ਬੈਰੂਤ (ਸਮਾਜ ਵੀਕਲੀ): ਲੋਕਾਂ ਵੱਲੋਂ ਲਿਬਨਾਨ ਵਿਚ ਮਾੜੀ ਅਰਥਵਿਵਸਥਾ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਤ੍ਰਿਪੋਲੀ ਸ਼ਹਿਰ ਵਿਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸ਼ਨਿਚਰਵਾਰ ਰਾਤ ਨੂੰ ਹੋਏ ਰੋਸ ਮੁਜ਼ਾਹਰਿਆਂ ਤੇ ਦੰਗਿਆਂ ਵਿਚ ਕਈ ਮੁਜ਼ਾਹਰਾਕਾਰੀ ਤੇ 10 ਫ਼ੌਜੀ ਜਵਾਨ ਫੱਟੜ ਹੋਏ ਹਨ। ਦੱਸਣਯੋਗ ਹੈ ਕਿ ਮੁਲਕ ਵਿਚ 20 ਮਹੀਨਿਆਂ ਤੋਂ ਜਾਰੀ ਆਰਥਿਕ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਵਿਸ਼ਵ ਬੈਂਕ ਨੇ ਵੀ ਇਸ ਸੰਕਟ ਨੂੰ ਪਿਛਲੇ 150 ਸਾਲਾਂ ਦੌਰਾਨ ਸਭ ਤੋਂ ਮਾੜਾ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਮੁਲਕ ਵਿਚ ਸਿਆਸੀ ਪੱਧਰ ਉਤੇ ਵੀ ਉਥਲ-ਪੁਥਲ ਦੀ ਸਥਿਤੀ ਹੈ।
ਪਿਛਲੇ ਸਾਲ ਅਗਸਤ ਤੋਂ ਲਿਬਨਾਨ ਵਿਚ ਕੋਈ ਸਰਕਾਰ ਨਹੀਂ ਹੈ। ਮੁਲਕ ਦੀ ਰਾਜਧਾਨੀ ਬੈਰੂਤ ਵਿਚ ਲੋਕਾਂ ਨੇ ਸੜਕਾਂ ਜਾਮ ਕੀਤੀਆਂ ਹੋਈਆਂ ਹਨ ਤੇ ਜ਼ੋਰਦਾਰ ਢੰਗ ਨਾਲ ਰੋਸ ਪ੍ਰਗਟਾਇਆ ਜਾ ਰਿਹਾ ਹੈ। ਲਿਬਨਾਨ ਵਿਚ ਈਂਧਨ, ਦਵਾਈਆਂ ਤੇ ਮੈਡੀਕਲ ਵਸਤਾਂ ਦੀ ਗੰਭੀਰ ਕਮੀ ਹੈ ਤੇ ਲੋਕਾਂ ਦਾ ਗੁੱਸਾ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਲਿਬਨਾਨ ਦੀ ਕਰੰਸੀ ਰਿਕਾਰਡ ਪੱਧਰ ’ਤੇ ਹੇਠਾਂ ਡਿਗ ਗਈ ਹੈ। ਮੁਜ਼ਾਹਰਾਕਾਰੀ ਸੁਰੱਖਿਆ ਬਲਾਂ ’ਤੇ ਹਮਲੇ ਕਰ ਰਹੇ ਹਨ। ਕਈ ਸਰਕਾਰੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਮੁਲਕ ਦੀ ਸਿਆਸੀ ਸਥਿਤੀ ਵਿਚ ਸੁਧਾਰ ਦਾ ਹਾਲੇ ਕੋਈ ਆਸਾਰ ਨਜ਼ਰ ਨਹੀਂ ਆ ਰਿਹਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly