ਵਲਵਲੇ ਬਨਾਮ ਗ਼ੈਰ-ਗੰਭੀਰ ਬੱਲੇ-ਬੱਲੇ

ਯਾਦਵਿੰਦਰ

(ਸਮਾਜ ਵੀਕਲੀ)

ਸੰਦਰਭ : ਬੇਗਾਨੇ ਖ਼ਿੱਤੇ ਵਿੱਚੋਂ ਫਕੀਰਾਂ, ਸਭਿਆਚਾਰਕ ਕਰਿੰਦਿਆਂ ਜਾਂ ਹਾਕਮਾਂ ਜ਼ਰੀਏ (ਨਾਲ) ਆਏ ਲਫਜ਼ ਕਈ ਦਫ਼ਾ ਬਣ ਜਾਂਦੇ ਨੇ ਮੁਸਕੁਰਾਹਟ ਦਾ ਸਬੱਬ ਤੇ ਲੋਕ ਧਾਰਾ ਦਾ ਸਮੁੱਚ

ਸਾਡੇ ਏਸ ਜੱਗ ਵਿਚ ਬਹੁਤ ਸਾਰੇ ਮੁਲਕ ਵੱਸ ਰਹੇ ਹਨ। ਲੰਘੇ 20 ਸਾਲਾਂ ਦੌਰਾਨ ਇਕ ਨਵੇਂ ਮੁਲਕਾਂ ਨੇ ਵੀ ਵਜੂਦ ਲਿਆ ਹੈ। ਹਾਲੇ ਹੋਰ ਵੀ ਨਵੇਂ ਮੁਲਕ ਹੋਂਦ ਗ੍ਰਹਿਣ ਕਰ ਸਕਦੇ ਨੇ ਕਿਉਂਕਿ ਰੂਸ (ਰਸ਼ੀਅਨ ਸਬ ਕੋਨਟੀਨੈਂਟਲ) ਸਣੇ ਦੁਨੀਆਂ ਵਿਚ ਕਈ ਥਾਈਂ ਬਹੁਤ ਸਾਰੇ ਲੋਕ ਤੇ ਕਈ ਕੌਮਾਂ ਆਪਣੀ ਅੱਡਰੀ ਤਹਿਜ਼ੀਬੀ ਸ਼ਨਾਖ਼ਤ ਜਾਂ ਵੱਖਰਾ ਇਤਿਹਾਸ ਹੋਣ ਦਾ ਦਾਅਵਾ ਕਰਦੀਆਂ ਹਨ। ਖ਼ੈਰ … ਸਾਡਾ ਮਕ਼ਸਦ ਜਹਾਨ ਦੇ ਮੁਲਕਾਂ ਦੀ ਟੁੱਟ ਭੱਜ ਜਾਂ ਜੁੜਾਅ ਬਾਰੇ ਚਰਚਾ ਤੋਰਨਾ ਨਹੀਂ ਹੈ ਸਗੋਂ ਬੇਗਾਨੀ ਰਹਿਤਲ ਵਿੱਚੋਂ ਅਪਣਾਏ ਲਫਜ਼ਾਂ ਦੇ ਸਾਡੇ ਮਾਹੌਲ ਵਿਚ ਹੋਏ ਘਾਲ ਮੇਲ ਦਾ ਵਿਸ਼ਾ ਛੋਹਣਾ ਹੈ।
******

ਕਈ ਵਾਰ ਲੱਗਦਾ ਹੈ ਕਿ ਬਾਕੀ ਦੁਨੀਆਂ ਦੀ ਨਿਸਬਤ ਭਾਰਤੀ ਬੋਲੀਆਂ ਵਿਚ ਦੂਰ ਵੱਸਦੇ ਦੇਸਾਂ ਦੀਆਂ ਬੋਲੀਆਂ ਦੇ ਲਫ਼ਜ਼ ਬਹੁਤਾਤ ਵਿਚ ਜਜ਼ਬ ਹੋ ਚੁੱਕੇ ਹੋਏ ਹਨ। ਇਹਦੇ ਵਿਚ ਕੋਈ ਸ਼ਕ਼ ਸੁਭਾ ਵੀ ਨਹੀਂ, ਕਿਉਂਕਿ ਭਾਰਤ ਜਿਹੜਾ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਤੱਕ ਕਦੇ ਵੀ ਇਕ ਮੁਲਕ ਨਹੀਂ ਸੀ, ਏਸ ਭਾਰਤ ਅਖਵਾਉਂਦੇ ਜ਼ਮੀਨੀ ਖ਼ਿੱਤੇ ਉੱਤੇ ਬਹੁਤ ਸਾਰੇ ਧਾੜਵੀਆਂ ਦੇ ਹਮਲੇ ਹੋਏ। ਏਥੇ ਪ੍ਰਚੱਲਤ ਧਾਰਮਕ ਕੱਟੜਤਾ ਤੇ ਪੁਜਾਰੀਵਾਦ ਦੀ ਧੋਖਾਧੜੀ ਨੂੰ ਠੱਲ੍ਹ ਪਾਉਣ ਲਈ ਵੀ ਦੂਰ ਦੇਸਾਂ ਤੋਂ ਫ਼ਕੀਰ ਆਉਂਦੇ ਰਹੇ ਹਨ ਤੇ ਤਬਦੀਲੀ ਪਸੰਦ ਪਰਦੇਸੀਆਂ ਨੇ ਵੀ ਸਾਡੇ ਅਚੇਤ ਸਚੇਤ ਮਨ ਉੱਤੇ ਡਾਹਢਾ ਕਾਰਜ ਕੀਤਾ ਹੋਇਆ ਹੈ। ਹੋਰਨਾਂ ਸਭਿਆਚਾਰਾਂ ਦੇ ਕਰਿੰਦੇ ਭਾਰਤ ਵਿਚ ਆਉਂਦੇ ਰਹੇ ਸਨ। ਇਹ ਦਸਤੂਰ, ਚਿਰਾਂ ਤੋਂ ਤੁਰਿਆ ਹੋਇਆ ਹੈ, ਇਹ ਵਰਤਾਰਾ ਕਦੋਂ ਤੇ ਕਿਹਨੇ ਚਾਲੂ ਕੀਤਾ ਸੀ, ਬਾਰੇ ਸਹੀ ਤਰੀਕ ਜਾਂ ਸਹੀ ਦਿਨ/ਵਾਰ ਨਹੀਂ ਦੱਸਿਆ ਜਾ ਸਕਦਾ। ਏਸ ਵਰਤਾਰੇ ਨੂੰ ਅਸੀਂ ਹਰ ਰੋਜ਼, ਜ਼ਿੰਦਗੀ ਵਿਚ, ਵਾਪਰਦਾ ਹੋਇਆ ਵੇਖਦੇ ਹਾਂ, ਸਾਡੇ ਸਮੂਹਕ ਮਨ ਏਸ ਤੱਥ ਦੇ ਗਵਾਹ ਹਨ।

