ਵੋਟ ਸਾਡਾ ਅਧਿਕਾਰ ਹੈ ਇਹਦੀ ਬੋਲੀ ਕਿਉਂ???

ਅਰਸ਼ਪ੍ਰੀਤ ਕੌਰ ਸਰੋਆ

(ਸਮਾਜਵੀਕਲੀ)- ਸਾਲ 2022 ਦੀ ਸ਼ੁਰੂਆਤ ਹੋ ਗਈ ਹੈ ਅਤੇ ਵੋਟਾਂ ਪੈਣ ਦੀ ਤਾਰੀਖ ਵੀ ਤੈਅ ਹੋ ਗਈ ਹੈ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਫਰਵਰੀ 2022 ਵਿਚ , 16 ਵੀਂ ਵਿਧਾਨ ਸਭਾ ਦੀ ਚੋਣ ਵਿੱਚ 117 ਮੈਂਬਰਾਂ ਦੀ ਚੋਣ ਲਈ ਵੋਟਾਂ ਹੋਣਗੀਆਂ।

ਹੁਣ ਜਿਓਂ ਜਿਓਂ ਵੋਟਾਂ ਨੇੜੇ ਆ ਰਹੀਆਂ ਹਨ ਤਾਂ ਓਵੇਂ ਓਵੇਂ ਹੀ ਪੰਜਾਬ ਦੇ ਸਾਰੇ ਨਿੱਕੇ ਵੱਡੇ ਲੀਡਰ ਕੁੰਭਕਰਨੀ ਨੀਂਦ ਵਿਚੋਂ ਬਾਹਰ ਆ ਰਹੇ ਹਨ। ਬਾਹਰ ਆਉਣ ਵੀ ਕਿਉਂ ਨਾਂ ਇਹੀ ਦਿਨ ਤਾਂ ਇਨ੍ਹਾਂ ਦੇ ਲੋਕਾਂ ਨਾਲ ਵਿਚਰਨ ਦੇ ਹੁੰਦੇ ਹਨ, ਵੱਡੀਆਂ ਵੱਡੀਆਂ ਗੱਲਾਂ ਕਰਨ ਦੇ, ਸਹੁੰਆਂ ਖਾਣ ਦੇ, ਐਲਾਨ ਕਰਨ ਦੇ ਅਤੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਵੋਟਾਂ ਲੈਣ ਦੇ ਹੁੰਦੇ ਹਨ। ਇਨ੍ਹੀਂ ਦਿਨੀਂ ਕੀਤੀਆਂ ਗੱਲਾਂ ਦੇ ਸਿਰ ਹੀ ਤਾਂ ਇਨ੍ਹਾਂ ਨੇ ਫੇਰ ਚਾਰ ਸਾਲ ਅਲੋਪ ਹੋਣਾ ਹੁੰਦਾ ਹੈ।

ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਜੀ ਦਾ ਬਿਆਨ ਆਇਆ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਆਈਲੈਟਸ ਸੈਂਟਰ ਖੋਲਾਂਗੇ। ਪਹਿਲੀ ਤਾਂ ਗੱਲ ਕਿ ਬੱਚੇ ਆਈਲੈਟਸ ਕਰਦੇ ਕਿਉਂ ਹਨ? ਜੇਕਰ ਇਹ ਸਰਕਾਰਾਂ ਸਾਨੂੰ ਰੁਜ਼ਗਾਰ ਦੇਣ ਤਾਂ ਅਸੀਂ ਆਪਣਾ ਘਰ ਪਰਿਵਾਰ ਛੱਡ ਕੇ ਅਤੇ ਪੰਡ ਰੁਪਇਆ ਦੀ ਲਾ ਕੇ ਬਾਹਰਲੇ ਮੁਲਕੀ ਜਾਈਏ ਹੀ ਕਿਉਂ। ਪਹਿਲਾਂ ਤਾਂ ਪੜਾਈਆਂ ਤੇ ਖਰਚਾ ਕਰਦੇ ਹਾਂ ਜਦੋਂ ਇੱਥੇ ਕੋਈ ਨੌਕਰੀ ਨਹੀਂ ਮਿਲਦੀ ਦਿਸਦੀ ਤਾਂ ਮਰਦਿਆਂ ਨੂੰ ਬਾਹਰਲੇ ਮੁਲਕੀ ਜਾਣ ਵਾਲਾ ਅੱਕ ਚੱਬਣਾ ਪੈਦਾ ਹੈ।

ਸਿੱਧੂ ਜੀ ਨੇ ਬਿਆਨ ਦਿੱਤਾ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਕੁੜੀਆਂ ਨੂੰ ਜਮਾਤ ਪਾਸ ਕਰਨ ਦੇ ਹਿਸਾਬ ਨਾਲ ਰਾਸ਼ੀ ਮੁਹੱਈਆ ਕਰਵਾਂਵਾਗੇ ਅਤੇ ਸਕੂਟਰੀਆਂ ਵੀ ਦੇਵਾਂਗੇ। ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਹੁਣ ਕਿਸਦੀ ਸਰਕਾਰ ਹੈ। ਹੁਣ ਵੀ ਤਾਂ ਤੁਹਾਡੀ ਹੀ ਸਰਕਾਰ ਹੈ ਹੁਣ ਕਿੰਨੀਆਂ ਕੁੜੀਆਂ ਨੂੰ ਤੁਸੀਂ ਇਹ ਸਭ ਮੁਹੱਈਆ ਕਰਵਾਇਆ।

