ਵੋਟਾਂ ਦੀ ਰੁੱਤ ਫੇਰ ਆ ਪਹੁੰਚੀ ਹੈ..ਰੰਗਮੰਚ ਕੀ ਕਰੇ!! ਉਹਦਾ ਹੋਕਾ ਕੀ ਹੋਵੇ!

ਸਾਹਿਬ ਸਿੰਘ

ਇਸ ਸਵਾਲ ਦੇ ਰੂਬਰੂ ਹੈ ਇਸ ਵਾਰ ਦਾ ਆਰਟੀਕਲ ..ਪੰਜਾਬੀ ਟ੍ਰਿਬਿਊਨ ‘ਚ ਛਪਦੇ ਕਾਲਮ ‘ਰਾਸ ਰੰਗ’ ਅਧੀਨ!..
ਉਮੀਦ ਹੈ,ਸੰਵਾਦ ਛੇੜੋਗੇ!

(ਸਮਾਜ ਵੀਕਲੀ)-ਰੰਗਮੰਚ ਅਤੇ ਵੋਟ ਸਿਆਸਤ ਤੋਂ ਨਿਰਲੇਪਤਾ!
ਰੰਗਮੰਚ ਸ਼ੀਸ਼ਾ ਹੈ। ਸ਼ੀਸ਼ਾ ਚਿਹਰੇ ਦੇ ਦਾਗ ਵੀ ਦਿਖਾ ਸਕਦਾ ਹੈ ਤੇ ਚਿਹਰੇ ਦੀ ਖੂਬਸੂਰਤੀ ਦਾ ਰਾਜ਼ ਵੀ ਬਿਆਨ ਕਰ ਸਕਦਾ ਹੈ, ਪਰ ਰੰਗਮੰਚ ਉਸ ਦਾਗ ਦੀ ਦਵਾਈ ਬਿਆਨ ਨਹੀਂ ਕਰ ਸਕਦਾ। ਕਰੇਗਾ ਤਾਂ ਆਪਣੀ ਸਮਰੱਥਾ ਤੋਂ ਪਾਰ ਦੀ ਗੱਲ ਕਰੇਗਾ.. ਤੇ ਨਾ ਸ਼ੀਸ਼ਾ ਹੋਣ ਦਾ ਕਿਰਦਾਰ ਸਹੀ ਢੰਗ ਨਾਲ ਨਿਭਾ ਸਕੇਗਾ, ਤੇ ਨਾ ਹੀ ਦਿਖਾਈ ਦੇ ਰਹੇ ਚਿਹਰੇ ਦਾ ਸਹੀ ਮਾਰਗ ਦਰਸ਼ਨ ਕਰ ਸਕੇਗਾ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਰੰਗਮੰਚ ਹੀ ਕਿਉਂ! ਚਿਹਰੇ ਦੇ ਦਾਗ ਤਾਂ ਕੋਈ ਵੀ ਦੇਖ ਕੇ ਦੱਸ ਸਕਦਾ ਹੈ! ਇਸ ਸਵਾਲ ਦੇ ਜਵਾਬ ਵਿਚ ਰੰਗਮੰਚ ਦੀ ਜ਼ਿੰਮੇਵਾਰੀ ਛੁਪੀ ਹੈ। “ਚਿਹਰੇ ‘ਤੇ ਦਾਗ ਹਨ!”, ਇਹ ਰੰਗਮੰਚ ਲਈ ਸ਼ੁਰੂਆਤ ਹੈ, ਸਿਖਰ ਨਹੀਂ! “ਕਿਉਂ ਹਨ, ਕੀਹਨੇ ਦਿੱਤੇ ਹਨ, ਕੌਣ ਹੰਢਾ ਰਿਹਾ ਹੈ, ਕਿਉਂ ਹੰਢਾ ਰਿਹਾ ਹੈ, ਕਿਉਂ ਇਲਾਜ ਨਹੀਂ ਕਰ ਰਿਹਾ, ਉਸ ਨੂੰ ਕੌਣ ਗਲਤ ਦਵਾਈਆਂ ਦੇ ਰਿਹਾ ਹੈ, ਕੌਣ ਇਹ ਚਾਹੁੰਦਾ ਹੈ ਕਿ ਇਹ ਦਾਗ਼ ਕਦੇ ਠੀਕ ਨਾ ਹੋਣ, ਕੌਣ ਉਨ੍ਹਾਂ ਦਾਗੀ ਨਿਸ਼ਾਨਾਂ ਨੂੰ ਹੋਰ ਡੂੰਘੇ ਕਰਨ ਲਈ ਯਤਨ ਕਰ ਰਿਹਾ ਹੈ!”, ਰੰਗਮੰਚ ਦਾ ਫ਼ਿਕਰ ਇਹ ਹੈ। ਉਹਨੇ ਦਾਗ਼ ਦਾ ਬਾਹਰੀ ਰੂਪ ਤਾਂ ਬਿਆਨ ਕਰਨਾ ਹੀ ਹੈ ਪਰ ਇਨ੍ਹਾਂ ਦੇ ਅੰਦਰ ਇਕੱਤਰ ਹੋਈ ਮਿੱਝ ਤੇ ਪੀਕ ਦਰਸ਼ਕ/ਪਾਠਕ ਦੇ ਸਾਹਮਣੇ ਖੁੱਲ੍ਹ ਕੇ ਦਿਖਾਉਣੀ ਹੈ.. ਇਸ ਸ਼ਿੱਦਤ ਨਾਲ ਬਿਆਨ ਕਰਨੀ ਹੈ ਕਿ ਚਿਹਰਾ ਦੇਖਣ ਵਾਲੇ ਲੋਕਾਂ ਨੂੰ ਖ਼ੁਦ ਮਹਿਸੂਸ ਹੋਣ ਲੱਗ ਜਾਵੇ ਕਿ ਇਸ ਪੀੜ ਨੂੰ ਕਿਉਂ ਸਦੀਆਂ ਤੋਂ ਭੋਗ ਰਹੇ ਹਾਂ, ਇਲਾਜ ਕਿਉਂ ਨਹੀਂ ਕਰਦੇ! ਰੰਗਮੰਚ ਦੁਆ ਦੇ ਸਕਦਾ ਹੈ, ਦਵਾ ਨਹੀਂ ।

ਚੋਣਾਂ ਸਿਰ ‘ਤੇ ਹਨ। ਰੰਗਮੰਚ ਅਭਿੱਜ ਨਹੀਂ ਰਹਿ ਸਕਦਾ,ਪਰ ਉਸ ਦਾ ਨਿਰਲੇਪ ਰਹਿਣਾ ਜ਼ਰੂਰੀ ਹੈ। ਉਹ ਸਿਆਸਤ ਦਾ ਵਿਸ਼ਲੇਸ਼ਣ ਕਰ ਸਕਦਾ ਹੈ,ਪਰ ਸਿਆਸੀ ਧਿਰ ਬਣਨ ਜਾਂ ਕਿਸੇ ਸਿਆਸੀ ਧਿਰ ਦਾ ਬੁਲਾਰਾ ਬਣਨ ਵਲ ਵਧੇਗਾ ਤਾਂ ਆਪਣਾ ਕਿਰਦਾਰ ਗੁਆ ਬੈਠੇਗਾ। ਸਿਆਸਤ ਦਾ ਵਿਸ਼ਲੇਸ਼ਣ ਕਰਦੇ ਨਾਟਕਾਂ ਦੀ ਪੰਜਾਬੀ ਰੰਗਮੰਚ ਅੰਦਰ ਭਰਮਾਰ ਹੈ, ਪਰ ਕਦੇ ਧਿਆਨ ਨਾਲ ਨਿਰਪੱਖ ਰਹਿ ਕੇ ਵਿਸ਼ਲੇਸ਼ਣ ਕਰਿਓ.. ਪੰਜਾਬੀ ਰੰਗਮੰਚ ਨਿਰਲੇਪ ਦਿਖਾਈ ਦੇਵੇਗਾ। ਸ਼ਾਇਦ ਇਸੇ ਲਈ ਪੰਜਾਬੀ ਰੰਗਮੰਚ ਆਮ ਜਨ ਸਾਧਾਰਨ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ। ਡਾ ਆਤਮਜੀਤ ਜਦੋਂ ‘ਪੰਚਨਦ ਦੇ ਪਾਣੀ’ ਨਾਟਕ ਲਿਖਦਾ ਹੈ ਤਾਂ ਉਹ ਮੰਗੋਲਾਂ, ਤੁਰਕਾਂ ਅਤੇ ਰਾਜਪੂਤਾਂ ਦੇ ਸਿਆਸੀ ਸਮੀਕਰਨ ਪੇਸ਼ ਕਰਦਾ ਹੈ, ਪਰ ਉਸ ਲਈ ਮਹੱਤਵਪੂਰਨ ਕਿਰਦਾਰ ਰਾਜਕੁਮਾਰੀ ਨੈਲਾ ਹੈ। ਉਹ ਰਿਸ਼ਤਿਆਂ ਦੀ ਕੰਧ ‘ਚ ਮੌਜੂਦ ਝੀਤਾਂ ਥਾਣੀਂ ਸਿਆਸਤ ਨੂੰ ਦੇਖ ਰਿਹਾ ਹੈ, ਸਮਝ ਰਿਹਾ ਹੈ, ਸਮਝਾ ਰਿਹਾ ਹੈ, ਤੇ ਪੇਸ਼ ਕਰ ਰਿਹਾ ਹੈ.. ਪਰ ਸਾਰੀਆਂ ਧਿਰਾਂ ਦਾ ਦਰਦ/ ਦੁਖਾਂਤ ਪੇਸ਼ ਕਰਨ ਤੋਂ ਬਾਅਦ ਉਹ ਕਿਸੇ ਸਿਆਣੇ ਕੋਚ ਵਾਂਗ ਸੀਮਾ ਰੇਖਾ ਤੋਂ ਬਾਹਰ ਜਾ ਕੇ ਖੜ੍ਹ ਜਾਂਦਾ ਹੈ। ਰੰਗਮੰਚ ਦੇ ਇਸੇ ਕਿਰਦਾਰ ਨੇ ਜਿਊਣਾ ਹੈ.. ਇਸੇ ਦੀ ਉਮਰ ਲੰਬੀ ਹੋਣੀ ਹੈ.. ਤੇ ਇਸੇ ਨੂੰ ਹਵਾਲਾ ਬਿੰਦੂ ਵਾਂਗ ਪੜ੍ਹ, ਸਮਝ, ਦੇਖ ਕੇ ਸਿਆਸਤ ਸੇਧ ਲੈ ਸਕਦੀ ਹੈ (ਜੇ ਸੇਧ ਲੈਣੀ ਚਾਹੇ ਤਾਂ!)।