*****
ਬੱਲੇ ਬੱਲੇ ਦੇ ਮਤਲਬ ਲੱਭਦਿਆਂ ਹੋਇਆਂ!
ਓ ਬੱਲੇ ਬੱਲੇ… ਬੀਰੇ! ਇਹਦਾ ਕੀ ਮਤਲਬ ਹੋਇਆ। ਸਾਡੀ ਖੋਜ ਮੁਤਾਬਕ ਵਲ ਵਲੇ ਭਾਵ ਕਿ ਮਨ ਦੀ ਵਿਚਾਰ ਤਰੰਗ, ਮਨ ਦੀ ਸੱਜਰੀ ਉਮੰਗ ਜਿਹਨੂੰ “ਵਲਵਲਾ” ਆਖ ਦਿੰਨੇ ਆਂ, ਇਹੀ ਵਲਵਲੇ ਵਿਗੜੇ ਉਚਾਰਣ ਤਹਿਤ “ਬੱਲੇ ਬੱਲੇ” ਹੈ। ਦਰਅਸਲ ਪੰਜਾਬ ਵਿਚ “ਵ” ਨੂੰ “ਬ” ਬੋਲਣ ਦਾ ਰਿਵਾਜ਼ ਸਭਨੀਂ ਥਾਈਂ ਭਾਰੂ ਹੈ। ਖ਼ਾਸਕਰ ਦਬਾਬੇ (ਦੋ ਆਬਾ) ਵਿਚ ਵਿਹੜੇ ਨੂੰ ਬਿਹੜਾ, ਵੁੱਕਤ ਨੂੰ ਬੁੱਕਤ, ਵਾਰਨ ਨੂੰ ਬਾਰਨ, ਵਰ ਨੂੰ ਬਰ ਵਗੈਰਾ ਕਹਿਣ ਦਾ ਤੋਰਾ ਤੁਰਿਆ ਹੋਇਆ ਹੈ।

ਇਹੋ ਜਿਹੇ ਕਿਸੇ ਅਣਭੋਲਪਣੇ ਕਰ ਕੇ ਵੀ ਵਲਵਲਾ, ਬਲਬਲਾ ਬਣ ਗਿਆ ਹੋ ਸਕਦਾ ਹੈ। ਹਾਲਤ ਦਾ ਦੂਜਾ ਪੱਖ ਇਹ ਹੈ ਕਿ ਪੰਜਾਬ ਵਿਚ ਇਸਲਾਮ ਤੇ ਇਸਲਾਮਿਕ ਸ਼ਬਦਾਵਲੀ ਦਾ ਚੋਖਾ ਅਸਰ ਮੌਜੂਦ ਹੈ। “ਵੱਲਾਹ” ਲਫ਼ਜ਼ ਲੋਕ ਜੀਵਨ ਵਿਚ ਉਚਾਰਣ ਦੇ ਸਫ਼ਰ ਉੱਤੇ ਨਿੱਕਲ ਕੇ “ਬੱਲ੍ਹਾਹ” ਤੇ ਫੇਰ ਬੱਲੇ ਬੱਲੇ ਬਣ ਗਿਆ ਹੋ ਸਕਦਾ ਹੈ। ਜਿਹੜੇ ਲੋਕ ਪੁਜਾਰੀ ਦੀ ਕਾਢ, ਜ਼ਾਤ ਪਾਤ ਮੁਤਾਬਕ ਜਨੇਊ ਨਹੀਂ ਧਾਰਨ ਕਰ ਸਕਦੇ ਸਨ, ਓਹ ਵੀ ਧਰਮ ਕਮਾਉਣਾ ਚਾਹੁੰਦੇ ਸਨ। ਵੱਡੀ ਗਿਣਤੀ ਵਿਚ ਲੋਕ ਜਦੋਂ ਦੀਨ ਇਸਲਾਮ ਨੂੰ ਓਟਣ ਲੱਗੇ ਤਾਂ ਇਸਲਾਮਿਕ ਲਫਜ਼ਾਲੀ ਪੰਜਾਬੀ ਜਨ ਜੀਵਨ ਵਿਚ ਥਾਂ ਬਣਾਉਣ ਲੱਗੀ ਸੀ।

ਭਾਰਤੀ ਬੋਲੀਆਂ ਉੱਤੇ ਅਰਬੀ, ਫ਼ਾਰਸੀ, ਅੰਗਰੇਜ਼ੀ ਦਾ ਅਸਰ ਬਹੁਤ ਗਹਿਰਾਈ ਲੈ ਚੁੱਕਿਆ ਹੋਇਆ ਹੈ। ਪੰਜ+ਆਬੀ ਬੋਲੀ ਦੀ ਮਿਸਾਲ ਲੈ ਸਕਦੇ ਹਾਂ, ਪੰਜਾਬੀ ਵਿਚ “ਪੰਜਾਬੀ” ਤਾਂ ਕਝ ਵੀ ਨਹੀਂ!! ਪੰਜਾਬ, ਪੰਜਆਬੀ, ਪੰਜਾਬੀਅਤ ਇਹ ਓਹ ਨਾਅਰਾ ਹੈ, ਜਿਹਨੂੰ ਬੁਲੰਦ ਕਰ ਕੇ ਬਹੁਤ ਸਾਰੇ ਲੋਕ ਆਪਣੇ ਘਰ ਦੀ ਗ਼ਰੀਬੀ ਹੂੰਝ ਚੁੱਕੇ ਹਨ। ਪੰਜਾਬ, ਪੰਜਾਬੀਅਤ ਦੇ ਨਾਂ ਉੱਤੇ ਅਨੇਕ ਅਦਾਰੇ ਚੱਲ ਰਹੇ ਹਨ। (ਇਹ ਵੱਖਰਾ ਤੱਥ ਹੈ ਕਿ ਪੰਜਾਬ ਹਿਤੈਸ਼ੀ ਲੱਭਿਆਂ ਵੀ ਨਹੀਂ ਲੱਭਦੇ ਹੁੰਦੇ)।

ਪੰਜਾਬ ਲਫ਼ਜ਼ (ਹੀ) ਪੰਜ+ਆਬ ਦਾ ਜੋੜ ਫਲ ਹੈ। ਫੇਰ… ਅੱਗਿਓਂ ਪੰਜਾਬੀ ਏਸ ਦਾ ਵਧੇਤਰ ਹੈ। ਪੰਜਾਬੀ+ਅਤ ਦਾ ਖ਼ਿਆਲ ਜਾਂ ਸੰਕਲਪ ਦਾ ਮਤਲਬ ਪੰਜਾਬੀਪਣਾ ਹੈ। ਪੰਜਾਬ ਨਾਂ ਦਾ ਇਹ ਖਿੱਤਾ ਅੱਗਿਓਂ ਦੋ ਮੁਲਕਾਂ ਵਿਚ ਤਕ਼ਸੀਮ ਹੋ ਚੁੱਕਿਆ ਹੋਇਆ ਹੈ। ਅਸੀਂ ਭਾਰਤੀ ਬਾਸ਼ਿੰਦੇ ਚੜ੍ਹਦੇ ਪੰਜਾਬ ਦੇ ਵਸਨੀਕ ਹਾਂ ਤੇ ਪਾਕਿਸਤਾਨ ਵਿਚ ਵੱਸਦੇ ਪੰਜਾਬੀ ਲੋਕ, ਲਹਿੰਦੇ ਪੰਜਾਬ ਵਾਲੇ ਹਨ। ਬੇਸ਼ਕ਼ ਇਹ ਗੱਲਾਂ ਸਭ ਨੂੰ ਪਤਾ ਹੋ ਸਕਦੀਆਂ ਹਨ ਪਰ ਫੇਰ ਵੀ ਜ਼ਿਕਰ ਕਰਨਾ ਕੁਥਾਂ ਨਹੀਂ। ਸਗੋਂ ਚੇਤਾ ਸੱਜਰਾ ਕਰਨਾ ਸਾਡਾ ਮੰਤਵ ਹੈ।

ਪੰਜਾਬੀ ਜ਼ੁਬਾਨ ਬਾਰੇ ਬਹੁਤ ਸਾਰੇ ਸੱਜਣ ਇਹ ਰਾਏ ਰੱਖਦੇ ਹੈਨ ਕਿ ਇਹ ਸਰਾਇਕੀ ਜਾਂ ਸਰੈਕੀ ਬੋਲੀ ਦਾ ਨਵਾਂ, ਵਿਗਸਤ ਤੇ ਜਾਰੀ ਰੂਪ ਹੈ। ਅਸੀਂ ਖ਼ੁਦ, ਦੇਖਦੇ ਹਾਂ ਕਿ ਸਰਾਇਕੀ ਬੋਲੀ ਸੱਚਮੁੱਚ ਹੀ ਹੁਣ ਦੇ ਦੌਰ ਦੀ ਪੰਜਾਬੀ ਵਰਗੀ (ਹੀ) ਹੈ। ਇਕ ਨੂੰ ਸਰੈਕੀ ਵਿਚ ਹਿੱਕ ਆਖਦੇ ਹਨ। ਤਿੰਨ ਨੂੰ ਤ੍ਰੈ ਕਹਿੰਦੇ ਨੇ। ਸਰਾਇਕੀ ਬੋਲੀ ਪਾਕਿਸਤਾਨ ਵਿਚ ਬੋਲੀ ਜਾਂਦੀ ਹੈ ਤੇ ਇਹ ਝੰਗ ਤੇ ਸਿੰਧ ਇਲਾਕੇ ਦੀ ਬੋਲੀ ਵਰਗੀ ਹੁੰਦੀ ਹੈ। (ਜਗਿਆਸੂ ਸੱਜਣ ਯੂ ਟਿਊਬ ਉੱਤੇ ਸਰਾਇਕੀ ਸੰਪਰਕ ਲੱਭ ਕੇ ਤਹਿਕੀਕ ਕਰ ਸਕਦੇ ਹਨ।)

