(ਸਮਾਜ ਵੀਕਲੀ) ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਭੀੜ ਜੁੜੀ ਹੋਈ ਸੀ। ਅਜੇ ਰੇਲ ਦੇ ਆਉਣ ਵਿੱਚ ਕੁਝ ਸਮਾਂ ਰਹਿੰਦਾ ਸੀ। ਸਰਜੂ ਰੇਲ ਦੇ ਡੱਬਿਆਂ ਦੇ ਨਾਲ਼ ਨਾਲ਼ ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਰੁਮਾਲ , ਜੁਰਾਬਾਂ ਅਤੇ ਪੇਪਰ ਸੋਪ ਵਗ਼ੈਰਾ ਆਵਾਜ਼ ਦੇ ਕੇ ਵੇਚ ਰਿਹਾ ਸੀ। ਇਹ ਵੱਡਾ ਰੇਲਵੇ ਜੰਕਸ਼ਨ ਹੋਣ ਕਰਕੇ ਅਲਗ ਅਲਗ ਪਲੇਟਫਾਰਮਾਂ ਤੇ ਤਿੰਨ ਚਾਰ ਰੇਲ ਗੱਡੀਆਂ ਹਰ ਸਮੇਂ ਖੜ੍ਹੀਆਂ ਰਹਿੰਦੀਆਂ । ਚਾਹ ਵਾਲੀਆਂ ਰੇਹੜੀਆਂ ਅਤੇ ਸਟਾਲ ਹਰ ਪਲੇਟ ਫਾਰਮ ਤੇ ਬਹੁਤ ਗਿਣਤੀ ਵਿੱਚ ਹੋਣ ਕਰਕੇ ਸੈਂਕੜੇ ਵੈਂਡਰ ਕੰਮ ਕਰਦੇ ਰਹਿੰਦੇ । ਜਿਸ ਪਲੇਟਫਾਰਮ ਤੇ ਰੇਲ ਆਓਣੀ ਹੁੰਦੀ ਏ ਓਥੇ ਵੱਧ ਰੌਣਕ ਹੁੰਦੀ। ਵੈਂਡਰਾਂ ਦੀ ਚਾਹ ਲਈ ” ਚਾਏ ਚਾਏ” ਅਤੇ ” ਪੂਰੀ ਗਰਮ ਏ ” ਦੀਆਂ ਰਲੀਆਂ -ਮਿਲੀਆਂ ਆਵਾਜ਼ਾਂ ਦਾ ਰੌਲ਼ਾ – ਰੱਪਾ ਰੌਣਕ ਵਿੱਚ ਬਦਲ ਜਾਂਦਾ ।
ਏਹੀ ਮਾਹੌਲ ਸਰਜੂ ਨੂੰ ਚੰਗਾ ਲਗਦਾ । ਸਰਜੂ , ਜਿਸ ਨੂੰ ਅੱਖਾਂ ਤੋਂ ਦਿਸਦਾ ਨਹੀਂ । ਉਸਦੀ ਜ਼ਿੰਦਗੀ ਵਿੱਚ ਭਾਂਵੇਂ ਹਨ੍ਹੇਰਾ ਹੈ ਪਰ ਉਸਦੇ ਅੰਦਰਲੀ ਰੌਸ਼ਨੀ ਨਾਲ਼ ਇੱਕ ਸਦੀਵੀ ਲੋਅ ਜਗਦੀ ਰਹਿੰਦੀ ਹੈ ਜਿਹੜੀ ਕਦੇ ਭੁਝਦੀ ਨਹੀਂ। ਬਚਪਨ ਵਿੱਚ ਉਸਦੀ ਨਿਗ੍ਹਾ ਚਲੀ ਗਈ ਸੀ । ਓਹ ਯੂ ਪੀ ਦੇ ਇੱਕ ਪਿੰਡ ‘ ਚੋਂ ਕਿਸੇ ਨਾਲ਼ ਇਧਰ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਆ ਗਿਆ ਤੇ ਉਦੋਂ ਤੋਂ ਹੀ ਰੇਲਵੇ ਸਟੇਸ਼ਨ ਤੇ ਕੰਮ ਕਰਨ ਲੱਗ ਪਿਆ। ਓਹ ਇੱਕ ਹੱਥ ਵਿੱਚ ਲਾਲ ਤੇ ਚਿੱਟੇ ਰੰਗ ਵਾਲੀ ਸੋਟੀ ਫੜ੍ਹ ਕੇ ਦੂਸਰੇ ਹੱਥ ਵਿੱਚ ਰੁਮਾਲ, ਜੁਰਾਬਾਂ ਅਤੇ ਪੇਪਰ ਸੋਪ ਦੀਆਂ ਛੋਟੀਆਂ ਚੀਜ਼ਾਂ ਫਿਰ ਤੁਰ ਕੇ ਵੇਚਦਾ । ਰੇਲ ਦੇ ਡੱਬਿਆਂ ਦੇ ਨਾਲ ਨਾਲ ਜਾਂ ਕਦੇ ਡੱਬੇ ਵਿੱਚ ਚੜ੍ਹ ਕੇ ਵੇਚਦਾ । ਹਰ ਰੋਜ਼ ਜਾਣ ਵਾਲ਼ੇ ਮੁਸਾਫ਼ਿਰ ਉਸ ਕੋਲ਼ੋਂ ਜਰੂਰ ਕੁਛ ਨਾ ਕੁਛ ਖਰੀਦ ਲੈਂਦੇ । ਇਹ ਉਸਦਾ ਸਵੈਮਾਣ ਐ ਕਿ ਓਹ ਮੰਗਣਾਂ ਨਹੀਂ ਚਾਹੁੰਦਾ। ਇਹ ਉਸਦੀ ਜ਼ਿੰਦਗੀ ਦਾ ਮੰਤਰ ਐ ਕਿ ਮਿਹਨਤ ਕਰਕੇ ਖਾਣਾ। ਓਹ ਕਿਰਤ ਕਰ ਕੇ ਖਾਣ ਵਿੱਚ ਵਿਸ਼ਵਾਸ ਕਰਦਾ ਐ। ਓਹ ਇੱਕ ਮਜ਼ਬੂਤ ਦਿਲ ਵਾਲ਼ਾ ਅਣਖੀ ਬੰਦਾ ਐ ਜਿਹੜਾ ਆਪਣੀ ਅੰਗਹੀਣਤਾ ਨੂੰ ਅੰਦਰੋਂ ਸਵੀਕਾਰ ਨਹੀਂ ਕਰਦਾ ਅਤੇ ਕੰਮ ਕਰਕੇ ਖਾਣਾ ਚੰਗਾ ਸਮਝਦਾ ਐ । ਗਣੇਸ਼ , ਕਪਿਲ, ਅਨਿਲ, ਵਿਸ਼ਨੂੰ ਤੇ ਸੁਰਿੰਦਰ ਕਿੰਨੇ ਵੈਂਡਰਾਂ ਦੇ ਨਾਮ ਓਹ ਜਾਣਦਾ ਤੇ ਸਾਰੇ ਵੈਂਡਰ ਉਸਨੂੰ ਵੀ ਜਾਣਦੇ ਹਨ । ਓਹ ਚਾਹ ਦੀ ਜਾਂ ਪੂਰੀਆਂ ਦੀ ਖ਼ੁਸ਼ਬੂ ਪਹਿਚਾਣ ਕੇ ਰੇਹੜੀ ਦੀ ਪਹਿਚਾਣ ਕਰ ਲੈਂਦਾ ਕਿ ਇਹ ਕਿਸ ਦੀ ਰੇਹੜੀ ਐ । ਸਰਜੂ ਆਪਣੇ ਕੋਲ਼ ਇੱਕ ਸਿਰ ਦਰਦ ਦੀਆਂ ਗੋਲੀਆਂ ਦਾ ਪੱਤਾ ਵੀ ਰੱਖਦਾ ਜੋ ਕਦੇ ਲੋੜ ਪੈਣ ਤੇ ਵਰਤ ਲੈਂਦਾ ਤੇ ਕਈ ਵੈਂਡਰ ਵੀ ਉਸ ਕੋਲ਼ੋਂ ਸਿਰ ਦਰਦ ਦੀ ਗੋਲ਼ੀ ਲੈ ਲੈਂਦੇ । ਕਪਿਲ ਉਸ ਨੂੰ ਮਜ਼ਾਕ ਨਾਲ਼ ਡਾਕਟਰ ਕਹਿ ਕੇ ਬੁਲਾਉਣ ਲੱਗ ਪਿਆ । ਫਿਰ ਉਸਦੀ ਰੀਸ ਨਾਲ਼ ਸਾਰੇ ਉਸ ਨੂੰ ਸਰਜੂ ਦੀ ਬਜਾਏ ਡਾਕਟਰ ਹੀ ਕਹਿਣ ਲਗ ਪਏ । ਯਾਤਰੀਆਂ ਦੀਆਂ ਗੱਲਾਂ ਬਾਤਾਂ ਦੀ ਭਿਣਕ , ਰੇਲ ਦਾ ਪਟੜੀ ਤੇ ਚੱਲਣ ਦੀ ਲੈਅ ਬਧ ਆਵਾਜ਼ ਉਸਦੀ ਜ਼ਿੰਦਗੀ ਵਿੱਚ ਤਾਲ – ਮੇਲ ਬਣਾ ਕੇ ਅਨੰਦਮਈ ਬਣਾ ਦਿੰਦੀਆਂ । ਓਸਨੂੰ ਚਾਹ ਪੂਰੀਆਂ ਦੀ ਖ਼ੁਸ਼ਬੂ ਅਤੇ ਗਹਿਮਾ ਗਹਿਮੀ ਵਾਲ਼ਾ ਮਾਹੌਲ ਚੰਗਾ ਲਗਦਾ ਸੀ ਤੇ ਇਸ ਮਾਹੌਲ ਵਿੱਚੋਂ ਓਹ ਨਿਕਲਣਾ ਨਹੀਂ ਸੀ ਚਾਹੁੰਦਾ ।
ਇੱਕ ਵਾਰ ਰਾਤ ਨੂੰ ਅਨ੍ਹੇਰੀ ਆਈ ਜਿਸ ਕਰਕੇ ਰੇਲ ਗੱਡੀਆਂ ਲੇਟ ਹੋ ਗਈਆਂ ਪਲੇਟਫਾਰਮਾਂ ਤੇ ਯਾਤਰੀਆਂ ਦੀ ਭੀੜ ਜੁੜ ਗਈ । ਇੱਕ ਲੰਬੇ ਪਲੇਟਫਾਰਮ ਤੇ ਜਿੱਥੇ ਕੋਈ ਰੇਹੜੀ ਜਾਂ ਸਟਾਲ ਨਹੀਂ ਸੀ ਦੋ ਰੇਲਵੇ ਪੁਲਿਸ ਵਾਲ਼ੇ ਕਿਸੇ ਨੂੰ ਕੁੱਟ ਰਹੇ ਸਨ। ਰੌਲ਼ਾ ਅਤੇ ਚੀਕਾਂ ਸੁਣ ਕੇ ਯਾਤਰੀ ਤੇ ਵੈਂਡਰ ਓਧਰ ਨੂੰ ਜਾਣ ਲੱਗ ਪਏ , ਸ਼ਾਇਦ ਕੋਈ ਜੇਬਕਤਰਾ ਫੜ੍ਹ ਲਿਆ ਹੋਵੇ ….ਪਰ ਨਹੀਂ , ਇਹ ਤਾਂ ਸਰਜੂ ਨੂੰ ਕੁੱਟ ਰਹੇ ਸਨ । ਉਸ ਆਈ ਹੋਈ ਅਨ੍ਹੇਰੀ ਨੇ ਉਸਦੀ ਜ਼ਿੰਦਗੀ ਵਿਚ ਹਫ਼ੜਾ- ਦਫੜੀ ਪੈਦਾ ਕਰ ਦਿੱਤੀ । ਰੇਲਵੇ ਪੁਲਿਸ ਵਾਲ਼ੇ ਉਸਨੂੰ ਚੰਗਾ ਨਹੀਂ ਸਮਝਦੇ ਸਨ ਜਿਵੇਂ ਓਹ ਪਾਕਿਸਤਾਨ ਦਾ ਜਾਸੂਸ ਹੋਵੇ ।
” ਤੈਂਨੂੰ ਕਿੰਨੀਂ ਵਾਰ ਕਿਹੈ, ਏਥੇ ਨਾ ਆਇਆ ਕਰ …. ਤੂੰ ਫੇਰ ਨਹੀਂ ਹਟਿਆ ” ਪੁਲਿਸ ਵਾਲਾ ਕੜਕਿਆ।
” ਬਾਬੂ ਜੀ … ਮੈਂ ਏਥੇ ਕੋਈ ਗ਼ਲਤ ਕੰਮ ਨਹੀਂ ਕਰਤਾ , ਭੀਖ ਨਹੀਂ ਮੰਗਤਾ , ਮਿਹਨਤ ਕਰਕੇ ਜੀ ਤਾਂ ਖਾਂਦਾ ਹਾਂ ਜੀ !” ਸਰਜੂ ਰਲੀ- ਮਿਲੀ ਬੋਲੀ ਵਿੱਚ ਅੜ ਕੇ ਬੋਲਿਆ ਤੇ ਹੱਥ ਨਹੀਂ ਜੋੜੇ । ਓਹ ਖੱਬੇ ਸੱਜੇ ਸਿਰ ਹਿਲਾ ਕੇ ਅੰਦਰ ਦੀ ਸ਼ਕਤੀ ਨਾਲ਼ ਲੋਕਾਂ ਦੀਆਂ ਆਵਾਜ਼ਾਂ ਦੀ ਸੂਹ ਲੈਣ ਲੱਗਿਆ ।
” ਚਲੋ ਛੱਡੋ ਸਰ, ਇਸਨੂੰ ਸਮਝਾ ਦਿੰਨੇ ਐਂ, ਗ਼ਰੀਬ ਅਪਾਹਜ ਐ … ਕੁੱਟਣ ਦਾ ਕੀ ਫ਼ਾਇਦਾ “
ਵੈਂਡਰ ਕਪਿਲ ਨੇ ਪੁਲਿਸ ਵਾਲ਼ੇ ਨੂੰ ਮਿੰਨਤ ਕੀਤੀ, ਹੋਰ ਯਾਤਰੀ ਵੀ ਤਰਸ ਕਰਨ ਲਈ ਕਹਿਣ ਲੱਗੇ । ” ਠੀਕ ਐ, ਹੁਣ ਇਸ ਤੋਂ ਬਾਅਦ ਤੂੰ ਏਥੇ ਦਿਸਣਾ ਨਹੀਂ ਚਾਹੀਦਾ ” ਪੁਲਿਸ ਵਾਲ਼ੇ ਨੇ ਡੰਡਾ ਉਤਾਂਹ ਚੁੱਕਿਆ ਜਿਹੜਾ ਸਰਜੂ ਨੂੰ ਦਿਸਿਆ ਨਹੀਂ ।
