*ਬੁੱਧ ਬਾਣ*
(ਸਮਾਜ ਵੀਕਲੀ) ਪੰਜਾਬ ਸਰਕਾਰ ਹੁਣ ਲੁਧਿਆਣਾ ਚੋਣ ਤੋਂ ਵਿਹਲੀ ਹੋ ਗਈ ਹੈ। ਭਗਵੰਤ ਮਾਨ ਦੀ ਸਿਹਤ ਠੀਕ ਨਹੀਂ, ਅਰਵਿੰਦ ਕੇਜਰੀਵਾਲ ਤੇ ਉਸਦੀ ਕੰਪਨੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦਿੱਲੀ ਤਲਬ ਕੀਤਾ ਹੈ। ਇਧਰ ਬਰਸਾਤਾਂ ਸ਼ੁਰੂ ਹੋ ਗਈਆਂ ਹਨ। ਪਿੰਡਾਂ ਤੇ ਸ਼ਹਿਰਾਂ ਵਿੱਚ ਦੀ ਲੰਘਦੀਆਂ ਡਰੇਨਾਂ ਵਿੱਚ ਜੰਗਲੀ ਬੂਟੀ ਖੜ੍ਹੀ ਹੈ। ਪਿਛਲੇ ਦਿਨੀਂ ਹੋਈ ਬਰਸਾਤ ਨੇ ਪੰਜਾਬ ਦੇ ਬਹੁਤ ਸ਼ਹਿਰਾਂ ਦੇ ਸੀਵਰੇਜ ਸਿਸਟਮ ਦਾ ਭਾਂਡਾ ਭੰਨਿਆ ਹੈ। ਹੁਣ ਅਗਲੇ ਦਿਨਾਂ ਵਿੱਚ ਬਰਸਾਤ ਦੀ ਰਫ਼ਤਾਰ ਵਧੇਗੀ ਤਾਂ ਪੰਜਾਬ ਦੇ ਲੋਕਾਂ ਦਾ ਹਾਲ ਲੁਧਿਆਣਾ ਪੱਛਮੀ ਹਲਕੇ ਵਰਗਾ ਹੋਵੇਗਾ। ਇੱਥੇ ਪੰਜਾਬ ਪੁਲਿਸ ਨੇ ਐਨੀ ਦਰਿਆ ਦਿਲੀ ਦਿਖਾਈ, ਦੇਖ਼ ਕੇ ਲੋਕਾਂ ਦਾ ਮਨ ਬਾਗੋ ਬਾਗ ਹੋ ਗਿਆ। ਲੋਕ ਐਵੇਂ ਪੁਲਿਸ ਨੂੰ ਬਦਨਾਮ ਕਰ ਰਹੇ ਹਨ। ਉਹ ਤਾਂ ਲੋਕਾਂ ਦੇ ਘਰ ਘਰ ਰਾਸ਼ਨ ਪਾਣੀ ਤੇ ਹੋਰ ਸਮਾਨ ਪੁਜਦਾ ਕਰਕੇ ਆਪਣੇ ਉਪਰ ਲੱਗੇ ਕਲੰਕ ਨੂੰ ਮਿਟਾ ਰਹੇ ਸਨ। ਪੱਤਰਕਾਰ ਉਹਨਾਂ ਨੂੰ ਐਵੇਂ ਬਦਨਾਮ ਕਰ ਰਹੇ ਹਨ। ਖ਼ੈਰ ਬਦ ਨਾਲੋਂ ਬਦਨਾਮ ਬੁਰਾ ਹੁੰਦਾ ਹੈ। ਅਗਲੇ ਦਿਨਾਂ ਵਿੱਚ ਹੁਣ ਖ਼ਬਰਾਂ ਆਉਣਗੀਆਂ ਕਿ ਡਰੇਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਦੇਖੋਗੇ, ਪੱਤਰਕਾਰ ਦੀ ਐਸ ਡੀ ਐਮ ਨਾਲ ਫੋਨ ਉਤੇ ਗੱਲਾਂ ਹੋਣਗੀਆਂ, ਸਾਹਿਬ ਬਹਾਦਰ ਜੀ ਆਖਦੇ ਸਨ, ਕਿ ਉਹਨਾਂ ਨੇ ਡਰੇਨਾਂ ਦੀ ਸਫ਼ਾਈ ਜਾ ਕੰਮ ਮੁਕੰਮਲ ਕਰ ਲਿਆ ਹੈ ਤੇ ਸਕਰੀਨ ਉਤੇ ਡਰੇਨ ਦੀ ਵੀਡੀਓ ਚੱਲ ਰਹੀ ਸੀ। ਐਸ ਡੀ ਐਮ ਸਾਹਿਬ ਬਹੁਤ ਖੂਬਸੂਰਤ ਅੰਦਾਜ਼ ਵਿੱਚ ਆਖਦੇ ਸਨ ਕਿ ਉਹਨਾਂ ਡਰੇਨ ਦੀ ਸਫ਼ਾਈ ਲਈ ਪੰਦਰਾਂ ਲੱਖ ਰੁਪਏ ਆਏ ਸਨ, ਉਹਨਾਂ ਨੇ ਡਰੇਨ ਸਾਫ਼ ਕਰਵਾ ਦਿੱਤੀ ਹੈ। ਇਹ ਗੱਲ ਕੇਵਲ ਇੱਕ ਜ਼ਿਲ੍ਹੇ ਦੀ ਨਹੀਂ ਪੰਜਾਬ ਦੀਆਂ ਸਾਰੀਆਂ ਹੀ ਡਰੇਨਾਂ ਦੀ ਹੈ। ਇਹਨਾਂ ਦੀ ਬਰਸਾਤ ਤੋਂ ਪਹਿਲਾਂ ਸਫ਼ਾਈ ਲਈ ਫੰਡ ਆਉਂਦਾ ਹੈ, ਟੈਂਡਰ ਜਾਰੀ ਕੀਤੇ ਜਾਂਦੇ ਹਨ। ਕਾਗਜ਼ਾਂ ਦੇ ਵਿੱਚ ਸਫ਼ਾਈ ਹੁੰਦੀ ਹੈ। ਸੰਸਦ ਮੈਂਬਰ ਮੀਤ ਹੇਅਰ ਬੀਤੇ ਦਿਨੀਂ ਦੱਸ ਰਹੇ ਸਨ ਕਿ ਪਿਛਲੇ ਸਾਲ ਸਤਾਰਾਂ ਸੌ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਕੇਂਦਰ ਸਰਕਾਰ ਸਿਰਫ ਚਾਰ ਸੌ ਕਰੋੜ ਰੁਪਏ ਦਿੱਤੇ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕਹਿੰਦੇ ਸਨ ਕਿ ਮੁਰਗ਼ੀਆਂ ਤੇ ਬੱਕਰੀਆਂ ਦਾ ਮੁਆਵਜ਼ਾ ਵੀ ਦੇਣਗੇ। ਉਹਨਾਂ ਨੂੰ ਇਹ ਮੱਦਦ ਮਿਲੀ ਹੈ ਕਿ ਨਹੀਂ। ਲੋਕ ਰੋਸ ਵਿਖਾਵੇ ਕਰਦੇ ਹਨ ਕਿ ਉਹਨਾਂ ਨੂੰ ਕੋਈ ਮੱਦਦ ਨਹੀਂ ਮਿਲੀ। ਫੇਰ ਉਹ ਫੰਡ ਕਿਧਰ ਗੁਆਚ ਜਾਂਦੇ ਹਨ, ਅਫ਼ਸਰਸ਼ਾਹੀ ਜਾਣਦੀ ਹੈ। ਹੁਣ ਫੇਰ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਖਦਸ਼ਾ ਪ੍ਰਗਟਾਇਆ ਹੈ। ਪੰਜਾਬ ਸਰਕਾਰ ਨੇ ਕੀ ਪ੍ਰਬੰਧ ਕੀਤੇ ਹਨ ? ਅਗਲੇ ਦਿਨਾਂ ਵਿੱਚ ਹਰ ਜ਼ਿਲ੍ਹਾ ਮੁਕਾਮ ਤੋਂ ਮੀਡੀਆ ਵਿੱਚ *ਹੜ੍ਹਾਂ ਨਾਲ ਨਜਿੱਠਣ ਲਈ ਪ੍ਰਬੰਧ ਮੁਕੰਮਲ*। ਇਹ ਵਰਤਾਰਾ ਦਹਾਕਿਆਂ ਤੋਂ ਜਾਰੀ ਹੈ ਤੇ ਜਾਰੀ ਰਹਿਣਾ ਹੈ।
—–
ਹੁਣ ਹੜ੍ਹਾਂ ਦੀ ਉਡੀਕ ਵਿੱਚ, ਹੜ੍ਹ ਰੋਕੂ ਵਿਭਾਗ ਵਾਲੇ ਪੱਬਾਂ ਭਾਰ ਹੋ ਕੇ ਬੈਠੇ ਹਨ। ਉਹਨਾਂ ਨੇ ਪੰਜਾਬ ਦੇ ਵਿੱਚ ਨਿਕਲਦੇ ਕੱਸੀਆਂ, ਨਾਲਿਆਂ ਤੇ ਡਰੇਨਾਂ ਦੀ ਸਫ਼ਾਈ ਦਰਿਆਵਾਂ ਦੇ ਕਿਨਾਰਿਆਂ ਉਪਰ ਮਿੱਟੀ ਪੁਆ ਦਿੱਤੀ ਐ। ਉਹਨਾਂ ਨੇ ਹੜ੍ਹਾਂ ਤੋਂ ਪਹਿਲਾਂ ਜ਼ਿਲ੍ਹਾ ਡੀਸੀ ਦੀ ਅਗਵਾਈ ਵਿੱਚ ਐਲਾਨ ਕਰਨਾ ਬਾਕੀ ਐ। ਉਹ ਇਹੋ ਜਿਹੇ ਐਲਾਨ ਕਈ ਦਹਾਕਿਆਂ ਤੋਂ ਕਰਦੇ ਆ ਰਹੇ ਹਨ। ਉਹ ਡਰੇਨਾਂ ਦੀ ਸਫ਼ਾਈ ਤੇ ਦਰਿਆਵਾਂ ਦੇ ਕਮਜ਼ੋਰ ਬੰਨ੍ਹ ਮਜ਼ਬੂਤ ਕਰਨ ਲਈ ਕਾਗ਼ਜ਼ ਦੀ ਸਫਾਈ ਕਰਕੇ ਰੱਖ ਦੇ ਹਨ। ਉਹਨਾਂ ਨੇ ਕਿਸ਼ਤੀਆਂ ਵੀ ਖਰੀਦ ਲਈਆਂ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਕਿਵੇਂ ਮੱਦਦ ਕਰਨੀ ਇਸ ਦੀ ਟ੍ਰੇਨਿੰਗ ਲਈ ਐ।
ਹੁਣ ਗਰਮੀ ਦੇ ਕਹਿਰ ਦੇ ਵਿੱਚ ਉਹ ਇਹਨਾਂ ਦਰਿਆਵਾਂ, ਨਹਿਰਾਂ, ਕੱਸੀਆਂ, ਨਾਲਿਆਂ ਦੀ ਸਫ਼ਾਈ ਮੁਕੰਮਲ ਕਰਨ ਮੁੜਕੋ ਮੁੜਕੀ ਹੋ ਰਹੇ ਹਨ। ਉਹ ਦਰਿਆਵਾਂ ਦੇ ਕਮਜ਼ੋਰ ਕਿਨਾਰੇ ਉਪਰ ਮਿੱਟੀ ਪੁਆ ਰਹੇ ਹਨ। ਸੀਵਰੇਜ ਸਿਸਟਮ ਨੂੰ ਸਾਫ਼ ਕਰਨ ਲੱਗੇ ਹਨ। ਉਹ ਹੁਣ ਬਰਸਾਤ ਦੀ ਉਡੀਕ ਵਿੱਚ ਹਨ ਕਿ ਉਹਨਾਂ ਦੇ ਕੀਤੇ ਗਏ ਕੰਮ ਦਾ ਉਹਨਾਂ ਨੂੰ ਐਵਾਰਡ ਵਾਪਸ ਮਿਲ ਸਕੇ। ਉਹਨਾਂ ਨੂੰ ਇਹ ਕੋਈ ਫ਼ਿਕਰ ਨਹੀਂ ਇਸ ਵਾਰ ਪਲਾਟ ਕੋਈ ਬਣੇ ਜਾਂ ਨਾ ਬਣੇ। ਗੱਡੀ ਦਾ ਨਵਾਂ ਮਾਡਲ ਬਦਲਿਆ ਜਾਵੇ ਜਾਂ ਨਾ, ਘਰਵਾਲੀ ਦਾ ਨਵਾਂ ਡੈਮਿੰਡ ਸੈਟ ਭਾਵੇਂ ਨਾ ਬਣੇ। ਉਹ ਬਹੁਤ ਇਮਾਨਦਾਰੀ ਨਾਲ ਸਫਾਈ ਕਰਦੇ, ਮਿੱਟੀ ਪਵਾ ਰਹੇ ਹਨ।
ਤੁਸੀਂ ਲੋਕ ਅੰਨ੍ਹੇ ਓ ਜਿਹਨਾਂ ਨੂੰ ਇਹਨਾਂ ਦੀ ਕੀਤੀ ਮਿਹਨਤ ਨਹੀਂ ਦਿਖਾਈ ਦਿੰਦੀ। ਪਿਛਲੇ ਸਮਿਆਂ ਵਿੱਚ ਜਦੋਂ ਹੜ੍ਹ ਆਇਆ ਤਾਂ ਸਾਡੇ ਕੀਤੇ ਕਰਾਏਂ ਉਤੇ ਪਾਣੀ ਫਿਰ ਗਿਆ ਸੀ। ਇਸ ਵਾਰ ਅਸੀਂ ਪਾਣੀ ਨੂੰ ਕਿਨਾਰਿਆਂ ਦੇ ਲਵੇ ਨਹੀਂ ਲੱਗਣ ਦੇਣਾ। ਤੁਸੀਂ ਦੇਖਿਆ ਐ ਜਿਵੇਂ ਭਗਵੰਤ ਮਾਨ ਦੇ ਆਲੇ ਦੁਆਲੇ ਨੌਜਵਾਨਾਂ ਦੀ ਦੀਵਾਰ ਖੜ੍ਹੀ ਹੁੰਦੀ ਹੈ, ਇਸ ਤਰ੍ਹਾਂ ਅਸੀਂ ਦਰਿਆਵਾਂ ਦੇ ਕਿਨਾਰਿਆਂ ਉਤੇ ਕੰਕਰੀਟ ਦੀਆਂ ਦੀਵਾਰਾਂ ਬਣਾਉਣ ਲੱਗੇ ਹੋਏ ਹਾਂ। ਇਹ ਨਾ ਸਮਝੋ ਅਸੀਂ ਕਾਗਜ਼ਾਂ ਦੇ ਢਿੱਡ ਭਰਦੇ ਆਂ ਅਸੀਂ ਸਭ ਕਮਜ਼ੋਰ ਥਾਵਾਂ ਨੂੰ ਮਜ਼ਬੂਤ ਕਰਨ ਲੱਗੇ ਹੋਏ ਹਾਂ। ਤੁਸੀਂ ਕਦੇ ਪੰਜਾਬ ਦੇ ਵਿੱਚ ਲੰਘਦੇ ਇਹਨਾਂ ਕੱਸੀਆਂ ਨਾਲਿਆਂ ਤੇ ਨਹਿਰਾਂ ਨੂੰ ਦੇਖ ਸਕਦੇ ਓ। ਸਾਡਾ ਪਾਰਦਰਸ਼ੀ ਕੰਮ ਐ। ਇਸ ਵਧੀਆ ਕੰਮਾਂ ਕਰਕੇ ਸਾਡੇ ਮਹਿਕਮੇ ਦੇ ਛੋਟੇ ਤੋਂ ਵੱਡੇ ਸਭ ਅਫਸਰ ਤੇ ਮੁਲਾਜ਼ਮ ਅਰਦਾਸਾਂ ਕਰਦੇ ਹਨ। ਇਸ ਵਾਰ ਵਧੀਆ ਸੀਜ਼ਨ ਲੱਗ ਜਾਵੇ। ਸਭ ਘਾਟੇ ਪੂਰੇ ਹੋ ਜਾਣ। ਜੇਕਰ ਤੁਹਾਨੂੰ ਕੋਈ ਸਾਡੇ ਕੰਮ ਵਿਚ ਗ਼ਲਤੀ ਲੱਗਦੀ ਤੁਸੀਂ ਸਾਡੇ ਕੋਲ ਆਓ, ਅਸੀਂ ਯੋਗੀ ਹਰਭਜਨ ਸਿੰਘ ਵਾਂਗ ਸ਼ਰਤੀਆ ਇਲਾਜ ਤੇ ਤਸੱਲੀਬਖ਼ਸ਼ ਜਵਾਬ ਦੇ ਸਕਦੇ ਆ। ਸਾਨੂੰ ਵਿਜੀਲੈਂਸ ਵਿਭਾਗ ਵਾਲੇ ਨਹੀਂ ਕੰਮ ਕਰਨ ਦੇਂਦੇ। ਇਹਨਾਂ ਨੂੰ ਅਸੀਂ ਹੀ ਦਿਖਦੀ ਦਿੰਦੇ ਹਾਂ, ਇਹਨਾਂ ਨੂੰ ਵੱਡੇ ਮਗਰਮੱਛ ਨਹੀਂ ਨਜ਼ਰ ਆਉਂਦੇ। ਜੇਕਰ ਇਹਨਾਂ ਦਾ ਨਾ ਡਰ ਹੋਵੇ ਅਸੀਂ ਕਾਗਜ਼ਾਂ ਦੇ ਵਿੱਚ ਹੜ੍ਹ ਲਿਆ ਸਕਦੇ। ਕਾਗਜ਼ਾਂ ਦੇ ਵਿੱਚ ਅਸੀਂ ਬਹੁਤ ਮਾਹਿਰ ਆਂ। ਤੁਸੀਂ ਅਰਦਾਸ ਕਰੋ ਕਿ ਇਸ ਕਹਿਰ ਦੀ ਗਰਮੀ ਤੋਂ ਬਚਾਅ ਲਈ ਬਰਸਾਤ ਜਲਦੀ ਤੋਂ ਜਲਦੀ ਆਵੇ। ਲੋਕਾਂ ਨੂੰ ਇਸ ਭਿਆਨਕ ਅੱਗ ਤੋਂ ਬਚਾਏ। ਸਾਡੇ ਅੰਧਵਿਸ਼ਵਾਸ ਵਿਭਾਗ ਨੇ ਪਿੰਡ ਪਿੰਡ ਜਾ ਕੇ ਗੁੱਡੀ ਫ਼ੂਕਣ ਪ੍ਰੇਰਨਾ ਸ਼ੁਰੂ ਕੀਤਾ ਐ। ਕੁੱਝ ਪਿੰਡਾਂ ਦੇ ਲੋਕਾਂ ਨੇ ਗੁੱਡੀਆਂ ਫੂਕਣ ਦੀ ਲਹਿਰ ਨੂੰ ਵਧੀਆ ਹੁੰਗਾਰਾ ਮਿਲਿਆ ਹੈ। ਲੋਕਾਂ ਨੂੰ ਗੁੱਡੀਆਂ ਫੂਕਣ ਦਾ ਬਹੁਤ ਤਜਰਬਾ ਐ। ਪਹਿਲਾਂ ਉਹ ਸਟੋਫ ਦੀ ਮੱਦਦ ਲੈਂਦੇ ਸਨ, ਅੱਜ ਬਹੁਤ ਤਰੀਕੇ ਆ ਗਏ ਹਨ। ਆਪਣਾ ਮਕਸਦ ਤਾਂ ਜ਼ੋਰਦਾਰ ਮੀਂਹ ਪਵਾਉਣ ਦਾ ਐ। ਜੇਕਰ ਤੁਹਾਡੇ ਕੋਲ ਤਜਰਬਾ ਹੈ ਤਾਂ ਦੱਸੋ ਕਿ ਬਰਸਾਤ ਕਿਵੇਂ ਹੋ ਸਕਦੀ ਐ ਤਾਂ ਲੋਕਾਂ ਨੂੰ ਰਾਹਤ ਮਿਲ ਸਕੇ। ਹੜ੍ਹਾਂ ਦੀ ਉਡੀਕ ਵਿੱਚ ਅਸੀਂ ਸਭ ਉਡੀਕ ਵਿੱਚ ਹਾਂ। ਅਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੰਗਰ ਲਗਾਉਣੇ ਹਨ। ਲੋਕਾਂ ਨੂੰ ਬਚਾਉਣ ਲਈ ਜਾਣਾ ਹੈ। ਅਸੀਂ ਪੱਬਾਂ ਭਾਰ ਹੋਏ ਫਿਰਦੇ ਹਾਂ।*
—-
ਬੁੱਧ ਸਿੰਘ ਨੀਲੋਂ
946437082
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