ਕਈ ਜਣੇ ਆਖਦੇ ਹਨ ਤੇ ਏਸ ਤੋਂ ਉੱਪਰ ਦਾਅਵਾ ਕਰਦੇ ਹੈਨ ਕਿ ਪੰਜਾਬੀ ਬੋਲੀ, ਸੰਸਕ੍ਰਿਤ ਪਰਵਾਰ ਦਾ ਅੰਸ਼ ਹੈ। ਭਾਰਤੀ ਪੰਜਾਬ ਵਿਚ ਗੁਆਂਢੀ ਹਿਮਾਚਲ ਸੂਬੇ ਦੀ ਡੋਗਰੀ, ਜੰਮੂਆਲੀ ਬੋਲੀ ਦਾ ਹਿੰਦੀ ਸੰਸਕ੍ਰਿਤ ਨੁਮਾ ਰੂਪ ਦੇਖਦੇ ਹਾਂ ਤਾਂ ਓਹ ਹਿਮਾਚਲ ਦੀ ਹਿੰਦੀ ਨੁਮਾ ਪੰਜਾਬੀ ਦਾ ਹਵਾਲਾ ਵੀ ਦਿੰਦੇ ਹਨ। ਆਪਣੇ ਦਾਅਵੇ ਨੂੰ ਪੁਖ਼ਤਾ ਕਰਨ ਲਈ ਸੰਸਕ੍ਰਿਤ ਦੇ ਵਕੀਲ ਇਹ ਵੀ ਦਲੀਲ ਅਗਾਂਹ ਤੋਰਦੇ ਹਨ ਕਿ ਪੰਜਾਬੀ ਦਾ “ਹਿੰਦੀ ਨੁਮਾ ਪੰਜਾਬੀ” ਤੋਂ ਵੱਖਰਾਪਣ ਉਦੋਂ ਬੁਨਿਆਦੀ ਸ਼ਕ਼ਲ ਲੈਣੀ ਅਖ਼ਤਿਆਰ ਕਰਦਾ ਹੈ, ਜਦੋਂ ਪੰਜਾਬੀ ਜਨਤਾ ਨੇ ਇਸਲਾਮ ਧਰਮ ਓਟ ਲਿਆ ਸੀ ਤੇ ਇਹ ਲਹਿਰ ਅੱਗੇ ਵਧਣ ਲੱਗੀ ਸੀ। ਕੀ ਇਹ ਦਲੀਲ ਸਹੀ ਹੈ?

ਦੂਜਾ ਪਾਸਾ
ਪਰ ਜੇ ਦੇਖੀਏ ਤਾਂ, ਏਸੇ ਤਰ੍ਹਾਂ ਸਿੰਘ ਸਭਾ ਲਹਿਰ ਦੇ ਚਿੰਤਕਾਂ ਨੇ ਵੀ ਪੰਜਾਬੀ ਬੋਲੀ ਦੇ ਸੁਧਾਰ ਤੇ ਵਿਗਾਸ ਲਈ ਲੋਕ ਲਹਿਰ ਵਰਗਾ ਕੰਮ ਹੀ ਕੀਤਾ ਹੈ। ਇਹ ਕੰਮ ਭਾਵੇਂ ਪੰਜਾਬੀ ਲੋਕਾਈ ਦਾ ਜੀਵਨ ਸੁਖਾਲ਼ਾ ਬਣਾਉਣ ਵੱਲ ਕੇਂਦਰਤ ਰਿਹਾ ਸੀ ਪਰ ਕਈ ਅੱਧਪੜ੍ਹ ਵਿਦਵਾਨਾਂ ਨੂੰ ਇਹ ਕੰਮ ਫਿਰਕੂ ਤੰਗ ਨਜ਼ਰੀਏ ਮੁਜਬ ਕੀਤਾ ਹੋਇਆ ਜਾਪਦਾ ਹੈ। ਜਦਕਿ ਉਹ ਖ਼ੁਦ ਫਿਰਕੂ ਅਨਸਰ ਨੇ।

ਪੰਜਾਬੀ ‘ਚ ਕਿਵੇਂ ਰਲੇ ਹੋਣਗੇ ਅਰਬੀ, ਫ਼ਾਰਸੀ ਤੇ ਹੋਰ ਭਾਸ਼ਾਵਾਂ ਦੇ ਸ਼ਬਦ?
ਪੰਜਾਬੀ ਵਿਚ ਜਿੱਥੋਂ ਤੱਕ ਅਰਬੀ, ਫ਼ਾਰਸੀ ਤੇ ਅੰਗਰੇਜ਼ੀ ਭਾਸ਼ਾ ਦੇ ਲਫ਼ਜ਼ ਘੁਲਣ ਮਿਲਣ ਦਾ ਸੁਆਲ ਹੈ, ਏਸ ਦਾ ਜੁਆਬ ਬੜਾ ਸਵੈ ਸਪਸ਼ਟ ਹੈ। ਮੁਗਲਾਂ, ਅਫਗਾਨੀ ਸਿਪਾਹ ਸਾਲਾਰਾਂ ਦੀ ਸਰਪ੍ਰਸਤੀ ਵਿਚ ਜਿਹੜਾ ਨਵਾਂ ਉਸਾਰ ਪੰਜਾਬ ਵਿਚ ਉੱਸਰਿਆ, ਓਸ ਉਸਾਰ (ਵਿਵਸਥਾ) ਨੇ ਨਵਾਂ ਨਿਜ਼ਾਮ ਤੇ ਨਵੀਂ ਤਹਿਜ਼ੀਬ ਵੀ ਪੰਜਾਬੀ ਖ਼ਲਕਤ ਦੇ ਮਨਾਂ ਵਿਚ ਵਾੜ ਦਿੱਤੀ। ਵਜ੍ਹਾਹ ਇਹ ਸੀ ਕਿ ਹਾਕ਼ਮ ਬੇਗਾਨੇ ਇਲਾਕਿਆਂ ਦੇ ਸਨ। ਉਨ੍ਹਾਂ ਨੇ ਸਾਡੇ ਉੱਤੇ ਕਾਠੀ ਪਾਉਣੀ ਸੀ।