” ਬਾਬੂ ਜੀ, ਤੁਸੀਂ ਮੈਂਨੂੰ ਦੇਖੋਗੇ ਤਾਂ ਦਿਸੂੰਗਾ ,… ਤੁਸੀਂ ਮੇਰੇ ਵੱਲ ਨਾ ਦੇਖਣਾ… ਫਿਰ ਮੈਂ ਤੁਹਾਨੂੰ ਨਹੀਂ ਦਿਖੂੰਗਾ …”
” ਕੀ ਮਤਲਬ ਤੇਰਾ , ਓਏ “
” ਦੇਖੋ ਜੀ ਤੁਮ…” ਸਰਜੂ ਨੇ ਲੋਕਾਂ ਦੀ ਕਨਸੋਅ ਲੈਣ ਲਈ ਏਧਰ ਓਧਰ ਸਿਰ ਘੁਮਾ ਕੇ ਕਿਹਾ ।
ਓਥੇ ਸੁਣਨ ਵਾਲ਼ੇ ਕੁਛ ਯਾਤਰੀ ਹੱਸ ਪਏ ।
ਤਾਂ ਪੁਲਿਸ ਵਾਲ਼ੇ ਖਿੱਝ ਗਏ ਤੇ ਛੱਡ ਕੇ ਤੁਰ ਗਏ ।
ਪੁਲਿਸ ਵਾਲਿਆਂ ਦੀ ਡਿਊਟੀ ਸੀ ਕੋਈ ਮਜਬੂਰੀ ਸੀ ਜਾਂ ਕੋਈ ਹੋਰ ਕਾਰਨ ਪਰ ਓਹਨਾਂ ਦਾ ਨਿਰਦਈ ਲਹਿਜਾ ਕਿਸੇ ਨੂੰ ਚੰਗਾ ਨਹੀਂ ਲੱਗਿਆ।
ਤਿੰਨ ਦਿਨ ਲੰਘ ਗਏ ਸਰਜੂ ਨੂੰ ਕਿਸੇ ਨੇ ਸਟੇਸ਼ਨ ਤੇ ਨਹੀਂ ਦੇਖਿਆ । ਓਹ ਪੁਲਿਸ ਦੀ ਕੁੱਟ ਨਾਲ਼ ਦੁਖੀ ਹੋਇਆ ਤਿੰਨ ਦਿਨ ਆਪਣੇ ਕਮਰੇ ਵਿੱਚ ਪਿਆ ਰਿਹਾ। ਨਾ ਕੁਛ ਖਾਧਾ ਨਾ ਪੀਤਾ । ਉਸਦਾ ਸਰੀਰ ਦੁਖਦਾ ਸੀ ਪਰ ਰੂਹ ਤਕੜੀ ਸੀ । ਸਰਜੂ ਸਟੇਸ਼ਨ ਦੇ ਨੇੜੇ ਦੀ ਬਸਤੀ ਵਿੱਚ ਛੋਟੇ ਜਿਹੇ ਕਮਰੇ ਵਿੱਚ ਕਿਰਾਏ ਤੇ ਰਹਿੰਦਾ ਸੀ। ਬਹੁਤ ਸਾਰੇ ਵੈਂਡਰ ਵੀ ਏਧਰ ਹੀ ਰਹਿੰਦੇ ਸਨ ।
ਕਪਿਲ ਸਰਜੂ ਨੂੰ ਯਾਦ ਕਰਕੇ ਸੋਚਦਾ ਕਿ ਓਹ ਹਰ ਰੋਜ਼ ਓਸਨੂੰ ਚਾਹ ਪਿਲਾਉਂਦਾ ਸੀ । ਓਹ ਭਾਂਵੇਂ ਉਸ ਤੋਂ ਪੈਸੇ ਨਹੀਂ ਸੀ ਲੈਂਦਾ ਪਰ ਸਰਜੂ ਨੂੰ ਚਾਹ ਪਿਆ ਕੇ ਸਾਰਾ ਦਿਨ ਕੰਮ ਵਿੱਚ ਵਾਧੇ ਦੀ ਤਸੱਲੀ ਮੰਨ ਲੈਂਦਾ ਸੀ ।
ਵੈਂਡਰ ਕਪਿਲ ਦਾ ਇਕ ਵੱਡਾ ਭਰਾ ਵੀ ਅੱਖਾਂ ਤੋਂ ਅਪਾਹਜ ਸੀ । ਬਚਪਨ ਵਿੱਚ ਇਕ ਦੁਰਘਟਨਾ ਵਿੱਚ ਉਸਦੀ ਨਿਗ੍ਹਾ ਚਲੀ ਗਈ ਸੀ। ਸ਼ਾਇਦ ਇਸੇ ਕਰਕੇ ਕਪਿਲ ਦੀ ਦਿਲਚਸਪੀ ਸਰਜੂ ਦੀ ਸ਼ਖਸੀਅਤ ਵਿੱਚ ਸ਼ਾਮਲ ਸੀ। ਕਪਿਲ ਦਾ ਇਹ ਭਰਾ ਸੂਰਦਾਸਾਂ ਵਾਲ਼ੀ ਪੜ੍ਹਾਈ ਪੜ੍ਹਿਆ ਤੇ ਸਿੱਖਿਆ ਹੋਇਆ ਸੀ । ਓਹ ਸ਼ਹਿਰ ਦੇ ਇੱਕ ਕਾਲਜ ਵਿੱਚ ਨੌਕਰੀ ਕਰਦਾ ਸੀ। ਦਫ਼ਤਰ ਵਿੱਚ ਉਸਨੂੰ ਵਿਜੇ ਸਿੰਘ ਕਹਿੰਦੇ ਪਰ ਜਦੋਂ ਓਹ ਰੇਲਵੇ ਸਟੇਸ਼ਨ ਤੇ ਛੋਟੇ ਭਰਾ ਕਪਿਲ ਨੂੰ ਮਿਲਣ ਆਉਂਦਾ ਤਾਂ ਸਟੇਸ਼ਨ ਵਾਲੇ ਵੈਂਡਰ ਉਸਨੂੰ ਸਿੰਘ ਸਾਹਿਬ ਕਹਿ ਕੇ ਬੁਲਾਉਂਦੇ, ਭਾਵੇਂ ਉਹ ਸਿੱਖ ਨਹੀਂ ਸੀ । ਓਹ ਵੀ ਸਰਜੂ ਨੂੰ ਜਾਣਦਾ ਸੀ ।
ਅੱਜ ਵਿਜੇ ਨੇ ਆਓਣ ਸਾਰ ਸਰਜੂ ਬਾਰੇ ਪੁੱਛਿਆ ਤਾਂ ਪਿੱਛੋਂ ਆਵਾਜ਼ ਆਈ ….” ਨਮਸਤੇ ਬਾਊ ਜੀ, ਦੇਖੋ ਤੁਮ… ਮੈਂਨੂੰ ਤੁਸੀਂ ਯਾਦ ਕੀਤਾ ਤੇ ਮੈਂ ਆ ਗਿਆ ” ਸਰਜੂ ਤਿੰਨ ਦਿਨਾਂ ਬਾਅਦ ਅਚਾਨਕ ਆ ਕੇ ਖੜ੍ਹ ਗਿਆ ।
” ਮੈਂਨੂੰ ਕਪਿਲ ਬਾਊ ਜੀ ਕੇ ਸਟਾਲ ਕੀ ਖ਼ੁਸ਼ਬੂ ਆ ਗਈ ਸੀ ” ਸਰਜੂ ਨੇ ਜਿਵੇਂ ਆਪਣੀ ਗੰਧ ਸ਼ਕਤੀ ਬਾਰੇ ਦੱਸਿਆ।
ਕਪਿਲ ਨੇ ਦੋਹਾਂ ਲਈ ਚਾਹ ਬਣਾਈ । ਸਰਜੂ ਨੂੰ ਚਾਹ ਨਾਲ ਇੱਕ ਬ੍ਰੈੱਡ ਪਕੌੜਾ ਦਿੱਤਾ। ਸਰਜੂ ਜਦੋਂ ਇੱਕ ਪਕੌੜਾ ਖਾਅ ਹਟਿਆ ਤਾਂ ਕਪਿਲ ਨੇ ਇੱਕ ਹੋਰ ਦੇ ਦਿੱਤਾ। ਦੂਸਰਾ ਪਕੌੜਾ ਫੜਦਿਆਂ ਸਰਜੂ ਨੇ ਕਿਹਾ… ” ਦੇਖੋ ਤੁਮ…. ਮੈਂਨੂੰ ਬੜੀ ਭੁੱਖ ਲੱਗੀ ਹੋਈ ਸੀ ਤਾਂ ਹੀ ਤੁਸੀਂ ਦੋ ਪਕੌੜੇ ਦਿੱਤੇ ,… ਮੈਂ ਤਿੰਨ ਦਿਨ ਤੋਂ ਕੁਛ ਨਹੀਂ ਖਾਇਆ ਸੀ , ਪੈਸੇ ਈ ਨਹੀਂ ਸੀ , ਕਹਾਂ ਸੇ ਖਾਂਦਾ ?… ਦੇਖੋ ਤੁਮ , ਉਸ ਦਿਨ ਪੁਲਿਸ ਵਾਲ਼ੇ ਨੇ ਮੈਥੋਂ ਪਾਂਚ ਸੌ ਰੁਪੈ ਵੀ ਛੀਂਨ ਲੀਏ ਓਅਰ ਮਾਰ ਵੀ ਦਿੱਤਾ… ਮੈਂ ਕਿੱਥੋਂ ਖਾਂਦਾ ? ..ਦੇਖੋ ਤੁਮ “
” ਦੇਖੋ ਤੁਮ ” ਉਸਦਾ ਤਕੀਆ ਕਲਾਮ ਤਾਂ ਨਹੀਂ ਸੀ ਪਰ ਆਪਣੀ ਗੱਲ ਨੂੰ ਸਮਝਾਉਣ ਤੇ ਜੋਰ ਦੇਣ ਲਈ ਇਹ ਸ਼ਬਦ ਵਰਤਦਾ ਸੀ।
