

ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) :ਕਾਠਗੜ੍ਹ ਦੇ ਨੇੜੇ ਪਿੰਡ ਪ੍ਰੇਮ ਨਗਰ ਵਿਖੇ ਇੱਕ ਗੁਰਸਿੱਖ ਪਰਿਵਾਰ ਬੇਹੱਦ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹੈ। ਇਸ ਸਬੰਧੀ ਆਪਣਾ ਦਰਦ ਬਿਆਨ ਕਰਦਿਆਂ ਪੀੜਤ ਮਹਿਲਾ ਰੇਖਾ ਰਾਣੀ ਪਤਨੀ ਰਾਜੇਸ਼ ਨੇ ਦੱਸਿਆ ਕਿ ਪੂਰੇ ਪਿੰਡ ਦਾ ਗੰਦਾ ਪਾਣੀ ਉਨ੍ਹਾਂ ਦੇ ਘਰ ਦੇ ਅੱਗੇ ਆ ਕੇ ਜਮ੍ਹਾਂ ਹੋ ਜਾਂਦਾ ਹੈ ਅਤੇ ਇਹ ਪਾਣੀ ਹੁਣ ਉਨ੍ਹਾਂ ਦੇ ਘਰ ਦੇ ਅੰਦਰ ਤੱਕ ਵੜਨਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗੰਭੀਰ ਸਮੱਸਿਆ ਬਾਰੇ ਉਨ੍ਹਾਂ ਨੇ ਪਿੰਡ ਦੀ ਸਰਪੰਚ ਇੰਦੂ ਦੇਵੀ ਨੂੰ ਵਾਰ-ਵਾਰ ਗੁਹਾਰ ਲਗਾਈ ਹੈ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਰੇਖਾ ਰਾਣੀ ਨੇ ਭਰੇ ਮਨ ਨਾਲ ਕਿਹਾ ਕਿ ਨਾ ਤਾਂ ਕੋਈ ਪ੍ਰਸ਼ਾਸਨਿਕ ਅਫ਼ਸਰ ਉਨ੍ਹਾਂ ਦੀ ਫਰਿਆਦ ਸੁਣ ਰਿਹਾ ਹੈ ਅਤੇ ਨਾ ਹੀ ਮੌਜੂਦਾ ‘ਆਮ ਆਦਮੀ ਪਾਰਟੀ’ ਸਰਕਾਰ ਦਾ ਕੋਈ ਆਗੂ ਜਾਂ ਹਲਕਾ ਵਿਧਾਇਕ ਚੋਣਾਂ ਤੋਂ ਬਾਅਦ ਪਿੰਡ ਪ੍ਰੇਮ ਨਗਰ ਵਿੱਚ ਗੇੜਾ ਮਾਰਨ ਆਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੀਡਰਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਹੈ ਕਿ ਕੋਈ ਮਰੇ ਜਾਂ ਜੀਵੇ।ਪੀੜਤ ਪਰਿਵਾਰ ਨੇ ਅੱਜ ਆਪਣੀ ਇਸ ਦਰਦਨਾਕ ਦਾਸਤਾਨ ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਨੂੰ ਦੱਸੀ, ਜਿਸ ਤੋਂ ਬਾਅਦ ਪ੍ਰਧਾਨ ਸੁਰਿੰਦਰ ਛਿੰਦਾ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮੌਕਾ ਦੇਖਣ ਤੋਂ ਬਾਅਦ ਉਨ੍ਹਾਂ ਪੁਸ਼ਟੀ ਕੀਤੀ ਕਿ ਵਾਕਈ ਇਹ ਪਰਿਵਾਰ ਨਰਕ ਵਰਗੇ ਹਾਲਾਤਾਂ ਵਿੱਚ ਰਹਿ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸੁਰਿੰਦਰ ਛਿੰਦਾ ਨੇ ਐਸ.ਡੀ.ਐਮ. ਬਲਾਚੌਰ ਨੂੰ ਪੁਰਜ਼ੋਰ ਬੇਨਤੀ ਕੀਤੀ ਕਿ ਇਸ ਲਾਚਾਰ ਪਰਿਵਾਰ ਦੀ ਫੌਰੀ ਮਦਦ ਕੀਤੀ ਜਾਵੇ। ਉਨ੍ਹਾਂ ਬੀ.ਡੀ.ਪੀ.ਓ. ਨੂੰ ਵੀ ਤੁਰੰਤ ਮੌਕਾ ਦੇਖ ਕੇ ਇਸ ਮਸਲੇ ਨੂੰ ਜੜ੍ਹੋਂ ਹੱਲ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪ੍ਰਧਾਨ ਛਿੰਦਾ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਇਸ ਸਮੱਸਿਆ ਦਾ ਜਲਦ ਕੋਈ ਪੱਕਾ ਹੱਲ ਨਾ ਕੱਢਿਆ ਗਿਆ, ਤਾਂ ਉਹ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਆਉਂਦੇ ਸੋਮਵਾਰ ਨੂੰ ਬਲਾਕ ਦਫ਼ਤਰ ਦੇ ਅੱਗੇ ਪੱਕੇ ਮੋਰਚੇ ‘ਤੇ ਬੈਠ ਜਾਣਗੇ। ਇਸ ਮੌਕੇ ਰੇਖਾ ਪਤਨੀ ਰਾਜੇਸ਼ ਤੋਂ ਇਲਾਵਾ ਅਜੇ ਸਿੰਘ ਅਤੇ ਮੁਲਖ ਰਾਜ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। – ਜਦੋਂ ਇਸ ਮਾਮਲੇ ਸਬੰਧੀ ਐਸ.ਡੀ.ਐਮ. ਬਲਾਚੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਤੁਰੰਤ ਨੋਟਿਸ ਲੈਂਦਿਆਂ ਬੀ.ਡੀ.ਪੀ.ਓ. ਬਲਾਚੌਰ ਨੂੰ ਇਸ ਸਮੱਸਿਆ ਦਾ ਛੇਤੀ ਤੋਂ ਛੇਤੀ ਹੱਲ ਕਰਨ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ। – ਦੂਜੇ ਪਾਸੇ ਜਦੋਂ ਡੀ.ਡੀ.ਪੀ.ਓ. ਨਵਾਂਸ਼ਹਿਰ ਨਾਲ ਰਾਬਤਾ ਕਾਇਮ ਕੀਤਾ ਗਿਆ, ਤਾਂ ਉਨ੍ਹਾਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਇਸ ਗੰਭੀਰ ਮਸਲੇ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਇਆ ਜਾਵੇਗਾ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