ਦੂਜੀ ਤੇ ਅਸਲ ਵਜ੍ਹਾਹ ਇਹ ਸੀ ਕਿ ਪੰਜਾਬ ਦੇ ਬਰਾਦਰੀ ਨੁਮਾ ਕ਼ਬੀਲਿਆਂ ਵਿਚ ਏਕਾ ਨਹੀਂ ਸੀ ਜਿਹੜਾ ਕਿ ਹੁਣ ਵੀ ਨਹੀਂ ਹੈ। ਅਫਗਾਨੀ ਤੇ ਮੁਗ਼ਲ ਹਾਕਮਾਂ ਨੇ ਇਨਸਾਫ ਦੀ ਕੁਰਸੀ ਉੱਤੇ ਕਾਜ਼ੀ ਨੂੰ ਬਿਠਾਇਆ ਹੋਇਆ ਸੀ। ਜ਼ਾਹਰ ਏ ਕਿ ਜੇ ਕਾਜ਼ੀ, ਨਿਆਂਕਾਰ ਦੇ ਰੁਤਬੇ ਉੱਤੇ ਹੈ ਤਾਂ ਓਹ ਨਿਆਂ ਭਾਵੇਂ ਨਿਜ਼ਾਮ (ਸਿਸਟਮ) ਮੁਤਾਬਕ ਕਰਦਾ ਹੋਵੇਗਾ, ਪਰ, ਓਹਨੇ ਇਨਸਾਫ ਦੇ ਅਮਲ ਨੂੰ ਰਵਾਂ ਰੱਖਣ ਲਈ ਫ਼ਾਰਸੀ ਤੇ ਅਰਬੀ ਦੀ ਲਫ਼ਜ਼ਾਲੀ ਨੂੰ ਹੀ ਚਲਾਇਮਾਨ ਰੱਖਿਆ ਹੈ। ਇਹਦਾ ਮਨੋ ਵਿਗਿਆਨਕ ਪੱਖ ਇਹ ਹੋ ਸਕਦਾ ਹੈ ਕਿ ਜਿਹੜੀ ਜ਼ੁਬਾਨ ਦੀ ਵਰਤੋਂ ਸਦਕਾ ਕਿਸੇ ਦਾ ਰੁਜ਼ਗਾਰ ਚੱਲਦਾ ਹੋਵੇ, ਓਹਨੂੰ ਓਹੀ ਜ਼ੁਬਾਨ, ਓਹੀ ਰਹਿਤਲ ਉੱਤਮ ਲੱਗਣ ਲੱਗ ਪੈਂਦੀ ਹੈ।

ਜੇ, ਤੁਸੀਂ ਸੰਵੇਦਨਾ ਵਾਲੇ ਓ ਤਾਂ ਜ਼ਰੂਰ ਤੱਕਿਆ ਤੇ ਸੁਣਿਆ ਹੋਵੇਗਾ ਕਿ ਪੰਜਾਬ ਵਿਚ ਅਦਾਲਤੀ ਭਾਸ਼ਾ ਹਾਲੇ ਤੀਕ ਵੀ, ਫ਼ਾਰਸੀ ਤੇ ਅਰਬੀ ਲਫ਼ਜ਼ਾਲੀ ਵਾਲੀ ਈ ਹੈ। ਵਸੀਕਾ ਨਵੀਸ ਹਾਲੇ ਤੱਕ ਮੱਖੀ ਉੱਤੇ ਮੱਖੀ ਮਾਰਨ ਵਾਂਗ ਫ਼ਾਰਸੀ ਲਿਖਦੇ ਨੇ, ਪਟਵਾਰੀ ਵੀ ਇਹੋ ਕੁਝ ਕਰਦੇ ਨੇ। ਵਗ਼ੈਰਾ ਵਗ਼ੈਰਾ।

ਫੇਰ ਜਦੋਂ ਫ਼ਿਰੰਗੀ ਹਾਕਮ ਆਏ। ਉਨ੍ਹਾਂ ਨੇ ਈਸਟ ਇੰਡੀਆ ਕੰਪਨੀ ਉਸਾਰ ਕੇ ਕਾਰੋਬਾਰ ਕਰਨ ਦਾ ਓਹਲਾ ਬਣਾ ਕੇ ਭਾਰਤੀ ਰਿਆਸਤਾਂ ਵਿਚ ਪੈਰ ਧਰਾਵਾ ਕਰ ਲਿਆ। ਮੁੜ ਕੇ ਓਹੋ ਕੁਝ ਹੋਇਆ ਵਾਪਰਿਆ, ਜੋ ਏਥੇ ਹੁੰਦਾ ਆਇਆ ਸੀ। ਰਿਆਸਤਾਂ ਵਿਚ ਪਾਟੋਧਾੜ ਸੀ। ਪੰਜਾਬ ਦੀ ਮਿਸਾਲ ਲੈ ਸਕਦੇ ਹਾਂ, ਕਪੂਰਥਲਾ ਰਿਆਸਤ ਦਾ ਰਾਜਾ, ਨਾਭੇ ਦੀ ਰਿਆਸਤ ਦੇ ਰਾਜੇ ਨਾਲ ਨਹੀਂ ਬੋਲਦਾ ਸੀ। ਫਰੀਦਕੋਟ ਵਾਲੇ ਦੀ ਫੂਲਕਾ ਰਿਆਸਤ ਵਾਲੇ ਨਾਲ ਨਹੀਂ ਬਣਦੀ। ਪਟਿਆਲੇ ਰਿਆਸਤ ਦਾ ਰਾਜਾ ਕਿਸੇ ਹੋਰ ਰਾਜੇ ਨਾਲ ਮੂੰਹ ਫੁਲਾਅ ਕੇ ਰੱਖਦਾ ਸੀ। ਹੈਰਾਨੀ ਇਹ ਹੈ ਕਿ ਚਿੜੀ ਦੇ ਪੌਂਚੇ ਜਿੰਨੀਆਂ ਰਿਆਸਤਾਂ ਜਿਹੜੀਆਂ ਕਿ ਦਰਅਸਲ, ਨਿੱਕੀ ਮੋਟੀ ਜਗੀਰਦਾਰੀ ਸਨ, ਦੇ ਰਾਜੇ ਮਹਾਰਾਜੇ ਇਕ ਦੂਜੇ ਨਾਲ ਵਿੱਟਰੇ ਰਹਿੰਦੇ ਸਨ। ਇਨ੍ਹਾਂ ਦੇ ਰਿਸ਼ਤੇ ਰਾਜਸਥਾਨ ਜਾਂ ਨੇਪਾਲ ਦੇ ਰਾਣਿਆਂ ਨਾਲ ਹੋ ਜਾਂਦੇ ਸਨ ਪਰ ਲੋਕਲ ਰਿਸ਼ਤਾ ਘੱਟ ਈ ਮਿਲਦਾ ਸੀ।

ਦੂਜਾ, ਸਰਾਪਿਆ ਵਰਤਾਰਾ, ਜ਼ਾਤ ਪਾਤ ਤੇ ਬਰਾਦਰੀਵਾਦ ਹੈ। ਫੇਰ, ਜ਼ਾਤ ਦੇ ਅੰਦਰ ਜ਼ਾਤ ਹੈ, ਗੋਤ ਹੈ, ਅੱਲ ਹੈ। ਏਥੇ ਅੰਗਰੇਜ਼ ਹਾਕਮਾਂ ਉੱਤੇ ਤੋਹਮਤ ਲੱਗਦੀ ਹੈ ਕਿ ਉਨ੍ਹਾਂ ਨੇ ਏਥੇ “ਪਾੜ੍ਹੋ ਤੇ ਹਕੂਮਤ ਕਰੋ” ਦੀ ਕੁ ਨੀਤੀ ਤਹਿਤ ਰਾਜ ਕੀਤਾ ਹੈ ਜਦਕਿ ਇਤਿਹਾਸ ਦੀਆਂ ਕਿਤਾਬਾਂ ਦੇ ਸਿਆਹ ਵਰਕੇ ਚੀਕ ਚੀਕ ਕੇ ਦੱਸਦੇ ਹਨ ਕਿ ਏਥੇ ਜ਼ਾਤ ਬਰਾਦਰੀਵਾਦ ਹੈ। ਪੁਜਾਰੀਵਾਦ ਨੇ ਸਦੀਆਂ ਤੋਂ ਲੋਕਾਂ ਨੂੰ ਗੁੰਮਰਾਹੀ ਦੇ ਰਾਹ ਪਾਇਆ ਹੋਇਆ ਹੈ। ਪੈਰ ਪੈਰ ਉੱਤੇ ਲੋਕਾਂ ਨੂੰ ਤਕਸੀਮ ਦਰ ਤਕਸੀਮ ਕੀਤਾ ਹੋਇਆ ਹੈ। ਪਾਟੋਧਾੜ ਨੂੰ ਸੁਹਣੇ ਵਿਸ਼ੇਸ਼ਣ ਦੇ ਕੇ ਜਾਇਜ਼ ਠਹਿਰਾਇਆ ਹੋਇਆ ਹੈ।

ਸੋ, ਇਹ ਵੀ ਓਹ ਤਵਾਰੀਖੀ ਕਾਰਣ ਹਨ ਜਿਨ੍ਹਾਂ ਕਰ ਕੇ ਅਸੀਂ ਭਾਰਤੀ ਕੌਮ ਦੇ ਲੋਕ, ਦੁਨੀਆਂ ਦੇ ਹਰ ਲੁਟੇਰੇ, ਹਰ ਵਿਭਚਾਰੀ, ਹਰ ਜ਼ਾਲਮ ਦਰਿੰਦੇ ਕਬੀਲੇ ਤੇ ਉਨ੍ਹਾਂ ਕਬੀਲਿਆਂ ਦੇ ਜ਼ਰ ਖਰੀਦ ਗ਼ੁਲਾਮਾਂ ਦੇ ਗ਼ੁਲਾਮ ਰਹੇ ਹਾਂ।

ਜਿਥੋਂ ਤੱਕ ਭਾਰਤੀ ਭਾਸ਼ਾਵਾਂ ਖ਼ਾਸਕਰ ਪੰਜਆਬੀ ਬੋਲੀ ਉੱਤੇ ਚੋਖੀ ਮਿਕ਼ਦਾਰ ਵਿਚ ਫ਼ਾਰਸੀ ਭਾਸ਼ਾ ਦੇ ਅਸਰ ਦਾ ਸੁਆਲ ਹੈ ਤਾਂ ਸਾਨੂੰ ਇਹ ਪੱਖ ਨਹੀਂ ਵਿਸਾਰਣਾ ਚਾਹੀਦਾ ਕਿ ਕੁਲ ਦੁਨੀਆਂ ਦੇ ਫ਼ਕੀਰ ਤੇ ਸਭਿਆਚਾਰਕ ਕਰਿੰਦੇ ਵੀ ਸਫ਼ਰ ਉੱਤੇ ਰਹਿੰਦੇ ਹਨ। ਓਹ ਵੀ ਏਥੇ ਆਉਂਦੇ ਰਹੇ ਹਨ। ਉਨ੍ਹਾਂ ਨੇ ਸ਼ਾਇਰੀ ਲਿਖੀ ਹੈ। ਕਿਤਾਬਾਂ ਛਾਪੀਆਂ ਸਨ।

ਧਰਮਾਂ ਦੀ ਸ਼ਬਦਾਵਲੀ ਪਾਉਂਦੀ ਹੈ ਅਸਰ
ਦੀਨ ਇ ਇਸਲਾਮ ਦੇ ਉਭਾਰ ਤੋਂ ਚੋਖਾ ਸਮਾਂ ਪਹਿਲਾਂ, ਬਾਬੇ ਬੁੱਧ (ਗੌਤਮ ਬੁੱਧ) ਨੇ ਪੁਜਾਰੀਵਾਦ ਤੇ ਓਸ ਦੇ ਜਥੇਬੰਦ ਗਿਰੋਹਾਂ ਨੂੰ ਵੰਗਾਰ ਦਿੱਤੀ ਸੀ। ਬੁੱਧ ਨੇ ਦੇਵ ਭਾਸ਼ਾ ਸੰਸਕ੍ਰਿਤ ਦਾ ਪ੍ਰਚਾਰ ਪਸਾਰ ਨਹੀਂ ਕੀਤਾ। ਬਾਬੇ ਬੁੱਧ ਨੇ ਆਪਣੇ ਵੇਲੇ ਦੀ “ਪਾਲੀ ਭਾਸ਼ਾ” ਵਿਚ ਆਪਣੀ ਗੱਲ ਲੋਕਾਂ ਅੱਗੇ ਰੱਖੀ।

ਬੁੱਧ ਦੀ ਵਿਰੋਧਤਾ ਏਸੇ ਗੱਲੋਂ ਕੀਤੀ ਗਈ ਕਿ ਉਹ “ਨਾਸਤਿਕ” ਹਨ ਤੇ ਸੰਸਕ੍ਰਿਤ ਭਾਸ਼ਾ ਦੀ ਪ੍ਰਧਾਨਗੀ ਕਬੂਲ ਨਹੀਂ ਕਰਦੇ। ਵਜ੍ਹਾਹ ਵਿੱਚੋ ਇਹ ਸੀ ਕਿ ਸੰਸਕ੍ਰਿਤ ਦੇ ਮਾਮੇ ਤੇ ਠੇਕੇਦਾਰ ਬਣੇ ਪੁਜਾਰੀ ਅੰਦਰੋਂ ਧੁਰ ਤੱਕ ਕੰਬੇ ਹੋਏ ਸਨ ਕਿ ਜੇ ਲੋਕਲ ਪਾਲੀ ਭਾਸ਼ਾ ਵਿਚ ਬੁੱਧ ਨੇ ਬੁੱਧਮਤਿ ਦਾ ਪ੍ਰਚਾਰ ਭਖਾਈ ਰੱਖਿਆ ਤਾਂ ਸਾਡਾ ਕੀ ਬਣੂਗਾ? ਇੱਥੋਂ ਤੱਕ ਕਿ ਬੁੱਧ ਦੇ ਵੇਲਿਆਂ ਵਿਚ ਪੰਜਾਬੀ (ਜੋ ਵੀ ਇਹਦਾ ਨਾਂ ਹੋਵੇ) ਵੀ ਹਿੰਦੀ ਤੇ ਸੰਸਕ੍ਰਿਤ ਨੁਮਾ ਹੀ ਸੀ। ਕਾਰਣ ਇਹ ਰਿਹਾ ਹੋਵੇਗਾ ਕਿ ਨਿੱਤ ਦਾ ਪੂਜਾ ਪਾਠ ਤੇ ਹੋਰ ਕਰਮ ਕਾਂਡ ਇਤਿਆਦਿਕ ਸੰਸਕ੍ਰਿਤ ਭਾਸ਼ਾ ਵਿਚ ਕੀਤੇ ਜਾਂਦੇ ਸਨ।

ਬੁੱਧ ਨੇ ਸਰਲ ਗੱਲਾਂ ਕੀਤੀਆਂ। ਏਸ਼ੀਆ ਉਪ ਮਹਾਂਦੀਪ ਦੇ ਅਨੇਕ ਮੁਲਕ, ਬੋਧੀ ਹੋ ਗਏ। ਤਿੱਬਤ ਵਿਚ ਲਾਮਿਆਂ ਨੇ ਬੁੱਧ ਮਤਿ ਦਾ ਪ੍ਰਚਾਰ ਤਾਂ ਕੀਤਾ ਪਰ ਇਹਦੀ ਸ਼ਕ਼ਲ ਪੁਰਾਤਨ ਹੀ ਰੱਖੀ। ਤਿੱਬਤ ਵਿਚ ਜਿਹੜਾ ਬੁੱਧ ਧੱਮ ਹੈ, ਓਹਦੇ ਮੁਤਾਬਕ ਬੁੱਧ ਵੀ ਪੁਰਾਤਨ ਦੈਵ ਮੰਡਲ ਦਾ ਅਗਲਾ ਜਾਂ ਨਵਾਂ ਦਿਓਤਾ ਹੈ।

ਅੱਧਾ ਸੰਸਾਰ ਬੋਧੀ ਹੋ ਚੁੱਕਿਆ ਹੈ ਤੇ ਏਥੇ ਭਾਰਤ ਵਿਚ ਬੜੀ ਹੁਸ਼ਿਆਰੀ ਨਾਲ ਬੁੱਧ ਨੂੰ ਹਰ ਰੋਜ਼ ਖਤਮ ਕੀਤਾ ਜਾ ਰਿਹਾ ਹੈ। ਇਹ ਚਲਾਕ ਤਰਕੀਬਾਂ ਹੁੰਦੀਆਂ ਨੇ।

