ਕਪੂਰਥਲਾ, ( ਕੌੜਾ ) – ਵੋਟਾਂ ਦੇ ਆਉਂਦਿਆਂ ਹੀ ਸਿਆਸੀ ਗਲਿਆਰਿਆਂ ਵਿੱਚ ਹਲਚਲ ਮੱਚ ਜਾਂਦੀ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਜਾਂਦੀਆਂ ਹਨ । ਨੇਤਾਵਾਂ ਵੱਲੋਂ ਪਾਰਟੀਆਂ ਦੀ ਅਦਲਾ ਬਦਲੀ ਸ਼ੁਰੂ ਹੋ ਜਾਂਦੀ ਹੈ । ਇੱਕ ਪਾਰਟੀ ਵਿੱਚ ਟਿਕਟ ਨਹੀਂ ਮਿਲਦੀ ਤਾਂ ਬਹੁਤੇ ਨੇਤਾ ਪਾਰਟੀ ਬਦਲ ਦਿੰਦੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਰਾਜੂ ਘੋਤੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਆਪਣੇ ਸਵਾਰਥ ਲਈ ਸਿਆਸੀ ਖੇਡਾਂ ਖੇਡਦੇ ਹਨ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਉਹਨਾਂ ਕਿਹਾ ਕਿ ਜੋ ਲੋਕ ਪੰਜਾਬ ਦੇ ਭਲੇ ਲਈ ਕੰਮ ਕਰ ਰਹੇ ਹਨ ਉਨ੍ਹਾਂ ਉਮੀਦਵਾਰਾ ਨੂੰ ਵੋਟ ਪਾਉਣੀ ਚਾਹੀਦੀ ਹੈ। ਤਾਂ ਜੋ ਰੰਗਲੇ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਿਆ ਜਾਵੇ।
ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵੋਟ ਦਾ ਸਹੀ ਇਸਤੇਮਾਲ ਕੀਤਾ ਜਾਵੇ ਅਤੇ ਚੰਗੇ ਬੰਦਿਆਂ ਨੂੰ ਚੁਣ ਕੇ ਲੋਕ ਸਭਾ ਭੇਜਿਆ ਜਾਵੇ।
ਉਹਨਾਂ ਕਿਹਾ ਕਿ ਆਪਾਂ ਸਾਰੇ ਉਹਨਾਂ ਦੀ ਰਾਜਨੀਤੀ ਦੀਆਂ ਖਬਰਾਂ ਬੜੇ ਉਤਸ਼ਾਹਿਤ ਹੋ ਕੇ ਸੁਣਦੇ ਹਾਂ। ਆਪਾਂ ਸਾਰੇ ਅਲੱਗ-ਅਲੱਗ ਨੇਤਾਵਾਂ ਜਾਂ ਪਾਰਟੀਆਂ ਦੀਆਂ ਗੱਲਾਂ ਕਰਕੇ, ਬਹਿਸਬਾਜ਼ੀ ਕਰਕੇ ਆਪਣੀ ਆਪਣੀ ਸੋਚ ਮੁਤਾਬਕ ਚੋਣਾਂ ਤੋਂ ਪਹਿਲਾਂ ਹੀ ਨਤੀਜਿਆਂ ਦਾ ਮੁਲਾਂਕਣ ਕਰ ਰਹੇ ਹੁੰਦੇ ਹਾਂ। ਸਾਰੇ ਵੋਟਰ ਕਿਸੇ ਫ਼ਿਲਮ ਵਾਂਗ ਚੋਣਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ ਅਤੇ ਚੋਣਾਂ ਦੇ ਨਤੀਜਿਆਂ ਦਾ ਖੂਬ ਅਨੰਦ ਮਾਣ ਰਹੇ ਹੁੰਦੇ ਹਾਂ। ਬਹੁਤੇ ਵੋਟਰ ਸ਼ਹੁਰਤ,ਅਮੀਰੀ,ਰੁਤਬਾ ਜਾਂ ਕਿਸੇ ਦਾ ਮੂੰਹ ਮੁਲਾਹਜ਼ਾ ਰੱਖਣ ਲਈ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਦੇ ਹਨ।
ਜਿਹੜੇ ਵਿਅਕਤੀ ਪੈਸਿਆਂ ਜਾਂ ਚੌਧਰ ਦੀ ਖਾਤਰ ਮੂਲੀਆਂ ਗਾਜਰਾਂ ਵਾਂਗ ਵਿਕ ਰਿਹਾ ਹੈ ਉਹ ਵਿਅਕਤੀ ਕਦੇ ਵੀ ਨਿੱਜਤਾ ਤੋਂ ਉੱਪਰ ਨਹੀਂ ਉੱਠ ਸਕਦਾ। ਆਮ ਜਨਤਾ ਨੂੰ ਉਸ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਵੋਟ ਕਦੇ ਵੀ ਕਿਸੇ ਦੀ ਅਮੀਰੀ, ਜਾਣ-ਪਛਾਣ ਜਾਂ ਰੁਤਬਾ ਦੇਖ ਕੇ ਨਹੀਂ ਪਾਉਣੀ ਚਾਹੀਦੀ। ਸਾਡੇ ਦੇਸ਼ ਦੇ ਸਿਆਸੀ ਮਿਆਰ ਨੂੰ ਗਿਰਾਉਣ ਵਿੱਚ ਉਹਨਾਂ ਵੋਟਰਾਂ ਦਾ ਹੱਥ ਵੀ ਹੈ ਜੋ ਪੈਸੇ ਲੈ ਕੇ ਵੋਟ ਪਾਉਂਦੇ ਹਨ। ਕਈ ਲੋਕ ਤਾਂ ਆਪਣੀ ਵੋਟ ਦੀ ਕੀਮਤ ਇੱਕ ਸ਼ਰਾਬ ਦੀ ਬੋਤਲ ਬਰਾਬਰ ਹੀ ਰੱਖ ਦਿੰਦੇ ਹਨ। ਆਪਣੀ ਜ਼ਮੀਰ ਨੂੰ ਜਿੰਦਾ ਰੱਖ ਕੇ ਆਪਣੀ ਤਾਕਤ ਨੂੰ ਕਾਇਮ ਰੱਖਿਆ ਜਾਵੇ।
ਹਰ ਨਾਗਰਿਕ ਨੂੰ ਵੋਟ ਕਦੇ ਵੀ ਕਿਸੇ ਇੱਕ ਪਾਰਟੀ ਨੂੰ ਦੇਖ ਕੇ ਨਹੀਂ ਪਾਉਣੀ ਚਾਹੀਦੀ। ਵੋਟ ਦਾ ਇਸਤੇਮਾਲ ਕਿਸੇ ਵੀ ਉਮੀਦਵਾਰ ਦੀ ਸ਼ਖ਼ਸੀਅਤ ਨੂੰ ਦੇਖ ਕੇ ਕੀਤਾ ਜਾਣਾ ਚਾਹੀਦਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly