ਪਿੰਡ ਦਰੀਏਵਾਲ ਵਿਖੇ ਖੇਤਾਂ ਚ ਕੰਮ ਕਰਦੇ 19 ਸਾਲਾਂ ਨੌਜਵਾਨ ਕਿਸਾਨ ਦੀ ਟਰੈਕਟਰ ਪਲਟਣ ਨਾਲ ਦਰਦਨਾਕ ਮੌਤ

ਮ੍ਰਿਤਕ ਜਸਕਰਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ
ਜਸਕਰਨ ਸਿੰਘ

ਕਪੂਰਥਲਾ,(ਸਮਾਜ ਵੀਕਲੀ)  (ਕੌੜਾ)–  ਬਲਾਕ ਸੁਲਤਾਨਪੁਰ ਲੋਧੀ ਅਧੀਨ ਪੈਂਦੇ  ਪਿੰਡ ਦਰੀਏਵਾਲ ਵਿਖੇ ਅੱਜ ਦੁਪਹਿਰ 2-30 ਵਜੇ ਦੇ ਕਰੀਬ ਇੱਕ ਨੌਜਵਾਨ ਦੀ ਖੇਤਾਂ ਵਿੱਚ ਕੰਮ ਕਰਦਿਆਂ ਅਚਾਨਕ ਟਰੈਕਟਰ ਪਲਟਣ ਨਾਲ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਸਕਰਨ ਸਿੰਘ ਪੁੱਤਰ ਸਵ.ਪਰਮਜੀਤ ਸਿੰਘ ਆਪਣੇ ਖੇਤਾਂ ਵਿੱਚ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਵਾ ਰਿਹਾ ਸੀ ਤਾਂ ਟਰੈਕਟਰ ਮਗਰ ਟਰਾਲੀ ਪਾ ਕੇ ਉਹ ਖੇਤਾਂ ਵਿੱਚ ਝੋਨਾ ਲੱਦਣ ਲਈ ਆਇਆ, ਜਿਸ ਦੌਰਾਨ ਟਰੈਕਟਰ ਬੇਕਾਬੂ ਹੋ ਕੇ ਅਚਾਨਕ ਪਲਟ ਗਿਆ ਅਤੇ ਜਸਕਰਨ ਸਿੰਘ ਉਸ ਦੇ ਹੇਠਾਂ ਆ ਗਿਆ। ਆਲੇ ਦੁਆਲੇ ਦੇ ਕਿਸਾਨਾਂ ਨੇ 20 ਮਿੰਟ ਦੀ ਜੱਦੋ ਜਹਿਦ ਉਪਰੰਤ ਜਸਕਰਨ ਸਿੰਘ ਨੂੰ ਟਰੈਕਟਰ ਹੇਠੋਂ ਕੱਢਿਆ ਅਤੇ ਤੁਰੰਤ ਸੁਲਤਾਨਪੁਰ ਲੋਧੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਨੌਜਵਾਨ ਕਿਸਾਨ ਜਸਕਰਨ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 19 ਸਾਲਾ ਨੌਜਵਾਨ ਜਸਕਰਨ ਸਿੰਘ ਦੇ ਪਿਤਾ ਦੀ ਕੁੱਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਘਰ ਵਿੱਚ ਆਪਣੀ ਮਾਤਾ ਅਤੇ ਭੈਣ ਨਾਲ ਰਹਿੰਦਾ ਸੀ। ਨੌਜਵਾਨ ਕਿਸਾਨ ਜਸਕਰਨ ਸਿੰਘ ਦੀ ਹੋਈ ਦਰਦਨਾਕ ਮੌਤ ਕਾਰਨ ਸਮੁੱਚੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।ਇਸ ਮੌਕੇ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਮਾਸਟਰ ਚਰਨ ਸਿੰਘ ਹੈਬਤਪੁਰ, ਅਮਰਜੀਤ ਸਿੰਘ ਟਿੱਬਾ,ਸਰਵਨ ਸਿੰਘ ਚੰਦੀ,ਸੁਖਵਿੰਦਰ ਸਿੰਘ ਸ਼ਹਿਰੀ, ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾਈ ਆਗੂ ਜਥੇਦਾਰ ਪਰਮਜੀਤ ਸਿੰਘ ਖਾਲਸਾ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਪ੍ਰਧਾਨ ਸੁਖਜੀਤ ਸਿੰਘ ਬੱਗਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਬਲਜਿੰਦਰ ਸਿੰਘ ਪਾਲਾ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿਰਤਕ ਕਿਸਾਨ ਜਸਕਰਨ ਸਿੰਘ ਦੇ ਪਰਿਵਾਰ ਨੂੰ ਤਰੁੰਤ ਆਰਥਿਕ ਸਹਾਇਤਾ ਦਿੱਤੀ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article* ਘਰ ਇੱਕ ਪੁੱਤ *
Next articleਪਰਿਵਾਰ ‘ਚ ਸੰਜਮ ਅਤੇ ਮਾਂ ਬਾਪ ਦੀ ਆਗਿਆ ‘ਚ ਰਹਿਣ ਦੀ ਜਾਂਚ ਸਿਖਾਉਂਦੀ ਹੈ ਰਾਮ ਲੀਲ੍ਹਾ : ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