ਗੜਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਰਕਾਰ ਦੀ ਸ਼ਹਿ ਤੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੀ ਧੱਕੇਸ਼ਾਹੀ, ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਸੰਘਰਸ਼ਸ਼ੀਲ ਕਿਸਾਨਾਂ ਦੇ ਟੈਂਟ ਪੁੱਟਣ ਅਤੇ ਦੇਰ ਰਾਤ ਸਮਾਨ ਚੁੱਕ ਕੇ ਲੈ ਜਾਣ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਦੀ ਗੜਸ਼ੰਕਰ ਇਕਾਈ ਵਲੋਂ ਪਿੰਡ ਅਲੀਪੁਰ ਅਤੇ ਸਿਕੰਦਰਪੁਰ ਵਿਖੇ ਪੰਜਾਬ ਸਰਕਾਰ ਤੇ ਪੁਤਲੇ ਫੂਕ ਕੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਢੇਸੀ, ਕੁਲਵਿੰਦਰ ਚਾਹਲ ਅਤੇ ਪ੍ਰੋਫੈਸਰ ਕੁਲਵੰਤ ਸਿੰਘ ਗੋਲੇਵਾਲ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਕਾਰਪੋਰੇਟਸ ਅਤੇ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਸੰਘਰਸ਼ ਨੂੰ ਪੁਲਿਸ ਨਾਲ ਦਬਾਉਣਾ ਚਾਹੁੰਦੀ ਹੈ ਜਿਸ ਨੂੰ ਪੰਜਾਬ ਦੇ ਕਿਸਾਨ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਪਿਛਲੇ ਕਿਸਾਨ ਸੰਘਰਸ਼ ਵੇਲੇ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਅਤੇ ਵਿਧਾਇਕ ਕਿਸਾਨਾਂ ਦੇ ਮੋਰਚਿਆਂ ਵਿੱਚ ਆ ਕੇ ਸਰਕਾਰ ਬਣਨ ਦੇ ਤੁਰੰਤ ਹੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਅਤੇ ਫਸਲਾਂ ‘ਤੇ ਐਮ ਐਸ ਪੀ ਦੇਣ ਦਾ ਵਾਅਦਾ ਕਰਦੇ ਸਨ ਪਰ ਸੱਤਾ ਤੇ ਬੈਠ ਕੇ ਤਿੰਨ ਸਾਲ ਤੋਂ ਕਿਸਾਨਾਂ ਦੀ ਕੋਈ ਵੀ ਮੰਗ ਪੂਰੀ ਕਰਨ ਦੀ ਬਜਾਏ ਕਿਸਾਨੀ ਸੰਘਰਸ਼ ਨੂੰ ਪੁਲਿਸ ਜਬਰ ਨਾਲ ਦਬਾਉਣਾ ਚਾਹੁੰਦੀ ਹੈ। ਜਿਸ ਨੂੰ ਪੰਜਾਬ ਦੇ ਬਹਾਦਰ ਕਿਸਾਨ ਕਿਸੇ ਵੀ ਕੀਮਤ ‘ਤੇ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਇਸ ਧੱਕੇਸ਼ਾਹੀ ਦਾ ਪੰਜਾਬ ਸਰਕਾਰ ਨੂੰ ਰਾਜਸੀ ਕੀਮਤ ਦਾ ਮੁੱਲ ਪਵੇਗਾ। ਇਸ ਸਮੇਂ ਵੱਖ-ਵੱਖ ਕਿਸਾਨ ਆਗੂ ਪਰਮਜੀਤ ਸਿੰਘ ਪੰਮਾ, ਹਰਜਿੰਦਰ ਸਿੰਘ, ਸੰਤੋਖ ਸਿੰਘ, ਸੰਦੀਪ ਸਿੰਘ, ਅਮਰੀਕ ਸਿੰਘ, ਨਿਰਮਲ ਸਿੰਘ, ਅਮਰਜੀਤ ਸਿੰਘ, ਸੰਤੋਖ ਸਿੰਘ, ਗੁਰਮੀਤ ਸਿੰਘ ਰੁੜਕੀ ਖਾਸ, ਮੁਲਾਜ਼ਮ ਆਗੂ ਮੁਕੇਸ਼ ਕੁਮਾਰ, ਸਤਪਾਲ ਕਲੇਰ ਤੇ ਹੰਸਰਾਜ ਗੜਸ਼ੰਕਰ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj