ਦੂਰਦਰਸ਼ੀ ਲੋਕ ਖੁਦਕੁਸ਼ੀਆਂ ਨ੍ਹੀਂ ਕਰਦੇ

ਅਮਰਜੀਤ ਸਿੰਘ ਤੂਰ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)  ਸਿਆਣੇ ਲੋਕ ਕਦੇ ਤੁਰੰਤ ਨਤੀਜਾ ਨਹੀਂ ਭਾਲਦੇ,ਅਦਿਖ ਸ਼ਕਤੀ ਤੇ ਡੋਰਾਂ ਸਿੱਟ ਕੇ ਰੱਖਦੇ ਹਨ। ਨਿਸ਼ਚਿੰਤ ਰਹਿੰਦੇ ਹਨ ਕੋਈ ਬੇਚੈਨੀ ਨ੍ਹੀਂ ਹੁੰਦੀ। ਦੂਰਦਰਸ਼ੀ ਲੋਕ ਵਿਕਾਰਾਂ ਚ ਨਹੀਂ ਪੈਂਦੇ। ਅੱਜ ਕੱਲ ਵੱਖ-ਵੱਖ ਕਾਰਨਾਂ ਕਰਕੇ ਖੁਦਕੁਸ਼ੀਆਂ ਕਰਨ ਵਾਲਿਆਂ ਨਾਲ ਅਖਬਾਰਾਂ ਦੇ ਕਾਲਮ ਭਰੇ ਰਹਿੰਦੇ ਹਨ। ਨਕਾਰਾਤਮਕ ਸੋਚ ਜਿਉਣ ਨ੍ਹੀਂ ਦਿੰਦੀ। ਮੇਰਾ ਆਪਣਾ ਤਜਰਬਾ ਹੈ ਕਿ ਕਿਸੇ ਕੰਮ ਦਾ ਫਲ ਜਾਂ ਨਤੀਜਾ ਉਸੇ ਵੇਲੇ ਜਾਂ ਤੁਰੰਤ ਨਹੀਂ ਮਿਲਦਾ। ਕੁਦਰਤ ਤੁਹਾਡਾ ਸਬਰ ਪਰਖਦੀ ਹੈ, ਜਦੋਂ ਤੁਸੀਂ ਭੁੱਲ ਭੁਲਾ ਜਾਂਦੇ ਹੋ ਤੁਹਾਨੂੰ ਖੁਸ਼ਖਬਰੀ ਮਿਲਦੀ ਹੈ, ਵਧਾਈ ਮਿਲਦੀ ਹੈ। ਮੇਰੀ ਪਹਿਲੀ ਪਤਨੀ ਬਹੁਤ ਚੰਗੇ ਤਕੜੇ ਖਾਨਦਾਨ ਦੀ ਕੁੜੀ ਸੀ ਮਾਤਾ ਪਿਤਾ ਦੀ ਅਣਬਣ ਹੋਣ ਕਾਰਨ ਪਿਤਾ ਨੇ ਤਲਾਕ ਲੈ ਕੇ ਦੂਸਰਾ ਵਿਆਹ ਕਰ ਲਿਆ ਸੀ, ਉਸਦੀ ਮਨੋਦਿਸ਼ਾ ਤੇ ਇਸ ਗੱਲ ਨੇ ਡੂੰਘਾ ਘਰ ਕਰ ਲਿਆ ਸੀ। ਉਸ ਅੰਦਰ ਡਰ ਬੈਠ ਗਿਆ ਸੀ ਕਿ ਕਿਤੇ ਮੇਰਾ ਵੀ ਮੰਮੀ ਵਾਲਾ ਹਾਲ ਨਾ ਹੋ ਜਾਵੇ।ਜਦੋਂ ਸਾਡਾ ਵਿਆਹ ਹੋਇਆ ਤਾਂ ਉਹ ਟੀਚਰ ਲੱਗੀ ਹੋਈ ਸੀ ਥੋੜੇ ਮਹੀਨੇ ਬਾਅਦ ਹੀ ਮੇਰੇ ਨਾਲ ਸਲਾਹ ਕੀਤੇ ਬਿਨਾਂ ਨੌਕਰੀ ਛੱਡ ਦਿੱਤੀ,ਮੈਂ ਭਾਵੇਂ ਐਮਏ ਬੀਐਡ ਕੀਤੀ ਸੀ ਪਰ ਬੇਰੁਜ਼ਗਾਰ ਸੀ। ਹੁਣ ਦੋਨੋਂ ਜਣੇ ਘਰਦਿਆਂ ਤੇ ਬੋਝ ਬਣ ਗਏ। ਉਸਦੀ ਮੰਮੀ ਵੀ ਦਿਮਾਗੀ ਕੈਂਸਰ ਨਾਲ ਕਾਫੀ ਚਿਰ ਇਲਾਜ ਚਲਦੇ ਰਹਿਣ ਕਾਰਨ ਸਵਰਗਵਾਸ ਹੋ ਗਏ ਸਨ। ਬੇਟੇ ਦੇ ਜਨਮ ਤੋਂ ਬਾਅਦ ਉਹ ਕੁਝ ਢਿੱਲੀ ਜਿਹੀ ਰਹਿਣ ਲੱਗੀ ਉਸਨੂੰ ਵਹਿਮ ਰਹਿੰਦਾ ਸੀ ਕਿ ਜੇ ਬੱਚੇ ਨੂੰ ਆਪਣਾ ਦੁੱਧ ਪਿਲਾਇਆ ਕਿਤੇ ਇਸ ਨੂੰ ਕੈਂਸਰ ਨਾ ਹੋ ਜਾਵੇ।ਜਿਸ ਗੱਲ ਤੋਂ ਬੰਦਾ ਡਰਦਾ ਰਹਿੰਦਾ ਹੈ ਉਹੀ ਹੋ ਜਾਵੇ ਤਾਂ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਵਾਲੀ ਗੱਲ ਹੋ ਜਾਂਦੀ ਹੈ। ਪੀਜੀਆਈ, ਸੈਕਟਰ 16 ਹਸਪਤਾਲ ਵਿੱਚ ਬਹੁਤ ਟੈਸਟ ਕਰਵਾ ਕੇ ਇਲਾਜ ਚਲਦਾ ਰਿਹਾ। ਇਸ ਦੌਰਾਨ ਮੈਨੂੰ ਟੀਚਰ ਦੀ ਕੱਚੀ ਨੌਕਰੀ ਮਿਲ ਗਈ, ਕੁਝ ਸਾਹ ਵਿੱਚ ਸਾਹ ਆਇਆ। ਮੇਰੇ ਕੰਨਾਂ ਦੀ ਸਮੱਸਿਆ ਵੀ ਚੱਲ ਰਹੀ ਸੀ ਵਿਆਹ ਤੋਂ ਪਹਿਲਾਂ ਕੰਨ ਦਾ ਟਿੰਪਾਨੋਪਲਾਸਟੀ ਆਪਰੇਸ਼ਨ ਹੋਇਆ ਸੀ ਪਰ ਕੋਈ ਖਾਸ ਫਰਕ ਨਾ ਪਿਆ।ਪੀਜੀਆਈ ਵਾਲਿਆਂ ਨੇ ਦਵਾਈ ਦੇ ਕੇ ਨੱਕ ਤੇ ਕੰਨਾਂ ਦਾ ਰੇਸ਼ਾ ਵਗਣ ਤੋਂ ਰੋਕ ਦਿੱਤਾ।ਤਿੰਨ ਚਾਰ ਸਾਲ ਮੇਰੇ ਵਧੀਆ ਨਿਕਲੇ,ਪਰ ਫਿਰ ਖਰਾਬ ਹੋ ਗਏ।

ਮੈਂ ਸਕੂਲ ਵਾਲੀ ਨੌਕਰੀ ਛੱਡਕੇ, ਕੇਂਦਰ ਸਰਕਾਰ ਦੇ ਮਹਿਕਮੇ ਵਿੱਚ ਚੰਡੀਗੜ੍ਹ ਡੈਸਕ- ਜੋਬ ਕਰ ਲਈ। ਉਧਰ ਪਤਨੀ ਦੇ ਇਲਾਜ ਕਾਰਨ ਹਫਤੇ ਵਿੱਚ ਤਿੰਨ ਤਿੰਨ ਦਿਨ ਹਸਪਤਾਲ ਦੇ ਗੇੜੇ ਲਾਉਣੇ ਪੈਂਦੇ ਸਨ, ਇਸ ਕਰਕੇ ਛੁੱਟੀਆਂ ਲੈ ਲੈ ਕੇ ਨੌਕਰੀ ਕਰਨੀ ਔਖੀ ਹੋ ਗਈ। 6-7ਸਾਲ ਦੀ ਨੌਕਰੀ ਕਰਨ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਧੀਆ ਨੌਕਰੀ ਲੱਗ ਗਈ, ਮੈਂ ਉੱਥੇ ਚਲਾ ਗਿਆ। ਬੇਟੇ ਦੇ ਜਨਮ ਤੋਂ ਦੋ ਸਾਲ ਬਾਅਦ, ਪਤਨੀ ਦਾ ਚੰਡੀਗੜ੍ਹ ਵਿੱਚ ਕੈਂਸਰ ਦਾ ਆਪਰੇਸ਼ਨ ਹੋਇਆ, ਹਰ ਬਦਲਵੇਂ ਦਿਨ ਰੇਡੀਓਥਰੈਪੀ ਕਰਾਉਣੀ ਪੈਂਦੀ, ਜਖਮਾਂ ਨੂੰ ਸੁਕਾਉਣ ਵਾਸਤੇ‌। ਅਖੀਰ ਉਹਨਾਂ ਵੀ ਜਵਾਬ ਦੇ ਦਿੱਤਾ। ਪਟਿਆਲੇ ਦੇਸੀ ਇਲਾਜ ਦੀ ਕੋਸ਼ਿਸ਼ ਕੀਤੀ, ਪਰ ਉਹ ਛੇ ਮਹੀਨੇ ਦੇ ਵਿੱਚ ਹੀ ਪੂਰੀ ਹੋ ਗਈ। ਮਨ ਬਹੁਤ ਉਚਾਟ ਹੋ ਗਿਆ।ਕਿਧਰੋਂ ਕੋਈ ਸਹਾਰਾ ਨਾ ਮਹਿਸੂਸ ਹੋਵੇ, ਕੁਝ ਵੀ ਨਾ ਚੰਗਾ ਲੱਗੇ, ਇਨਾ ਵੱਡਾ ਧੱਕਾ ਲੱਗਾ ਕਿ ਜਿਉਣ ਦੀ ਤਮੰਨਾ ਖਤਮ ਹੋਣ ਲੱਗੀ। ਬੱਚੇ ਨੂੰ ਵੀ ਵਧੀਆ ਸਕੂਲ ਵਿੱਚੋਂ ਹਟਾ ਕੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਹੀ ਪੜਨ ਲਾ ਦਿੱਤਾ।
ਯੂਨੀਵਰਸਿਟੀ ਵਾਲੀ ਨੌਕਰੀ ਛੱਡ ਮੈਂ ਦੁਬਾਰਾ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਵਾਲੀ ਨੌਕਰੀ ਤੇ ਵਾਪਸ ਚਲਾ ਗਿਆ। ਥੋੜੇ ਚਿਰ ਵਾਸਤੇ ਛੁੱਟੀ ਲੈ ਕੇ ਪਿੰਡ ਰਿਹਾ। ਚਾਚੀ ਮੇਰੀ ਨੇ ਬਹੁਤ ਹੌਸਲਾ ਦਿੱਤਾ,”ਪੁੱਤ, ਝੋਰਾ ਨਾ ਕਰਿਆ ਕਰ, ਵਿਆਹ ਕਰਵਾ ਲੈ, ਰੰਗਾਂ ਚ ਖੇਡੇਂਗਾ, ਸਾਰੇ ਦੁੱਖ ਭੁੱਲ ਜਾਣਗੇ।” ਦੁਬਾਰਾ ਵਿਆਹ ਹੋਇਆ, ਜਿੰਦਗੀ ਵਧੀਆ ਚੱਲਣ ਲੱਗੀ। ਦੋ ਬੇਟੇ ਹੋਰ ਹੋਏ। ਸਾਰੇ ਪੜ-ਲਿਖ ਕੇ ਵਧੀਆ ਕੰਮਾਂ-ਕਾਰਾਂ ਤੇ ਲੱਗ ਗਏ। ਮਿਹਨਤ ਨੇ ਨਵਾਂ ਸੰਸਾਰ ਵਸਾ ਦਿੱਤਾ। ਖੁਦਕੁਸ਼ੀ ਦੇ ਰਾਹ ਤੋਂ ਮੋੜਾ ਪਾ ਦਿੱਤਾ। ਕੁਦਰਤ ਬਹੁਤ ਸਖਤ ਇਮਤਿਹਾਨ ਲੈਂਦੀ ਹੈ ਮੰਜ਼ਿਲ ਤੱਕ ਪਹੁੰਚਣ ਲਈ ਸਮੇਂ ਸਮੇਂ ਇਨਾਮ ਦੇ ਕੇ ਹੌਸਲਾ ਅਫ਼ਜ਼ਾਈ ਕਰਦੀ ਰਹਿੰਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾਵਾਂ
Next articleਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