” ਓ ਹੋ, ਤੂੰ ਸਾਨੂੰ ਦੱਸਿਆ ਕਿਓਂ ਨ੍ਹੀ , ਤਿੰਨ ਦਿਨ ਭੁੱਖਾ ਰਿਹਾ । ਸਰਜੂ ਦੀ ਗੱਲ ਸੁਣ ਕੇ ਕਪਿਲ ਤੇ ਵਿਜੇ ਦਾ ਮਨ ਭਰ ਆਇਆ। ਰੋਣ ਕਪਿਲ ਦੇ ਗਲੇ ਵਿਚ ਅੜ ਗਿਆ।
” ਦੇਖ ਭਰਾ , ਤੂੰ ਪੜ੍ਹ ਕੇ ਸਿਖਲਾਈ ਲੈ ਲਾ, ਫੇਰ ਮੈਂ ਤੈਨੂੰ ਆਪਣੀ ਤਰ੍ਹਾਂ ਨੌਕਰੀ ਤੇ ਲਗਵਾ ਦੇਉਂਗਾ।
ਵਿਜੇ ਨੇ ਪ੍ਰੇਰਣਾ ਦਿੰਦੇ ਹੋਏ ਆਪਣਾ ਸੁਝਾਅ ਦਿੱਤਾ।
” ਬਾਬੂ ਜੀ, ਤੁਹਾਡੀ ਗੱਲ ਠੀਕ ਹੈਗੀ,ਪਰ ਮੈਂ ਪੜ੍ਹਾਈ ਕਰੂੰਗਾ , ਸਿਖਲਾਈ ਕਰੂੰਗਾ ਫਿਰ ਖਾਊਂਗਾ ਕਿੱਥੋਂ…ਦੇਖੋ ਤੁਮ ,… ਔਰ ਮੈਂ ਨੌਕਰੀ ਭੀ ਨਹੀਂ ਕਰ ਸਕਤਾ… ਆਪਣੇ ਆਪ ਆਪਣੇ ਹੱਥੋਂ ਸੇ ਕਮਾਉਂਗਾ ,… “
” ਠੀਕ ਹੈ ਭਾਈ ਸਰਜੂ , ਤੇਰੀ ਮਰਜ਼ੀ ਜੋ ਤੈਨੂੰ ਅੱਛਾ ਲੱਗੇ ਓਹੀ ਕਰ ” ਵਿਜੇ ਨੇ ਆਪਣਾ ਸੁਝਾਅ ਛੱਡ ਦਿੱਤਾ।
ਖਾ ਪੀ ਕੇ ਓਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਸਰਜੂ ਆਪਣੇ ਛੋਟੇ ਜਿਹੇ ਬੈਗ ਵਿਚੋਂ ਰੁਮਾਲ,ਪੇਪਰ ਸੋਪ ਵਗ਼ੈਰਾ ਕੱਢ ਕੇ ਤਿਆਰੀ ਕਰਨ ਲੱਗ ਪਿਆ। ਵਿਜੇ ਸਿੰਘ ਵੀ ਜਾਣ ਲਈ ਤਿਆਰ ਹੋ ਗਿਆ ਸੀ ਤੇ ਓਹ ਵੀ ਚਲਾ ਗਿਆ।
ਸਰਜੂ ਪਲੇਟ ਫਾਰਮ ਤੇ ਤੁਰਿਆ ਜਾਂਦਾ ਰੇਲ ਦੇ ਡੱਬਿਆਂ ਨੇੜੇ ਜਾਣ ਲੱਗਿਆ ਤਾਂ ਰੇਲਵੇ ਪੁਲਿਸ ਵਾਲ਼ੇ ਨੇ ਦੇਖ ਲਿਆ।
” ਤੈਂਨੂੰ ਕੀ ਕਿਹਾ ਸੀ ਓਏ, ਨਹੀਂ ਸਮਝਿਆ !” ਪੁਲਿਸ ਵਾਲ਼ੇ ਦੀ ਆਵਾਜ਼ ਸੁਣ ਕੇ ਸਰਜੂ ਨੇ ਖੜ੍ਹ ਕੇ, ਓਧਰ ਨੂੰ ਮੂੰਹ ਘੁਮਾ ਕੇ ਬਿੜਕ ਲਈ ਤੇ ਹੌਲ਼ੀ ਜਿਹੇ ਮੂੰਹ ਚੋਂ ਇਹ ਸ਼ਬਦ ਕੱਢੇ ” ਧਰਮ ਭ੍ਰਿਸ਼ਟ ਹੋ ਗਿਆ ਇਨ ਕਾ , ਅਬ ਰਿਸ਼ਵਤ ਮੰਗ ਲੇਂਗੇ …ਕਹਾਂ ਸੇ ਦੇ ਦੂੰਗਾ ਮੈਂ ” ਪਰ ਪੁਲਿਸ ਵਾਲ਼ਿਆਂ ਨੂੰ ਸੁਣਿਆ ਨਹੀਂ ।
” ਦੇਖੋ ਤੁਮ , ਮੈਂ ਹੋਰ ਕਹਾਂ ਜਾਊਂ ਬਾਬੂ ਜੀ “
” ਚੱਲ ਮੁੜ ਪਿੱਛੇ” ਪੁਲਿਸ ਵਾਲ਼ੇ ਨੇ ਸਖ਼ਤੀ ਨਾਲ ਹਦਾਇਤ ਕੀਤੀ।
ਸਰਜੂ ਪਿੱਛੇ ਮੁੜ ਪਿਆ। ਓਹ ਹੌਲ਼ੀ ਹੌਲ਼ੀ ਤੁਰਿਆ ਜਾਂਦਾ ਕਪਿਲ ਦੇ ਸਟਾਲ ਕੋਲ਼ ਜਾ ਕੇ ਪਲੇਟਫਾਰਮ ਦੀ ਫ਼ਰਸ਼ ਤੇ ਚੌਕੜੀ ਮਾਰ ਕੇ ਬੈਠ ਗਿਆ।
” ਤੈਂਨੂੰ ਅੰਦਰ ਕਰ ਦਿਆਂਗੇ, ਚਲ ਉੱਠ”
ਪੁਲਿਸ ਵਾਲਾ ਆਪਣੀ ਥਾਂ ਤੇ ਅੜਿਆ ਹੋਇਆ ਸੀ।
” ਕਰ ਦਿਓ ਫ਼ੇਰ ਅੰਦਰ … ਮੈਂ ਦੋ ਰੋਟੀਆਂ ਖਾਣੀਆਂ ਹੁੰਦੀਆਂ, ਦੇਖੋ ਤੁਮ… ਅੰਦਰ ਜਾ ਕੇ ਖਾ ਲੂੰਗਾ ” … ਮੈਂ ਏਥੇ ਕਿਸੇ ਨੂੰ ਦੁੱਖ ਨਹੀਂ ਦਿੰਦਾ … ਕੋਈ ਮੇਰੇ ਤੋਂ ਦੁਖੀ ਨਹੀਂ , … ਮੈਂ ਕਿਸੇ ਤੋਂ ਭੀਖ ਨਹੀਂ ਮੰਗੱਤਾ… ਤੁਸੀਂ ਮੈਨੂੰ ਮਿਹਨਤ ਕਰ ਕੇ ਖਾਣ ਨਹੀਂ ਦਿੰਦੇ .. ਇੰਨਾਂ ਕਹਿ ਕੇ ਉਸਨੇ ਬੈਠੇ ਬੈਠੇ ਆਪਣੀ ਸੋਟੀ ਪਲੇਟਫਾਰਮ ਦੀ ਫ਼ਰਸ਼ ਤੇ ਮਾਰ ਦਿੱਤੀ ਤੇ ਕਿਹਾ – ” ਮੈਂ ਏਥੇ ਹੀ ਰਹੂੰਗਾ , ਦੇਖੋ ਤੁਮ”
ਸਰਜੂ ਨੇ ਆਪਣੀ ਸੋਟੀ ਪਲੇਟਫਾਰਮ ਦੀ ਫ਼ਰਸ਼ ਤੇ ਫੇਰ ਮਾਰ ਦਿੱਤੀ ਜਿਵੇਂ ਉਸ ਨੇ ਪੁਲਿਸ ਵਾਲ਼ੇ ਦੇ ਸਿਰ ਚ ਮਾਰੀ ਹੋਵੇ ।
ਇਸ ਰੌਲੇ ਰੱਪੇ ਵਿੱਚ ਸਟੇਸ਼ਨ ਦੇ ਵੈਂਡਰ ਤੇ ਹੋਰ ਯਾਤਰੀ ਵੀ ਇਕੱਠੇ ਹੋ ਗਏ। ਪੁਲਿਸ ਵਾਲ਼ਾ ਚੁੱਪ ਕਰਕੇ ਕਦੇ ਸਰਜੂ ਦੇ ਮੂੰਹ ਵੱਲ ਕਦੇ ਲੋਕਾਂ ਵੱਲ ਦੇਖਣ ਲੱਗ ਪਿਆ ।
” ਕੌਲੀ ਬਜਾਨੇ ਸੇ ਊਂਟ ਨਹੀਂ ਭਾਗਤਾ , ਦੇਖੋ ਤੁਮ… ਕਹਿਤੇ ਹੈਂ ਅੰਦਰ ਕਰ ਦੇਂਗੇ,.. ਭਾਈ ਸੂਰਦਾਸ ਕੋ ਮਾਰਨਾ ਔਰ ਅੰਦਰ ਕਰਨਾ ਕਹਾਂ ਕਾ ਕਾਨੂੰਨ ਹੈ… ਦੇਖੋ ! ” ਓਹ ਬੋਲੀ ਗਿਆ।
ਪੁਲਿਸ ਵਾਲ਼ੇ ਨੇ ਸਰਜੂ ਨੂੰ ਭੜਕਿਆ ਦੇਖ ਕੇ ਪਤਾ ਨਹੀਂ ਕੀ ਸੋਚਿਆ, ” ਮੈਂ ਕੰਪਨੀ ਇੰਚਾਰਜ ਨੂੰ ਜਾ ਕੇ ਦਸਦਾਂ ” ਇੰਨਾਂ ਕਹਿ ਕੇ ਓਹ ਤੁਰ ਗਿਆ ।
ਸਰਜੂ ਹਲੇ ਵੀ ਬੋਲ ਰਿਹਾ ਸੀ- ” ਦੇਖੋ ਤੁਮ, … ….”
