਮਿੰਟ ਤੱਕ ਰੁਕਿਆ ਰਿਹਾ!
ਕੁੱਝ ਵੀ ਹੋ ਸਕਦਾ ਸੀ, ਬਾਰਡਰ ਏਰੀਆ ਹੈ !
ਜਿੱਥੇ ਵੰਡ ਤੋਂ ਲੈ ਕੇ, ਅੱਜ ਤੱਕ
ਕਦੀ ਵੀ ਸਾਂਤੀ ਨਹੀਂ ਰਹਿ ਸਕੀ |
ਇਸ ਐਟਮੀ ਦੁਨੀਆਂ ਵਿਚ
ਹਰ ਕੋਈ ਵੱਡੇ ਤੋਂ ਵੱਡੇ “ਬਟਨ” ਉੱਤੇ ਹੱਥ ਰੱਖ ਕੇ ਬੈਠਾ ਹੈ|
ਇਕ ਮਿੰਟ ਵਿਚ ਦੁਨੀਆਂ ਤਬਾਹ ਹੋ ਸਕਦੀ ਹੈ,
ਫਿਰ 20 ਮਿੰਟ ਤਾਂ ਬਹੁਤ ਜਿਆਦਾ ਹੁੰਦੇ ਹਨ|
ਇੰਨੇ ਸਮੇਂ ਵਿਚ ਹੋਰ ਨਹੀਂ ਤਾਂ
700 ਤੱਕ ਅਰਾਮ ਨਾਲ ਗਿਣਿਆ ਜਾ ਸਕਦਾ ਹੈ!

ਨਿਰਪੱਖ ਜਾਂਚ ਹੋਵੇ :
ਕਿ ਪਰਧਾਨ ਮੰਤਰੀ ਦੇਸ਼ ਦਾ ਹੁੰਦਾ ਹੈ ਜਾਂ ਪਾਰਟੀ ਦਾ ਵੀ?
ਕਿ ਪਹਿਲਾਂ ਦੇਸ਼ ਦਾ ਹੁੰਦਾ ਹੈ ਜਾਂ ਬਾਦ ਵਿਚ ਦੇਸ਼ ਦਾ ?
ਕਿ ਪਰਧਾਨ ਮੰਤਰੀ ਵਿਅਕਤੀ ਹੈ ਜਾਂ ਸੰਸ਼ਥਾ?
ਜੇ ਸੰਸ਼ਥਾ ਹੈ ਤਾਂ ਕਿਸੇ ਇਕ ਫ਼ਿਰਕੇ ਦੀ ਜਾਂ ਦੇਸ਼ ਦੀ ?

ਜਾਂਚ ਲਈ ਲੋਕ , ਨਿਰਪੱਖ ਹੋਣ
ਉਹ ਵੀ ਇਕ – ਦੋ ਨਹੀਂ
ਪੂਰੇ 130 ਕਰੋੜ ਲੋਕ
ਤੇ ਫ਼ੈਸਲਾ ਕਰਨ ਕਿ
ਦੋਸ਼ੀ ਕੌਣ?

ਸਜ਼ਾ ਹੋਣੀ ਚਾਹੀਦੀ ਹੈ,
ਕਸੂਰ ਵਾਲੇ ਨੂੰ,
ਉਸਨੂੰ ਨਹੀਂ
ਜੋ ਕਸੂਰ ਦਾ ਨਹੀਂ ਹੈ !
ਤਾਂਕਿ ਫਿਰ ਅਜਿਹਾ ਨਾ ਵਾਪਰੇ
ਕਿ “ਸ਼ਕਤੀਮਾਨ” ਦੇ ਭੁਲੇਖੇ ” ਗੰਗਾਧਰ” ਨੂੰ ਰੋਕ ਲਿਆ ਜਾਵੇ,
ਆਖਰ ਜਿਊਣ-ਮਰਣ ਦਾ ਸਵਾਲ ਹੈ?

ਸੁਰੱਖਿਆ ਵਿਚ ਕੁਤਾਹੀ,
ਬਿਲਕੁੱਲ ਬਕਦਾਸ਼ਤ ਨਹੀਂ,
ਉਹ ਚਾਹੇ ਇਕ ਦੀ ਹੋਵੇ ਜਾਂ 130 ਕਰੋੜ ਦੀ|
ਇਸ ਦੀ ਜਾਂਚ ਹੋਣੀ ਚਾਹੀਦੀ ਹੈ,
ਉਹ ਵੀ ਨਿਰਪੱਖ |

……..ਹਰਮੇਸ਼ ਜੱਸ਼ਲ

Previous articleਪੰਜਾਬ ਦੇ ਜੰਮਿਆਂ ਨੂੰ….!
Next articleStirling, Getkate to join Ireland team in Jamaica after testing negative for Covid-19