ਮੌਜੂਦਾ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਸਾਡੀ ਅੱਗੇ ਸਰਕਾਰ ਆਉਣ ਤੇ ਅਸੀਂ ਬਹੁਤ ਵੱਡੀ ਗਿਣਤੀ ਵਿਚ ਨੌਕਰੀਆਂ ਵੀ ਦੇਵਾਂਗੇ। ਹੁਣ ਵੀ ਤਾਂ ਤੁਹਾਡੀ ਹੀ ਸਰਕਾਰ ਸੀ ਕਿੰਨੀਆਂ ਕੁ ਨੌਕਰੀਆਂ ਦਿੱਤੀਆਂ। ਠੇਕੇ ਵਾਲੇ ਮੁਲਾਜ਼ਮਾਂ ਨੂੰ ਕਿੰਨਾ ਸਮਾਂ ਧਰਨੇ ਲਾਉਂਦਿਆਂ ਨੂੰ ਹੋ ਗਿਆ ਉਨ੍ਹਾਂ ਦੀ ਤਾਂ ਅੱਜ ਤੱਕ ਨਹੀਂ ਸੁਣੀ। ਨੌਕਰੀਆਂ ਲਈ ਟੈਸਟ ਵੀ ਬਥੇਰੇ ਕੱਢੇ ਉਹ ਵੀ ਬਸ ਫੀਸਾਂ ਇਕੱਠੀਆਂ ਕਰਨ ਲਈ।
ਸਭ ਪਾਰਟੀਆਂ ਦਾ ਇਹੋ ਹੀ ਹਾਲ ਹੈ। ਸਾਰੇ ਇੱਕ ਦੂਜੇ ਤੋਂ ਵੱਧ ਚੜ ਕੇ ਐਲਾਨ ਕਰ ਰਹੇ ਹਨ। ਪਰ ਕਰਨਾ ਕਿਸੇ ਨੇ ਕੁਝ ਨਹੀਂ। ਇਹ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਆਪਣੇ ਹੱਕਾਂ ਪ੍ਰਤੀ ਅਤੇ ਵੋਟ ਦੇ ਅਧਿਕਾਰ ਪ੍ਰਤੀ।

ਇਨ੍ਹਾਂ ਹੀ ਨਹੀਂ ਹੋਰ ਵੀ ਬਥੇਰੇ ਬਿਆਨ ਦਿੱਤੇ ਜਾ ਰਹੇ ਹਨ ਇਨ੍ਹਾਂ ਇਨ੍ਹਾਂ ਮੌਸਮੀ ਬਟੇਰਿਆਂ ਵੱਲੋਂ। ਮਕਸਦ ਸਿਰਫ਼ ਇੱਕ ਹੈ ਕਿ ਜਿਵੇਂ ਕਿਵੇਂ ਬਸ ਵੋਟਾਂ ਪੈ ਜਾਣ ਸਾਨੂੰ ਅਤੇ ਸਾਡੀ ਸਰਕਾਰ ਬਣ ਜਾਏ ਅਸੀਂ ਆਪਣੇ ਬੱਬਰ ਭਰ ਲਈਏ। ਫੇਰ ਜਨਤਾ ਜਿਹੜੇ ਖੂਹ ਮਰਜ਼ੀ ਪਵੇ। ਅਗਲੀਆਂ ਵੋਟਾਂ ਵੇਲੇ ਫੇਰ ਐਲਾਨ ਕਰ ਕਰ ਕੇ ਲਾਲਚ ਦੇ ਕੇ ਫੇਰ ਵਰਾਅ ਲਵਾਂਗੇ।

ਇਹ ਸਰਕਾਰਾਂ ਵੱਡੇ ਵੱਡੇ ਐਲਾਨ ਕਰਕੇ ਸਾਡੇ ਵੋਟ ਦੇ ਅਧਿਕਾਰ ਦੀ ਬੋਲੀ ਲਗਾ ਰਹੀਆਂ ਹਨ। ਲੋੜ ਹੈ ਸਾਨੂੰ ਜਾਗਰੂਕ ਹੋ ਕੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ।
“ਵੋਟਾਂ ਤੋਂ ਤਾਂ ਪਹਿਲਾਂ ਨੇਤਾ ਪੈਰੀ ਹੱਥ ਤੱਕ ਲਾਉਂਦੇ
ਵੋਟਾਂ ਪਿੱਛੋਂ ਕਦੇ ਨਾਂ ਇਹ ਮੂੰਹ ਵੀ ਦਿਖਾਉਂਦੇ
ਇਸ ਗੱਲ ਦੀ ਮੈਂ ਇਕ ਹੀ ਨਿਸ਼ਾਨੀ ਖੋਲਦੀ
ਇਸ ਸਭ ਪਿੱਛੇ ਬੰਦੇ ਦੀ ਖਾਨਦਾਨੀ ਬੋਲਦੀ”

ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਪੂਰਬੀ
ਮੋਗਾ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਅੱਪਰਾ ਇਲਾਕੇ ਲਈ ਵੀ ਇੱਕ ਵੱਡੇ ਸਰਕਾਰੀ ਹਸਪਤਾਲ ਨੂੰ ਬਣਾਉਣ ਦਾ ਐਲਾਨ ਕਰੇ-ਵਿਨੋਦ ਭਾਰਦਵਾਜ, ਜੱਗੀ ਸੰਧੂ ਤੇ ਮਨਵੀਰ ਸਿੰਘ ਢਿੱਲੋਂ
Next articleਧੀਆਂ