” ਵੋਟਰਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ”

ਬਰਜਿੰਦਰ ਕੌਰ

(ਸਮਾਜਵੀਕਲੀ)– ਸਾਡੇ ਦੇਸ਼ ਵਿੱਚ ਕੌਮੀ ਵੋਟਰ ਦਿਵਸ ਨੂੰ 25 ਜਨਵਰੀ 2011 ਤੋਂ ਮਨਾਉਣ ਦੀ ਸ਼ੁਰੂਆਤ ਭਾਰਤੀ ਚੋਣ ਕਮਿਸ਼ਨ ਦੇ ਡਾਇਮੰਡ ਜੁਬਲੀ ਸਮਾਰੋਹ ਦੇ ਸਮਾਪਤੀ ਸਮਾਗਮ ਸਮੇਂ ਕੀਤੀ ਗਈ ਸੀ। ਹਰ ਨਾਗਰਿਕ ਅਠਾਰਾਂ ਸਾਲ ਦੀ ਉਮਰ ਵਿੱਚ ਵੋਟਰ ਬਣ ਕੇ ਬਹੁਤ ਮਾਣ ਮਹਿਸੂਸ ਕਰਦਾ ਹੈ। ਨਵੇਂ ਵੋਟਰਾਂ ਦਾ ਉਤਸ਼ਾਹ ਖ਼ਸ ਤੌਰ ਤੇ ਵੇਖਣ ਵਾਲ਼ਾ ਹੁੰਦਾ ਹੈ।ਪਰ ਹਰ ਨਾਗਰਿਕ ਵੋਟਰ ਬਣ ਕੇ ਆਪਣੇ ਵੋਟ ਦੇ ਅਧਿਕਾਰ ਦੀ ਸਮਝਦਾਰੀ ਨਾਲ ਵਰਤੋਂ ਕਰੇ,ਇਹ ਬਹੁਤ ਜ਼ਰੂਰੀ ਹੁੰਦਾ ਹੈ।

ਚੋਣਾਂ ਸਮੇਂ ਸਾਡੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਜਾਂਦੀਆਂ ਹਨ । ਨੇਤਾਵਾਂ ਵੱਲੋਂ ਪਾਰਟੀਆਂ ਦੀ ਅਦਲਾ ਬਦਲੀ ਸ਼ੁਰੂ ਹੋ ਜਾਂਦੀ ਹੈ । ਇੱਕ ਪਾਰਟੀ ਵਿੱਚ ਟਿਕਟ ਨਹੀਂ ਮਿਲਦੀ ਤਾਂ ਬਹੁਤੇ ਨੇਤਾ ਪਾਰਟੀ ਬਦਲ ਦਿੰਦੇ ਹਨ। ਜਿਹੜੇ ਵਿਅਕਤੀ ਆਪਣੇ ਸਵਾਰਥ ਲਈ ਸਿਆਸੀ ਖੇਡਾਂ ਖੇਡਦੇ ਹਨ ਆਪਾਂ ਸਾਰੇ ਉਹਨਾਂ ਦੀ ਰਾਜਨੀਤੀ ਦੀਆਂ ਖਬਰਾਂ ਬੜੇ ਉਤਸ਼ਾਹਿਤ ਹੋ ਕੇ ਸੁਣਦੇ ਹਨ। ਸਾਰੇ ਲੋਕ ਅਲੱਗ-ਅਲੱਗ ਨੇਤਾਵਾਂ ਜਾਂ ਪਾਰਟੀਆਂ ਦੀਆਂ ਗੱਲਾਂ ਕਰਕੇ, ਬਹਿਸਬਾਜ਼ੀ ਕਰਕੇ ਆਪਣੀ ਆਪਣੀ ਸੋਚ ਮੁਤਾਬਕ ਚੋਣਾਂ ਤੋਂ ਪਹਿਲਾਂ ਹੀ ਨਤੀਜਿਆਂ ਦਾ ਮੁਲਾਂਕਣ ਕਰ ਰਹੇ ਹੁੰਦੇ ਹਨ। ਸਾਰੇ ਵੋਟਰ ਕਿਸੇ ਫ਼ਿਲਮ ਵਾਂਗ ਚੋਣਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ ਅਤੇ ਚੋਣਾਂ ਦੇ ਨਤੀਜਿਆਂ ਦਾ ਖੂਬ ਅਨੰਦ ਮਾਣ ਰਹੇ ਹੁੰਦੇ ਹਾਂ। ਬਹੁਤੇ ਵੋਟਰ ਸ਼ਹੁਰਤ,ਅਮੀਰੀ,ਰੁਤਬਾ ਜਾਂ ਕਿਸੇ ਦਾ ਮੂੰਹ ਮੁਲਾਹਜ਼ਾ ਰੱਖਣ ਲਈ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਦੇ ਹਨ।

ਆਪਾਂ ਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਸੰਵਿਧਾਨ ਵੱਲੋਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਰਕਾਰ ਬਣਾਉਣ ਲਈ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਜਨਤਾ ਆਪਣਾ ਪ੍ਰਤੀਨਿਧ ਆਪ ਚੁਣ ਕੇ ਭੇਜਦੀ ਹੈ। ਲੋਕਤੰਤਰਿਕ ਪ੍ਰਣਾਲੀ ਵਿੱਚ ਇਸ ਦੀ ਬਹੁਤ ਮਹੱਤਤਾ ਹੈ।ਆਮ ਨਾਗਰਿਕਾਂ ਦੀ ਵੋਟ ਦੇ ਹੱਕ ਤੇ ਆਧਾਰਿਤ ਦੇਸ਼ ਦੀ ਸਰਕਾਰ ਬਣਦੀ ਹੈ ਪਰ ਸਮਾਜ ਦੇ ਬਹੁਤੇ ਵਰਗਾਂ ਦੇ ਲੋਕ ਇਹ ਘੱਟ ਹੀ ਸੋਚਦੇ ਹਨ ਕਿ ਉਹ ਜਿਸ ਨੂੰ ਵੋਟ ਪਾਉਣ ਜਾ ਰਹੇ ਹਨ ਉਹ ਉਸ ਦੀ ਵੋਟ ਲਈ ਯੋਗ ਉਮੀਦਵਾਰ ਹੈ ਵੀ ਜਾਂ ਨਹੀਂ? ਇੱਕ ਵੋਟ ਦਾ ਨਤੀਜਾ ਆਪਾਂ ਸਭ ਨੂੰ ਪੰਜ ਸਾਲ ਭੁਗਤਣਾ ਪੈਂਦਾ ਹੈ।

ਚੋਣਾਂ ਦੇ ਦੌਰ ਵਿੱਚ ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ ਜ਼ੋਰ ਨਾਲ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਲਾਉਂਦੀਆਂ ਹਨ। ਇੱਕ ਦੂਜੇ ਦੀਆਂ ਖ਼ਾਮੀਆਂ ਨੂੰ ਗਿਣਾਇਆ ਜਾਂਦਾ ਹੈ।ਹਰ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਦਾ ਕੰਮ ਸ਼ੁਰੂ ਹੁੰਦਾ ਹੈ। ਜਿੰਨਾਂ ਨੂੰ ਚੋਣ ਲੜਨ ਲਈ ਆਪਣੀ ਪਾਰਟੀ ਵੱਲੋਂ ਟਿਕਟ ਨਹੀਂ ਮਿਲਦੀ ਉਹ ਵਿਰੋਧੀ ਧਿਰ ਵੱਲ ਹੱਥ ਪੱਲੇ ਮਾਰਨ ਲੱਗਦਾ ਹੈ ਜਾਂ ਫਿਰ ਇੱਕ ਧਿਰ ਨੂੰ ਦੂਜੀ ਧਿਰ ਦਾ ਉਮੀਦਵਾਰ ਤਕੜਾ ਲੱਗਦਾ ਹੈ ਤਾਂ ਉਸ ਨੂੰ ਖਰੀਦਣ ਲਈ ਪੂਰਾ ਜ਼ੋਰ ਲੱਗ ਜਾਂਦਾ ਹੈ। ਮਤਲਬ ਕਿ ਪਾਰਟੀਆਂ ਦੀ ਭੰਨ ਤੋੜ ਕਰਕੇ ਪੂਰੀ ਮੁਰੰਮਤ ਕੀਤੀ ਜਾਂਦੀ ਹੈ ਅਤੇ ਚੋਣਾਂ ਵਿੱਚ ਜਿੱਤ ਨਿਸ਼ਚਿਤ ਕਰਨ ਲਈ ਪਾਰਟੀ ਦਾ ਮਜ਼ਬੂਤੀਕਰਨ ਕੀਤਾ ਜਾਂਦਾ ਹੈ। ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਇਹੀ ਕੁਝ ਚੱਲ ਰਿਹਾ ਹੈ।

ਹੁਣ ਮੁੱਦਾ ਆਮ ਵਿਅਕਤੀ ਦੀ ਵੋਟ ਦੇ ਅਧਿਕਾਰ ਦਾ ਹੈ। ਸਾਰੇ ਨਾਗਰਿਕ ਆਪਣੇ ਇਸ ਅਧਿਕਾਰ ਦੀ ਵਰਤੋਂ ਬਹੁਤ ਉਤਸ਼ਾਹ ਪੂਰਵਕ ਕਰਦੇ ਹਨ। ਪਰ ਉਹ ਇਸ ਗੱਲੋਂ ਅਣਜਾਣ ਹੁੰਦੇ ਹਨ ਕਿ ਉਹ ਆਪਣੇ ਇਸ ਅਧਿਕਾਰ ਦਾ ਸਹੀ ਇਸਤੇਮਾਲ ਕਰ ਰਹੇ ਹਨ ਜਾਂ ਨਹੀਂ। । ਜਿਹੜੇ ਵਿਅਕਤੀ ਪੈਸਿਆਂ ਜਾਂ ਚੌਧਰ ਦੀ ਖਾਤਰ ਮੂਲੀਆਂ ਗਾਜਰਾਂ ਵਾਂਗ ਵਿਕ ਰਿਹਾ ਹੈ ਉਹ ਵਿਅਕਤੀ ਕਦੇ ਵੀ ਨਿੱਜਤਾ ਤੋਂ ਉੱਪਰ ਨਹੀਂ ਉੱਠ ਸਕਦਾ। ਆਮ ਜਨਤਾ ਨੂੰ ਉਸ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਵੋਟ ਕਦੇ ਵੀ ਕਿਸੇ ਦੀ ਅਮੀਰੀ, ਜਾਣ-ਪਛਾਣ ਜਾਂ ਰੁਤਬਾ ਦੇਖ ਕੇ ਨਹੀਂ ਪਾਉਣੀ ਚਾਹੀਦੀ। ਸਾਡੇ ਦੇਸ਼ ਦੇ ਸਿਆਸੀ ਮਿਆਰ ਨੂੰ ਗਿਰਾਉਣ ਵਿੱਚ ਉਹਨਾਂ ਵੋਟਰਾਂ ਦਾ ਹੱਥ ਵੀ ਹੈ ਜੋ ਪੈਸੇ ਲੈ ਕੇ ਵੋਟ ਪਾਉਂਦੇ ਹਨ। ਕਈ ਲੋਕ ਤਾਂ ਆਪਣੀ ਵੋਟ ਦੀ ਕੀਮਤ ਇੱਕ ਸ਼ਰਾਬ ਦੀ ਬੋਤਲ ਬਰਾਬਰ ਹੀ ਰੱਖ ਦਿੰਦੇ ਹਨ। ਆਪਣੀ ਜ਼ਮੀਰ ਨੂੰ ਜਿੰਦਾ ਰੱਖ ਕੇ ਆਪਣੀ ਤਾਕਤ ਨੂੰ ਕਾਇਮ ਰੱਖਿਆ ਜਾਵੇ।