“ਅੰਧੇ ਲੋਕ ਮੰਗਦੇ ਫ਼ਿਰਦੇ ਐ, ਇਹ ਤਾਂ ਫਿਰ ਵੀ ਮਿਹਨਤ ਕਰਦਾ ਐ ” , ਲੋਕਾਂ ਵਿੱਚੋਂ ਇੱਕ ਬੋਲਿਆ ।
” ਸਹੀ ਗੱਲ ਐ ਜੀ ਡੇਢ਼ ਦੋ ਹਜ਼ਾਰ ਸ਼ਾਮ ਤੱਕ ਇਕੱਠੇ ਕਰ ਲੈਂਦੇ ਨੇ ” ਇੱਕ ਹੋਰ ਬੋਲਿਆ ।
” ਬਾਬੂ ਜੀ ਮੈਂ ਤੋਂ ਇਤਨੇ ਏਕ ਮਹੀਨੇ ਵਿੱਚ ਕਮਾਉਂਦਾ ਹਾਂ ਜੀ ,….. ਇਹ ਫਿਰ ਭੀ ਮੇਰੇ ਕੋਲ਼ੋਂ ਮੰਗਦੇ ਹੈਗੇ ” ਸਰਜੂ ਨੇ ਸ਼ਿਕਾਇਤ ਦੇ ਲਹਿਜੇ ਨਾਲ਼ ਲੋਕਾਂ ਨੂੰ ਦੱਸਿਆ।
ਇੱਕ ਬੰਦੇ ਨੇ ਇਕ ਵੈਂਡਰ ਦੀ ਸਹਾਇਤਾ ਨਾਲ ਸਰਜੂ ਨੂੰ ਬਾਂਹ ਤੋਂ ਫੜ੍ਹ ਖੜ੍ਹਾ ਕਰ ਦਿੱਤਾ, ਕਪਿਲ ਦੇ ਸਟਾਲ ਕੋਲ਼ ਬਣੇ ਬੈਂਚ ਤੇ ਬਿਠਾ ਦਿੱਤਾ। ” ਤੂੰ ਬੇਫ਼ਿਕਰ ਹੋ ਕੇ ਚਾਹ ਪੀ , ਕਲ੍ਹ ਨੂੰ ਅਸੀਂ ਸਾਰੇ ਸ਼ਟੇਸ਼ਨ ਮਾਸਟਰ ਤੇ ਕੰਪਨੀ ਕਮਾਂਡਰ ਨੂੰ ਕਹਾਂਗੇ ਕਿ ਓਹ ਤੈਨੂੰ ਏਥੇ ਕੰਮ ਕਰਨ ਤੋਂ ਨਾ ਰੋਕਣ ” ਕਪਿਲ ਨੇ ਸਰਜੂ ਨੂੰ ਚਾਹ ਦਾ ਕੱਪ ਫੜਾਉਂਦੇ ਹੋਏ ਕਿਹਾ ।
” ਠੀਕ ਐ ਬਾਬੂ ਜੀ , ਸਰਜੂ ਨੇ ਹੱਥ ਜੋੜੇ ਫਿਰ ਹੱਥਾਂ ਨੂੰ ਆਪਸ ਵਿੱਚ ਇੰਝ ਘੁੰਮਾਉਂਣ ਲੱਗ ਪਿਆ ਜਿਵੇਂ ਹੱਥ ਧੋ ਰਿਹਾ ਹੋਵੇ ।
ਸਰਜੂ ਆਪਣੇ ਚਿਹਰੇ ਨੂੰ ਇਧਰ ਓਧਰ ਘੁਮਾ ਕੇ ਲੋਕਾਂ ਦੇ ਇਕੱਠ ਦੀ ਬਿੜਕ ਲੈ ਰਿਹਾ ਸੀ…ਉਸ ਦੀਆਂ ਬੰਦ ਅੱਖਾਂ ਤੇਜੀ ਨਾਲ ਥਿਰਕ ਰਹੀਆਂ ਸਨ ਜਿਵੇਂ ਸਾਰੇ ਮਾਹੌਲ ਨੂੰ ਅੰਦਰੋਂ ਦੇਖ ਰਹੀਆਂ ਹੋਣ।
(ਮਨਜੀਤ ਸਿੰਘ ਜੀਤ)
9501615511