ਅਸਲੀ ਪੰਜਾਬੀ ਸਭਿਆਚਾਰ ਆਪਣੇ ਆਪ ਵਿਚ ਮੁਕੰਮਲ
ਸ਼ਿਵ ਕੁਮਾਰ ਬਟਾਲਵੀ ਦਾ ਕਾਵਿ ਸੰਗ੍ਰਹਿ ਲੂਣਾ ਜਿੱਥੇ ਪੰਜਾਬੀ ਸੋਚ ਦੇ ਜਮੂਦ ਨੂੰ ਤੋੜਨ ਦਾ ਜਤਨ ਹੈ, ਓਥੇ ਕਾਵਿ ਮਿੱਠਤ ਦਾ ਖਜ਼ਾਨਾ ਵੀ ਏ। ਮਸਲਨ, ਸ਼ਿਵ ਕੁਮਾਰ ਦੀ ਪੈਦਾਇਸ਼ ਜ਼ਿਲ੍ਹਾ ਸ਼ਕਰਗੜ੍ਹ ਦੇ ਪਿੰਡ ਲੋਹਟੀਆਂ ਦੀ ਹੈ। ਇਹ ਇਲਾਕਾ ਹੁਣ ਪਾਕਿਸਤਾਨ ਵਿਚ ਵੱਸਦਾ ਹੈ, ਉਦੋਂ ਭਾਰਤ ਵਿਚ ਹੀ ਸੀ। ਸ਼ਿਵ ਕੁਮਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਮਝੈਲ ਸੀ। ਸ਼ਿਵ ਨੇ ਮਾਝੇ ਦੀ ਪੰਜਾਬੀ ਦੇ ਸਾਰੇ ਨਹੀਂ ਤਾਂ ਬਹੁਤ ਸਾਰੇ ਮਿੱਠਤ ਭਰਪੂਰ ਲਫ਼ਜ਼ ਆਪਣੇ ਕਾਵਿ ਸੰਗ੍ਰਹਿ ਵਿਚ ਸ਼ੁਮਾਰ ਕੀਤੇ ਹਨ। ਇਵੇਂ ਹੀ ਸੋਹਣ ਸਿੰਘ ਸੀਤਲ ਜਿਹਡ਼ੇ ਕਿ ਢਾਡੀ ਸਨ ਤੇ ਨਾਵਲਕਾਰ ਸਨ, ਉਨ੍ਹਾਂ ਦੇ ਨਾਵਲ ਮਾਝੇ ਦੀ ਪੰਜਾਬੀ ਦਾ ਇਤਿਹਾਸਕ ਹਵਾਲਾ ਹਨ।

ਮਾਲਵੇ ਖਿੱਤੇ ਦੇ ਨਾਵਲਕਾਰ ਜਸਵੰਤ ਸਿੰਘ ਕੰਵਲ ਤੋਂ ਲੈ ਕੇ ਹੁਣ ਪਰਗਟ ਸਤੌਜ ਤੱਕ ਬਹੁਤ ਸਾਰੇ ਲਿਖਾਰੀ ਹਨ, ਜਿਹੜੇ ਆਪਣੇ ਇਲਾਕੇ ਦੇ ਸਭਿਆਚਾਰਕ ਦੂਤ ਹਨ। ਇਵੇਂ ਹੀ ਦੇਸ ਦਬਾਬਾ (ਫ਼ਾਰਸੀ ਮੁਤਾਬਕ ਦੋ ਆਬਾ) ਖਿੱਤਾ ਦੇ ਕਈ ਲਿਖਾਰੀ ਤੇ ਕਵੀ ਹਨ ਜਿਹੜੇ ਦਬਾਬੇ ਦੇ ਜਿਊਣ ਚੱਜ ਬਾਰੇ ਲਿਖ ਚੁੱਕੇ ਹਨ। ਸੱਜਰਾ ਨਾਂ ਹਾਲੇ ਤੱਕ ਵੀ ਪਾਸ਼ ਦਾ ਹੀ ਹੈ। ਪਾਸ਼ ਭਾਵੇਂ ਕ੍ਰਾਂਤੀਕਾਰੀ ਕਵੀ ਸੀ ਪਰ ਓਹਦੀ ਸੱਜਰੀ ਭਾਸ਼ਾ, ਦਬਾਬਾ ਇਲਾਕੇ ਦਾ ਸ਼ਬਦ ਭੰਡਾਰ (ਵੀ) ਹੈ। ਪੰਜਾਬੀ ਦਾ ਪੁਆਧ ਖਿੱਤਾ ਵੀ ਅਮੀਰ ਰਹਿਤਲ ਵਾਲਾ ਹੈ। ਪੰਜਾਬੀ ਆਪਣੇ ਆਪ ਵਿਚ ਮੁਕੰਮਲ ਵਸੇਬ ਹੈ। ਸੰਪੂਰਨ ਸਭਿਆਚਾਰ ਹੈ।

ਹੋਰਨਾਂ ਭਾਸ਼ਾਵਾਂ ਉੱਤੇ ਵੀ ਇਹ ਸਾਰੇ ਕਾਰਣ ਅਸਰਅੰਦਾਜ਼ ਰਹੇ ਹੋਣਗੇ, ਏਸ ਤੱਥ ਤੋਂ ਇਤਰਾਜ਼ ਨਹੀਂ ਹੈ।

ਯਾਦਵਿੰਦਰ

ਸੰਪਰਕ : ਸਰੂਪ ਨਗਰ, ਰਾਓਵਾਲੀ ਦੋਆਬਾ।
+916284336773, 9465329617

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਤਰਕਾਰ ਗੁਰਮੁੱਖ ਸਿੰਘ ਗੋਸਲ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
Next articleਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੈਡਾਲ ਮਾਰਚ ਕੱਢਿਆ