ਹਰ ਨਾਗਰਿਕ ਨੂੰ ਵੋਟ ਕਦੇ ਵੀ ਕਿਸੇ ਇੱਕ ਪਾਰਟੀ ਨੂੰ ਦੇਖ ਕੇ ਨਹੀਂ ਪਾਉਣੀ ਚਾਹੀਦੀ। ਵੋਟ ਦਾ ਇਸਤੇਮਾਲ ਕਿਸੇ ਵੀ ਉਮੀਦਵਾਰ ਦੀ ਸ਼ਖ਼ਸੀਅਤ ਨੂੰ ਦੇਖ ਕੇ ਕੀਤਾ ਜਾਣਾ ਚਾਹੀਦਾ ਹੈ । ਜਿਸ ਵਿਅਕਤੀ ਨੇ ਸਮਾਜ ਵਿੱਚ ਵਿਚਰਦਿਆਂ ਸਿਰਜਣਾਤਮਕ ਕਾਰਜ ਕੀਤੇ ਹੋਣ ਜਾਂ ਕਿਸੇ ਹੋਰ ਤਰੀਕੇ ਨਾਲ ਆਮ ਲੋਕਾਂ ਵਿੱਚ ਵਿਚਰਦੇ ਹੋਏ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੋਵੇ ,ਜੋ ਜਿੱਤਣ ਤੋਂ ਬਾਅਦ ਵੀ ਹਰ ਆਮ ਆਦਮੀ ਨੂੰ ਓਨੀ ਤਰਜੀਹ ਦੇਵੇ ਜਿੰਨੀ ਉਹ ਵੋਟਾਂ ਮੰਗਣ ਵੇਲੇ ਦੇ ਰਿਹਾ ਸੀ।
ਆਮ ਲੋਕਾਂ ਦੀ ਬਿਹਤਰੀ ਲਈ ਜਿੰਨੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ,ਉਹ ਪਾਰਟੀਆਂ ਇਹਨਾਂ ਉੱਤੇ ਖ਼ਰੀਆਂ ਉੱਤਰ ਸਕਣਗੀਆਂ ਜਾਂ ਨਹੀਂ ,ਹਰ ਵੋਟਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ । ਹਰ ਵੋਟਰ ਨੂੰ ਇਸ ਬਾਰੇ ਪੂਰੀ ਸਮਝਦਾਰੀ ਹੋਣੀ ਚਾਹੀਦੀ ਹੈ ਕਿਉਂ ਕਿ ਬਹੁਤੇ ਵੱਡੇ ਵਾਅਦੇ ਕਰਨ ਵਾਲ਼ੀਆਂ ਰਾਜਨੀਤਕ ਪਾਰਟੀਆਂ ਵੀ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀਆਂ ਹਨ। ਸਾਡੀ ਸਿਆਸਤ ਵਿੱਚ ਨੇਤਾਵਾਂ ਲਈ ਸਾਰੇ ਵੋਟਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਸਾਰੇ ਵੋਟਰਾਂ ਨੂੰ ਚੋਣਾਂ ਵਿੱਚ ਬੇਲੋੜੇ ਪ੍ਰਭਾਵ ਹੇਠ ਆ ਕੇ ਆਪਣੀ ਅਹਿਮੀਅਤ ਨਹੀਂ ਗਵਾਉਣੀ ਚਾਹੀਦੀ। ਇਹੀ ਸੋਚ ਨੂੰ ਅਪਣਾਉਂਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੇ ਵੋਟਰ ਆਪਣੀ ਵੋਟ ਦਾ ਸੋਚ ਸਮਝ ਕੇ ਇਸਤੇਮਾਲ ਕਰਨ।

ਬਰਜਿੰਦਰ ਕੌਰ ਬਿਸਰਾਓ…
9988901324

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਤਰਕਾਰ ਸੰਮੇਲਨ ਦੌਰਾਨ ਭਾਜਪਾ ਆਗੂਆਂ, ਉਮੀਦਵਾਰ ਅਤੇ ਵਰਕਰਾਂ ਵੱਲੋਂ ਜਿੱਤ ਦਾ ਦਾਅਵਾ
Next articleਖ਼ਤਮ ਹੋਣ ਵਾਲ਼ਾ ਹੈ