ਫ਼ਰੀਦਕੋਟ/ਭਲੂਰ 14 ਜੁਲਾਈ (ਬੇਅੰਤ ਗਿੱਲ ਭਲੂਰ)-ਫ਼ਰੀਦਕੋਟ ਦੇ ਨਜ਼ਦੀਕੀ ਪਿੰਡ ਕੰਮੇਆਣਾ ਦੇ ਸਮੂਹ ਨਗਰ ਨਿਵਾਸੀ ਪੰਜਾਬ ’ਚ ਮੀਂਹ ਤੋਂ ਬਾਅਦ ਪਾਣੀ ਨਾਲ ਹੋ ਰਹੀ ਤਬਾਹੀ ’ਚ ਪੀੜਤ ਲੋਕਾਂ ਲਈ ਅੱਗੇ ਆਏ ਹਨ। ਪਿੰਡ ਦੇ ਸਮੂਹ ਨਿਵਾਸੀਆਂ ਦੇ ਯੋਗਦਾਨ ਨਾਲ ਹਿੰਮਤੀ ਸੇਵਾਦਾਰਾਂ ਨੇ ਲੋਹੀਆਂ ਦੇ ਨੇੜੇ ਪਿੰਡ ਮਡਾਲਾ, ਨਸੀਬਪੁਰਾ ਅਤੇ ਨਲ ਮਾਣਕ ਵਿਚ ਪਹੁੰਚ ਕੇ ਪਸ਼ੂਆਂ ਲਈ ਹਰੇ ਪੱਠਿਆਂ ਦੀ ਸੇਵਾ ਕੀਤੀ । ਇਨ੍ਹਾਂ ਚਾਰ ਦਿਨਾਂ ’ਚ ਪੱਠਿਆਂ ਦੀ ਸੇਵਾ ਕਰ ਰਹੇ ਪਿੰਡ ਨਿਵਾਸੀਆਂ ਨੇ ਮਹਿਸੂਸ ਕੀਤਾ ਕਿ ਤੇਜ਼ ਮੀਂਹ ਤੋਂ ਪ੍ਰਭਾਵਿਤ ਲੋਕਾਂ ਨੂੰ ਸੁੱਕੇ ਰਾਸ਼ਨ ਦੀ ਵੀ ਸਖ਼ਤ ਜ਼ਰੂਰਤ ਹੈ। ਅੱਜ ਪਿੰਡ ਵਾਸੀਆਂ ਵੱਲੋਂ ਸੁੱਕਾ ਰਾਸ਼ਨ ਵੰਡਣ ਵਾਸਤੇ ਛੋਟਾ ਟਰੱਕ ਰਾਸ਼ਨ ਦਾ ਭਰ ਕੇ ਲੋੜਵੰਦ ਲੋਕਾਂ ਤੱਕ ਪੁੱਜਦਾ ਕੀਤਾ ਗਿਆ । ਸਮੂਹਿਕ ਰੂਪ ’ਚ ਪਿੰਡ ਵਾਸੀਆਂ ਨੇ ਕਿਹਾ ਆਉਂਦੇ ਦਿਨਾਂ ’ਚ ਵੀ ਇਹ ਸੇਵਾ ਜਾਰੀ ਰਹੇਗੀ।
ਉਨ੍ਹਾਂ ਪੰਜਾਬ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ’ਚ ਫ਼ਸੇ ਆਪਣੇ ਭੈਣ-ਭਰਾਵਾਂ ਨੂੰ ਅੱਜ ਸਾਡੀ ਸਖ਼ਤ ਲੋੜ ਹੈ। ਇਸ ਮੌਕੇ ਹਰ ਪੰਜਾਬ ਵਾਸੀ ਨੂੰ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸੁਖਦੇਵ ਸਿੰਘ, ਬੌਬੀ ਸੰਧੂ, ਬੇਅੰਤ ਸਿੰਘ ਸੰਧੂ, ਕੁਲਬੀਰ ਸਿੰਘ ਗੱਗੀ, ਕਮਲਜੀਤ ਸ਼ਰਮਾ, ਗਗਨਦੀਪ ਸਿੰਘ ਸੰਧੂ, ਮਹਿਕ ਸ਼ਰਮਾ, ਅਰਸ਼ਦੀਪ ਸਿੰਘ ਕਿੰਗਰਾ, ਜਸਮੇਲ ਸਿੰਘ ਜੱਸਾ, ਦਿਲਪ੍ਰੀਤ ਸਿੰਘ ਬਚੀ, ਇੰਦਰਜੀਤ ਸਿੰਘ, ਗੋਪੀ ਸਿੰਘ ਵਾਲੀਵਾਲ ਖਿਡਾਰੀ ਅਤੇ ਅਰਸ਼ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਪੀੜਤ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly