ਪਿੰਡ  ਦੀ ਪੰਚਾਇਤ-ਇਹ ਗੱਲ ਉਹਨਾਂ ਭਲੇ ਵੇਲਿਆਂ ਦੀ ਹੈ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਵੋਟਾਂ ਵੇਲੇ ਪੰਚਾਇਤਾਂ ਆਮ ਕਰਕੇ ਸਰਬਸੰਮਤੀ ਨਾਲ ਹੀ ਚੁਣ ਲਈਆਂ ਜਾਂਦੀਆਂ ਸਨ।

     ਬਲਦੇਵ ਸਿੰਘ 'ਪੂਨੀਆਂਂ'
 ਸ਼ਾਹਕੋਟ ਦੇ ਮੁੱਢ ਚੜ੍ਹਦੇ ਵੱਲ ਨੂੰ ਇੱਕ ਵੱਡਾ ਅਤੇ ਇਲਾਕੇ ਦਾ ਧੜੱਲੇਦਾਰ ਪਿੰਡ ਹੈ ਜਿੱਥੇ ਪੰਚਾਇਤ ਚੁਣਨ ਲਈ ਸਕੂਲ ਦੀ ਗਰਾਊਂਡ ਵਿੱਚ ਸਾਰਾ ਪਿੰਡ ਇਕੱਤਰ ਹੋ ਚੁੱਕਾ ਸੀ, ਪਿੰਡ ਦੇ ਸੂਝਵਾਨ ਬੰਦਿਆਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਐਤਕੀਂ ਸਰਪੰਚ ਦੀ ਚੋਣ ਤੇ ਸਰਬ ਸੰਮਤੀ ਨਾਂ ਹੋ ਸਕੀ।
        ਇਸੇ ਪਿੰਡ ਦਾ ਇੱਕ ਨੌਜਵਾਨ ਇਲਾਕੇ ਦਾ ਮੰਨਿਆਂ ਪਰਵੰਨਿਆ ਭਲਵਾਨ ਸੀ ਪਿੰਡ ਹੀ ਨਹੀਂ ਸਾਰੇ ਇਲਾਕੇ ਨੂੰ ਹੀ ਬੜਾ ਮਾਂਣ ਸੀ ਉਸ ਤੇ।ਪਿੰਡ ਦੇ ਮੋਹਤਵਾਰਾਂ ਸਲਾਹ ਮਸ਼ਵਰਾ ਕਰਕੇ ਪਿੰਡ ਦਿਆਂ ਨੌਜਵਾਨਾਂ ਅਤੇ ਸਿਆਣੀਂ ਉਮਰ ਦੇ ਬੰਦਿਆਂ ਨੂੰ ਮੈਦਾਨ ਦੇ ਆਲੇ ਦੁਆਲੇ ਬਾਊਂਡਰੀ ਤੇ ਖੜ੍ਹੇ ਕਰਕੇ ਇੱਕ ਹਾਰ ਭਲਵਾਨ ਜੀ ਨੂੰ ਫੜਾ ਦਿੱਤਾ ਬਈ ਤੈਨੂੰ ਜਿਹੜਾ ਵੀ ਬੰਦਾ ਵਧੀਆ ਲੱਗਦਾ ਉਹਦੇ ਗਲ ਵਿੱਚ ਹਾਰ ਪਾ ਦੇਈਂ ਅਸੀਂ ਉਸੇ ਨੂੰ ਸਰਪੰਚ ਮੰਨ ਲਵਾਂਗੇ।
     ਭਲਵਾਨ ਜੀ ਨੇ ਹਾਰ ਫੜ੍ਹਕੇ ਮੈਦਾਨ ਦਾ ਗੇੜਾ ਦਿੱਤਾ ਤੇ ਇਕੱਲੇ ਇਕੱਲੇ ਚਿਹਰੇ ਨੂੰ ਵਾਚਿਆ..ਦੋ ਮਿੰਟ ਰੁਕਿਆ ਫਿਰ ਉਵੇਂ ਹੀ ਕੀਤਾ,ਫਿਰ ਤੀਜਾ ਗੇੜਾ ਤੇ ਅਖੀਰ ਆਪਣੀ ਜਗ੍ਹਾ ਆਣਕੇ ਖੜੋ ਗਿਆ ਅਤੇ ਪੰਜ ਕੁ ਮਿੰਟ ਚਾਰ ਚੁਫੇਰੇ ਸਾਰੇ ਚਿਹਰਿਆਂ ਨੂੰ ਵੇਖਣ ਤੋਂ ਬਾਅਦ ਹਾਰ ਆਪਣੇ ਹੀ ਗਲੇ ਵਿੱਚ ਪਾ ਲਿਆ।ਪਿੰਡ ਆਲੇ ਬੜੇ ਹੈਰਾਨ.. ਭਲਵਾਨ ਜੀ ਤੁਹਾਨੂੰ ਤਾਂ ਇਹ ਆਖਿਆ ਸੀ ਕਿ ਕਿਸੇ ਵਧੀਆ ਜਿਹੇ ਬੰਦੇ ਦੇ ਗਲ ਵਿੱਚ ਪਾ ਦਿਉ ਹਾਰ ਪਰ ਤੁਸੀਂ ਆਹ ਕੀ…
          ਭਲਵਾਨ ਜੀ ਦਾ ਜੁਆਬ ਸੀ.. ਮੈਂ ਬਹੁਤ ਕੋਸ਼ਿਸ਼ ਕੀਤੀ ਵਧੀਆ ਬੰਦਾ ਲੱਭਣ ਦੀ ਤਿੰਨ ਗੇੜੇ ਕੱਢੇ ਪਰ ਮੈਨੂੰ ਮੇਰੇ ਨਾਲੋਂ ਵਧੀਆ ਬੰਦਾ ਹੋਰ ਕੋਈ ਨਹੀ ਲੱਗਿਆ ਇਸੇ ਕਰਕੇ ਮੈਂਨੂੰ ਮਜ਼ਬੂਰਨ ਹਾਰ ਆਪਣੇ ਹੀ ਗਲੇ ਵਿੱਚ ਪਾਉਣਾਂ ਪਿਆ।ਪਿੰਡ ਵਾਲਿਆਂ ਭਲਵਾਨ ਜੀ ਨੂੰ ਸਰਪੰਚ ਬਣਾ’ਤਾ ਤੇ ਉਸ ਤੋਂ ਬਾਅਦ ਸਰਪੰਚ (ਭਲਵਾਨ ਜੀ)ਨੇ ਕਿਸੇ ਦੇ ਪੈਰ ਨਹੀਂ ਲੱਗਣ ਦਿੱਤੇ ਤੇ ਲਗਾਤਾਰ ਚਾਲੀ ਸਾਲ ਸਰਪੰਚੀ ਕੀਤੀ ਅਤੇ ਇੱਕ ਵੱਡੀ ਰਾਜਨੀਤਕ ਪਾਰਟੀ ਦਾ ਸਿਰਕੱਢ ਲੀਡਰ ਵੀ ਰਿਹਾ।
                               ਬਲਦੇਵ ਸਿੰਘ ‘ਪੂਨੀਆਂਂ’

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤ 
Next articleਨਜ਼ਮ