ਬਲਵੰਤ ਗਾਰਗੀ ਜਦ ‘ਸੁਲਤਾਨ ਰਜ਼ੀਆ’ ਨਾਟਕ ਲਿਖਦਾ ਹੈ, ਅਲਕਾਜ਼ੀ ਸਾਹਿਬ ਇਸ ਨੂੰ ਖੇਡਦੇ ਹਨ ਤਾਂ ਸੂਝਵਾਨ ਤੇ ਚੇਤੰਨ ਦਰਸ਼ਕ ਲਈ ਇਹ ਨਾਟਕ/ ਰੰਗਮੰਚ ਸਿਆਸੀ ਚੇਤਨਾ ਦੀ ਦਸਤਕ ਹੈ। ਗਾਰਗੀ ਇਕੋ ਸਮੇਂ ਰਜ਼ੀਆ ਬਣਕੇ ਵੀ ਬੋਲ ਰਿਹਾ ਹੈ ਤੇ ਸੁਲਤਾਨ ਬਣ ਕੇ ਵੀ। ਉਹ ਇੱਕੋ ਪਾਤਰ ਦੇ ‘ਰਜ਼ੀਆ’ ਹੋਣ ਤੇ ‘ਸੁਲਤਾਨ ਰਜ਼ੀਆ’ ਹੋਣ ਦਾ ਫ਼ਰਕ ਸਮਝਾ ਰਿਹਾ ਹੈ। ਸਮਾਜ ਦੇ ਉਤਲੇ ਵਰਗ/ ਹਾਕਮ ਜਮਾਤ ਵਿੱਚ ਵੀ ਸੁਵਿਧਾ ਸੰਪੰਨ ਤੇ ਤਾਕਤਵਰ ਔਰਤ ਦੀ ਸਥਿਤੀ ਕੀ ਹੈ, ਗਾਰਗੀ ਇਹ ਬਿਆਨ ਕਰ ਰਿਹਾ ਹੈ। ਜਗੀਰੂ ਕਦਰਾਂ ਕੀਮਤਾਂ ਦੀਆਂ ਨੀਂਹਾਂ ‘ਤੇ ਖਡ਼੍ਹੀ ਸਿਆਸਤ ਵਿਚ ਮਰਦ ਸੱਤਾ ਕਿਵੇਂ ਭਾਰੂ ਹੈ, ਗਾਰਗੀ ਇਸ ਸੱਚ ਦੀਆਂ ਪਰਤਾਂ ਖੋਲ੍ਹ ਰਿਹਾ ਹੈ। ਉਹ ਯਾਕੂਤ ਨਾਲ ਵੀ ਖੜ੍ਹਦਾ ਹੈ, ਰਜ਼ੀਆ ਨੂੰ ਵੀ ਮੋਢਾ ਦਿੰਦਾ ਹੈ ਪਰ ਇਹ ਸਭ ਕੁਝ ਕਰਦਿਆਂ ਉਹ ਕਿਸੇ ਸਿਆਸੀ ਧਿਰ ਦਾ ਮੋਢਾ ਬਣਨ ਤੋਂ ਇਨਕਾਰੀ ਹੁੰਦਾ ਹੈ। ਉਹ ਰਜ਼ੀਆ ਸੁਲਤਾਨ ਨੂੰ ਵੀ ਨਹੀਂ ਬਖਸ਼ਦਾ। ਇਹ ਰੰਗਮੰਚ ਦੀ ਤਾਕਤ ਹੈ, ਇਸ ਦਾ ਪਹਿਚਾਣ ਚਿੰਨ੍ਹ ਹੈ।

