HOME ਉਠ ਜਾਗ ਪੰਜਾਬ ਸਿਆਂ, ਧਾੜਵੀ ਵਿੱਚ ਘਰਾਂ ਦੇ ਵੜ ਗਏ!

ਉਠ ਜਾਗ ਪੰਜਾਬ ਸਿਆਂ, ਧਾੜਵੀ ਵਿੱਚ ਘਰਾਂ ਦੇ ਵੜ ਗਏ!

ਬੁੱਧ ਸਿੰਘ ਨੀਲੋਂ
 (ਸਮਾਜ ਵੀਕਲੀ)  ਨਛੱਤਰ ਗਿੱਲ ਦਾ ਇਹ ਗੀਤ, ਉਠ ਜਾਗ ਪੰਜਾਬ ਸਿਆਂ ਧਾੜਵੀ ਆਣ ਘਰਾਂ ਵਿੱਚ ਵੜ ਗਏ। ਪੰਜਾਬ ਦੇ ਲੋਕਾਂ ਨੂੰ ਹਲੂਣਾ ਦੇਣ ਦੀ ਸਮਰੱਥ ਹੈ। ਕਿਉਂਕਿ ਹਾਕਮਾਂ ਨੇ ਪੰਜਾਬ ਦੇ ਲੋਕਾਂ ਨੂੰ ਧਰਨੇ ਲਗਾਉਂਦੇ ਰੱਖਣ ਲਈ ਕਦੇ ਕਿਤੇ ਕਦੇ ਕਿਤੇ ਮਸਲਾ ਖੜ੍ਹਾ ਕਰ ਲਿਆ ਜਾਂਦਾ ਹੈ। ਹੁਣ ਰੋਡਵੇਜ਼ ਦਾ ਨਿੱਜੀਕਰਨ ਦਾ ਮਸਲਾ ਖੜ੍ਹਾ ਕਰ ਦਿੱਤਾ ਹੈ। ਅਜੇ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦੇ ਅੰਦੋਲਨ ਦੀ ਜਿੱਤ ਦਾ ਚਾਅ ਮੱਠਾ ਨਹੀਂ ਸੀ ਹੋਇਆ, ਉਧਰ ਪੰਜਾਬ ਸਰਕਾਰ ਨੇ ਪੀਆਰਟੀਸੀ ਤੇ ਰੋਡਵੇਜ਼ ਦੇ ਮੁਲਾਜ਼ਮਾਂ ਦੇ ਉਪਰ ਹੱਲਾ ਬੋਲ ਦਿੱਤਾ ਹੈ। ਜਿਵੇਂ ਅੱਜ ਪੰਜਾਬ ਦੇ ਵੱਖ ਵੱਖ ਡੀਪੂਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਉਹ ਬਹੁਤ ਹੀ ਸਵਾਲ ਖੜ੍ਹੇ ਕਰਦੀਆਂ ਹਨ। ਸੰਗਰੂਰ, ਪਟਿਆਲਾ, ਫਰੀਦਕੋਟ, ਲੁਧਿਆਣਾ ਤੇ ਹੋਰ ਥਾਵਾਂ ਉੱਪਰ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਪੁਲਿਸ ਰਾਹੀਂ ਇਹਨਾਂ ਕਰਮਚਾਰੀਆਂ ਨੂੰ ਛੱਲੀਆਂ ਵਾਂਗ ਕੁੱਟਿਆ ਹੈ, ਉਹ ਬਹੁਤ ਹੀ ਚਿੰਤਾਜਨਕ ਹੈ। ਕੁੱਝ ਥਾਵਾਂ ਉੱਪਰ ਮੁਲਾਜ਼ਮ ਪੈਟਰੋਲ ਦੀਆਂ ਬੋਤਲਾਂ ਨਾਲ ਲੈਸ ਕੇ ਬੱਸਾਂ ਤੇ ਪਾਣੀ ਦੀਆਂ ਟੈਂਕੀਆਂ ਉਪਰ ਚੜ੍ਹ ਗਏ ਹਨ। ਉਹਨਾਂ ਵਲੋਂ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੰਗਰੂਰ ਵਿੱਚ ਤਾਂ ਇੱਕ ਪੁਲਿਸ ਅਧਿਕਾਰੀ ਦੇ ਕੱਪੜਿਆਂ ਨੂੰ ਅੱਗ ਵੀ ਲੱਗੀ ਹੈ। ਜਿਸ ਤਰ੍ਹਾਂ ਪੁਲਿਸ ਨੇ ਇਹਨਾਂ ਧਰਨਾਕਾਰੀਆਂ ਨੂੰ ਕੁੱਟਿਆ, ਉਹਨਾਂ ਦੀਆਂ ਦਸਤਾਰਾਂ ਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ। ਉਹ ਬਹੁਤ ਹੀ ਨਿੰਦਣਯੋਗ ਹੈ। ਇਸ ਦਾ ਸ਼੍ਰੀ ਆਕਾਲ ਸਾਹਿਬ ਜੀ ਦੇ ਜੱਥੇਦਾਰ ਜੀ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ। ਸੰਗਰੂਰ ਵਿੱਚ ਤਾਂ ਪੁਲਿਸ ਨੇ ਤਾਕਤ ਦੇ ਨਸ਼ੇ ਵਿੱਚ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ। ਉਥੇ ਉਹਨਾਂ ਦੇ ਕੈਮਰਿਆਂ ਦੀ ਭੰਨ ਤੋੜ ਕੀਤੀ। ਉਹਨਾਂ ਨਾਲ ਪੁਲਿਸ ਨੇ ਧੱਕਾਮੁੱਕੀ ਵੀ ਕੀਤੀ। ਉਥੇ ਜਦੋਂ ਪੱਤਰਕਾਰਾਂ ਨੇ ਧਰਨਾ ਲਗਾਇਆ ਤਾਂ ਪੁਲਿਸ ਅਧਿਕਾਰੀ ਉਹਨਾਂ ਦੀਆਂ ਮਿੰਨਤਾਂ ਕਰਦੀ ਦੇਖੀ ਗਈ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਖ਼ਿਲਾਫ਼ ਕਿਲੋਮੀਟਰ ਸਕੀਮ ਅਧੀਨ ਖੁੱਲਣ ਵਾਲੇ ਟੈਂਡਰ ਰੱਦ ਕਰਨ ਲਈ ਇਹ ਧਰਨਾ ਲਗਾਉਣ ਦੀ ਕਾਲ ਦਿੱਤੀ ਗਈ ਸੀ। ਇਹ ਖ਼ਬਰਾਂ ਆਈਆਂ ਹਨ ਕਿ ਇਸ ਧਰਨੇ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਮੁਲਜ਼ਮ ਜੱਥੇਬੰਦੀਆਂ ਦੇ ਆਗੂਆਂ ਦੀ ਰਾਤ ਨੂੰ ਹੀ ਫੜੋ ਫੜੀ ਸ਼ੁਰੂ ਕਰ ਦਿੱਤੀ ਗਈ ਸੀ। ਜਿਹੜੇ ਕਰਮਚਾਰੀਆਂ ਵਲੋਂ ਡੀਪੂਆਂ ਵਿੱਚ ਸ਼ਾਂਤਮਈ ਧਰਨਾ ਲਗਾਇਆ ਹੋਇਆ ਸੀ, ਉਹਨਾਂ ਉਪਰ ਪੁਲਿਸ ਨੇ ਅੰਨ੍ਹਾ ਤਸ਼ੱਦਦ ਕੀਤਾ। ਪਟਿਆਲਾ ਵਿੱਚ ਤਾਂ ਦੋ ਦਰਜਨ ਤੋਂ ਵੱਧ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਾਰੇ ਹੀ ਡੀਪੂਆਂ ਵਿੱਚ ਪੁਲਿਸ ਨੇ ਧਰਨਾਕਾਰੀਆਂ ਨੂੰ ਧੱਕੇਸ਼ਾਹੀ ਨਾਲ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ। ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਸੋਸ਼ਲ ਮੀਡੀਆ ਉਪਰ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਮੁਲਾਜ਼ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਲੋਮੀਟਰ ਸਕੀਮ ਤਹਿਤ ਦਿੱਲੀ ਦੇ ਧਾੜਵੀਆਂ ਨੂੰ ਰੋਡਵੇਜ਼ ਦੇਣਾ ਚਾਹੁੰਦੀ ਹੈ। ਜਿਸ ਨਾਲ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦਾ ਨਿੱਜੀਕਰਨ ਹੋ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਚਾਰ ਸਾਲ ਵਿੱਚ ਪੰਜਾਬ ਸਰਕਾਰ ਨੇ ਇੱਕ ਵੀ ਨਵੀਂ ਬੱਸ ਨਹੀਂ ਪਾਈ। ਨਾ ਹੀ ਵਰਕਸ਼ਾਪਾਂ ਦੇ ਲਈ ਕੋਈ ਸਮਾਨ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲ 1300 ਕਰੋੜ ਰੁਪਏ ਬਕਾਇਆ ਰਾਸ਼ੀ ਖੜ੍ਹੀ ਹੈ। ਪੰਜਾਬ ਸਰਕਾਰ ਇਸ ਮੁਨਾਫ਼ੇ ਵਾਲੇ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਲਈ ਇਹ ਕਿਲੋਮੀਟਰ ਸਕੀਮ ਲਿਆ ਰਹੀ ਹੈ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਹਰ ਸਾਲ ਪੰਜ ਸੌ ਬੱਸ ਕੰਡਮ ਹੋ ਰਹੀ ਹੈ। ਦੂਜੇ ਪਾਸੇ ਕੋਈ ਨਵੀਂ ਬੱਸ ਨਹੀਂ ਆਉਂਦੀ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ, ਠੇਕੇ ਤੇ ਮੁਲਾਜ਼ਮਾਂ ਵੱਲੋਂ ਇਹਨਾਂ ਨੂੰ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਇਹ ਕਿਲੋਮੀਟਰ ਸਕੀਮ ਸ਼ੁਰੂ ਹੋ ਗਈ ਤਾਂ ਇਸ ਦਾ ਮਤਲਬ ਨਿੱਜੀਕਰਨ। ਜਿਵੇਂ ਪਹਿਲਾਂ ਪੰਜਾਬ ਸਰਕਾਰ ਨੇ ਬਿਜਲੀ ਬੋਰਡ ਦਾ ਭੋਗ ਪਾਇਆ ਹੈ, ਹੁਣ ਉਹ ਰੋਡਵੇਜ਼ ਦਾ ਨਿੱਜੀਕਰਨ ਕਰ ਰਹੀ ਹੈ। ਜਿਸਨੂੰ ਮੁਲਾਜ਼ਮਾਂ ਵੱਲੋਂ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਮੁਲਾਜ਼ਮ ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਸਾਡੇ ਮਹਿਕਮੇ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਨੌਜਵਾਨ ਨੌਕਰੀਆਂ ਕਰ ਰਹੇ ਹਨ। ਜਿਹਨਾਂ ਵਿੱਚ ਐਮ.ਫਿਲ, ਬੀਟੈਕ, ਐਂਮਟਿੱਕ ਹਨ। ਪੰਜਾਬ ਸਰਕਾਰ ਜਿਸ ਤਰ੍ਹਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਪੱਬਾਂ ਭਾਰ ਹੋਈ ਹੈ। ਉਹ ਕੇਂਦਰ ਸਰਕਾਰ ਨਾਲੋਂ ਵੀ ਤੇਜ਼ ਰਫ਼ਤਾਰ ਨਾਲ ਲੱਗੀ ਹੋਈ ਹੈ। ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਂਨਟ ਦੇ ਮੈਂਬਰਾਂ ਦੀ ਗਿਣਤੀ ਘੱਟ ਕਰਨ ਤੇ ਸੈਨਟ ਚੋਣਾਂ ਨਾ ਕਰਵਾਉਣ ਦੀ ਸਕੀਮ ਜਿਸ ਤਰ੍ਹਾਂ ਵਿਦਿਆਰਥੀਆਂ ਨੇ ਪੰਜਾਬ ਦੇ ਲੋਕਾਂ ਨਾਲ ਰਲ਼ ਕੇ ਕੇਂਦਰ ਸਰਕਾਰ ਦੀਆਂ ਗੋਡਣੀਆਂ ਲਵਾਈਆਂ ਹਨ। ਹੁਣ ਪੰਜਾਬ ਦੀਆਂ ਕਿਸਾਨ ਮਜ਼ਦੂਰ, ਮੁਲਾਜ਼ਮ, ਵਪਾਰ ਤੇ ਇੰਡਸਟਰੀ ਦੀਆਂ ਜਥੇਬੰਦੀਆਂ ਨੂੰ ਇੱਕਮੁੱਠ ਹੋ ਕੇ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਮੁਲਾਜ਼ਮਾਂ ਦੇ ਨਾਲ ਹੋ ਰਹੇ ਧੱਕੇਸ਼ਾਹੀ ਵਿਰੁੱਧ ਸਾਂਝਾ ਸੰਘਰਸ਼ ਕਰਨਾ ਚਾਹੀਦਾ ਹੈ। ਕਿਉਂਕਿ ਮੌਜੂਦਾ ਸਰਕਾਰ ਜਿਸ ਤਰ੍ਹਾਂ ਪੰਜਾਬ ਨਾਲ ਧੱਕੇਸ਼ਾਹੀ ਕਰ ਰਹੀ ਹੈ, ਇਸ ਨੂੰ ਲੋਕ ਏਕਤਾ ਨਾਲ ਹੀ ਠੱਲਿਆ ਦਾ ਸਕਦਾ ਹੈ। ਉਠ ਜਾਗ ਪੰਜਾਬ ਸਿਆਂ ਧਾੜਵੀ ਆਣ ਘਰਾਂ ਵਿੱਚ ਵੜ ਗਏ। ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਭੁਲੇਖੇ ਧਾੜਵੀਆਂ ਨੂੰ ਘਰਾਂ ਵਿੱਚ ਬਹਾ ਲਿਆ ਹੈ। ਹੁਣ ਇਹਨਾਂ ਧਾੜਵੀਆਂ ਨੂੰ ਏਕਤਾ ਬਿਨਾਂ ਖੁਦੇੜਿਆ ਨਹੀਂ ਜਾ ਸਕਦਾ। ਪਹਿਲਾਂ ਸੁਣਿਆ ਕਰਦੇ ਸੀ ਕਿ ਪਿਸ਼ੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਤੇ ਹੁਣ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਵਾਲ਼ੀ ਗੱਲ ਹੋ ਗਈ ਹੈ। ਇਸ ਸਮੇਂ ਜਿਸ ਤਰ੍ਹਾਂ ਦੇ ਹਾਲਾਤ ਬਣਾਏ ਜਾ ਰਹੇ ਹਨ ਇਹ ਪੰਜਾਬ ਦੇ ਲੋਕਾਂ ਲਈ ਬਹੁਤ ਖ਼ਤਰਨਾਕ ਸਾਬਤ ਹੋਣਗੇ। ਧਾੜਵੀਆਂ ਨੇ ਪੰਜਾਬ ਨੂੰ ਧੁੱਖਦਾ ਰੱਖਣ ਲਈ ਕਦੇ ਕਿਤੇ ਕਦੇ ਕਿਤੇ ਅੱਗ ਲਾ ਕੇ, ਪੁਲਿਸ ਨੂੰ ਸਰਗਰਮ ਕਰ ਦਿੰਦੇ ਹਨ। ਹੁਣ ਸਾਰੀਆਂ ਸੁਚੇਤ ਤੇ ਅਗਾਂਹਵਧੂ ਜਥੇਬੰਦੀਆਂ ਨੂੰ ਇੱਕਮੁੱਠ ਹੋਣਾ ਚਾਹੀਦਾ ਹੈ, ਬਾਕੀ ਗੱਲਾਂ ਬਾਅਦ ਵਿੱਚ ਕਰ ਲਿਓ, ਹੁਣ ਗਿਲੇ ਸ਼ਿਕਵੇ ਸ਼ਿਕਾਇਤਾਂ ਛੱਡ ਕੇ ਧਾੜਵੀਆਂ ਦੀ ਮੰਜੀ ਠੋਕਣ ਦੀ ਲੋੜ ਹੈ। ਲੋਕ ਏਕਤਾ ਬਗ਼ੈਰ ਹੁਣ ਕੋਈ ਵੀ ਸੰਘਰਸ਼ ਲੜਨਾ ਔਖਾ ਹੈ। ਸੋ ਪੰਜਾਬੀਓ ਉਠੋ,ਜਾਗੋ ਤੇ ਇੱਕਮੁੱਠ ਹੋ ਕੇ ਆਪਣੇ ਸੰਘਰਸ਼ਮਈ ਜੀਵਨ ਨੂੰ ਅੱਗੇ ਵਧਾਉਣ ਦੀ ਲੋੜ ਹੈ।
ਜੈ ਜਨਤਾ, ਜੈ ਸੰਘਰਸ਼, ਜਿੱਤ ਲੋਕਾਂ ਦੀ!
ਬੁੱਧ ਸਿੰਘ ਨੀਲੋਂ 
9464370823
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous article* ” ਅੰਨ੍ਹੀ ਅਨ੍ਹੇਰੀ ” *
Next articleSUNDAY SAMAJ WEEKLY = 30/11/2025