ਅੱਜ ਸਿਆਸਤ ਵਿਅਕਤੀ ਕੇਂਦਰਿਤ ਹੋ ਗਈ ਹੈ.. ਸ਼ਖ਼ਸੀ ਉਭਾਰ ਬਣਾ ਕੇ ਮੈਦਾਨ ‘ਚ ਕੁੱਦਦੀ ਹੈ। ਪਰ ਭਾਅ ਗੁਰਸ਼ਰਨ ਸਿੰਘ ਜਦੋਂ ਦੁੱਲਾ ਭੱਟੀ ‘ਤੇ ਆਧਾਰਤ ਨਾਟਕ ‘ਧਮਕ ਨਗਾਰੇ ਦੀ’ ਲਿਖਦੇ ਹਨ ਤਾਂ ਨਾਟਕ ਦੇ ਇੱਕ ਅਹਿਮ ਫ਼ੈਸਲਾਕੁਨ ਮੋੜ ‘ਤੇ ਆ ਕੇ ਉਹ ਜਾਤੀ ਤੇ ਜਮਾਤੀ ਸਿਆਸਤ ਦਾ ਨਿਖੇੜਾ ਕਰਦੇ ਹਨ। ਦੁੱਲਾ ਹਕੂਮਤ ਨੂੰ ਵੰਗਾਰ ਰਿਹਾ ਹੈ.. ਜੋਸ਼ ਦੀ ਇੰਤਹਾ ਹੈ.. ਨਾਟਕਕਾਰ ਇਕ ਬਜ਼ੁਰਗ ਪਾਤਰ ਲੈ ਕੇ ਆਉਂਦਾ ਹੈ.. ਦੁੱਲੇ ਦੇ ਜੋਸ਼ ਨੂੰ ਦਿਸ਼ਾ ਦੇਣੀ ਚਾਹੁੰਦਾ ਹੈ। ਬਜ਼ੁਰਗ ਲਲਕਾਰਦਾ ਹੈ, “ਇਹ ਲੜਾਈ ਹੁਣ ਦੁੱਲੇ ਦੇ ਖ਼ਾਨਦਾਨ ਤੇ ਅਕਬਰ ਬਾਦਸ਼ਾਹ ਦੀ ਹੀ ਨਹੀਂ ਰਹੀ, ਇਹ ਲੜਾਈ ਸਿਆੜਾਂ ਤੇ ਗੱਦੀਆਂ ਦੀ ਹੈ..ਇਹ ਲੜਾਈ ਮਿਹਨਤੀਆਂ ਤੇ ਵਿਹਲੜਾਂ ਦੀ ਹੈ.. ਮਹਿਲਾਂ ਤੇ ਢਾਰਿਆਂ ਦੀ ਹੈ! ਦੁੱਲਿਆ, ਲੋਕਾਂ ਦਾ ਰੋਹ ਸੁੱਤੇ ਨਾਗ ਵਰਗਾ ਹੁੰਦਾ ਹੈ.. ਆਪਾਂ ਇਹ ਬਣਤ ਬਣਾਉਣੀ ਹੈ ਕਿ ਡੰਗ ਐਨ ਟਿਕਾਣੇ ‘ਤੇ ਵੱਜੇ। ਅੱਜ ਨਗਾਰੇ ‘ਤੇ ਧਮਕ ਪਈ ਹੋਈ ਹੈ.. ਅੱਜ ਦਾ ਦੁੱਲਾ ਤੇ ਬਜ਼ੁਰਗ ਗਲਵੱਕੜੀ ‘ਚ ਨੇ। ਰੰਗਮੰਚ ਨੂੰ ਇਹ ਬਾਤ ਪਾਉਣ ਦੀ ਲੋੜ ਹੈ। ਰੰਗਮੰਚ ਐਸੀ ਚੇਤਨਾ ਪੈਦਾ ਕਰੇ ਕਿ ਡੰਗ ਐਨ ਟਿਕਾਣੇ ‘ਤੇ ਵੱਜੇ।

ਮੈਂ ਅਰੰਭ ‘ਚ ਕਹਿ ਚੁੱਕਾ ਹਾਂ ਕਿ ਰੰਗਮੰਚ ਸ਼ੀਸ਼ਾ ਹੈ। ਪਰ ਯਾਦ ਰਹੇ, ਰੰਗਮੰਚ ਪਹਿਰੇਦਾਰ ਵੀ ਹੈ, ਚੌਕੀਦਾਰ ਵੀ ਹੈ। ਖ਼ਿਆਲ ਰਹੇ ਕਿ ਜਿਸ ਪਿੰਡ ਦਾ ਚੌਕੀਦਾਰ ਵਿਕ ਜਾਵੇ, ਉਹ ਪਿੰਡ ਕਦੇ ਵੀ ਲੁਟੇਰਿਆਂ ਤੋਂ ਸੁਰੱਖਿਅਤ ਨਹੀਂ ਰਹਿ ਸਕਦਾ। ਰੰਗਮੰਚ ਸਿਆਸੀ ਧਿਰਾਂ ਦੇ ਦੁਆਨੀ ਦੇ ਇਸ਼ਤਿਹਾਰਾਂ ਦਾ ਹਿੱਸਾ ਨਾ ਬਣੇ! ਕੌਡੀ ਕੌਡੀ ਦੇ ਟੀ ਵੀ ਇਸ਼ਤਿਹਾਰਾਂ ‘ਚ ਆਪਣੇ ਚਿਹਰੇ ਦਿਖਾ ਕੇ ਚੰਦ ਟੁੱਕੜਾਂ ਖ਼ਾਤਰ ਆਪਣੀ ਇੱਜ਼ਤ ਨਾ ਰੋਲ਼ੇ! ਲੋਕ ਦੇਖ ਰਹੇ ਹਨ.

ਪਿਆਰ ਦੀ ਝੋਲੀ ਅੱਡੀ ਖੜ੍ਹੇ ਨੇ। ਦੇਖਿਓ, ਉੱਕ ਨਾ ਜਾਇਓ। ਤੁਰੋ..ਫਿਰ ਰੁਕੋ.. ਫਿਰ ਸੋਚੋ ਕਿ ਰੰਗਕਰਮੀ ਦਾ ਕਿਰਦਾਰ ਕੀ ਹੈ! ਉਸ ਦੀ ਭੂਮਿਕਾ ਕੀ ਹੈ! ਉਸ ਦੀ ਮਰਿਆਦਾ ਕੀ ਹੈ! ਵਰਤਮਾਨ ਤੇ ਭਵਿੱਖ ਯਕੀਨਨ ਰੰਗਮੰਚ ਦੇ ਸੁਨਹਿਰੇ ਕਾਲ ਨਾਲ ਜੁਡ਼ਿਆ ਹੋਇਆ ਹੈ। ਆਓ ਆਪਣਾ ਨਿਰਲੇਪ ਚੌਕੀਦਾਰ ਵਾਲ਼ਾ ਤੇ ਸਵੱਛ ਸ਼ੀਸ਼ੇ ਵਾਲਾ ਕਿਰਦਾਰ ਬੁਲੰਦ ਕਰੀਏ ਤੇ ਆਪਣੇ ਲੋਕਾਂ ਸੰਗ ਖਡ਼੍ਹੀਏ! ਰੰਗਮੰਚ ਜ਼ਿੰਦਾਬਾਦ। ਜ਼ਿੰਦਗੀ ਜ਼ਿੰਦਾਬਾਦ ।

ਸਾਹਿਬ ਸਿੰਘ
9888011096

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਮੀਰ
Next articleਸਜਾ ਪੂਰੀ ਕਰ ਚੁੱਕੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ -ਖਾਲਸਾ