ਸਟੰਟ ਰਾਈਡਿੰਗ ‘ਚ ਵਿਕਰਮਪ੍ਰਤਾਪ ਸਿੰਘ ਨੇ ਹਾਸਿਲ ਕੀਤਾ ਵੱਖਰਾ ਮੁਕਾਮ

(ਸਮਾਜ ਵੀਕਲੀ) ਜਦੋਂ ਸ਼ੌਕ ਜਨੂੰਨ ਵਿੱਚ ਬਦਲ ਜਾਂਦੇ ਹਨ, ਤਾਂ ਇਨਸਾਨ ਉਨ੍ਹਾਂ ਨੂੰ ਹਕੀਕਤ ਬਣਾਉਣ ਲਈ ਹਰ ਚੁਣੌਤੀ ਨੂੰ ਪਾਰ ਕਰ ਜਾਂਦਾ ਹੈ। ਅਜਿਹਾ ਹੀ ਕੁਝ ਕਰ ਕੇ ਦਿਖਾਇਆ ਹੈ ਅਬੋਹਰ ਦੇ ਪਿੰਡ ਰੁਕਨਪੁਰਾ ਨਾਲ ਸੰਬੰਧਤ ਵਿਕਰਮਪ੍ਰਤਾਪ ਸਿੰਘ ਨੇ, ਜੋ ਕਿ ਪ੍ਰੋਫੈਸ਼ਨਲ ਸਟੰਟ ਰਾਈਡਰ ਵਜੋਂ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਸਫਲ ਰਹੇ ਹਨ। ਸੋਸ਼ਲ ਮੀਡੀਆ ‘ਤੇ “MAAN STUNTS” ਨਾਂ ਨਾਲ ਪ੍ਰਸਿੱਧ ਵਿਕਰਮਪ੍ਰਤਾਪ ਨੇ ਆਪਣੇ ਹੁਨਰ ਨਾਲ ਲੋਕਾਂ ਦੀਆਂ ਦਿਲਾਂ ‘ਚ ਵਿਸ਼ੇਸ਼ ਥਾਂ ਬਣਾਈ ਹੈ।ਵਿਕਰਮਪ੍ਰਤਾਪ ਦਾ ਜਨਮ ਸਰਦਾਰ ਮੰਗਲ ਸਿੰਘ ਅਤੇ ਸ੍ਰੀਮਤੀ ਮਨਦੀਪ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਿੰਡ ਰੁਕਨਪੁਰਾ (ਉਰਫ਼ ਖੂਈ ਖੇੜਾ) ਅਬੋਹਰ ਤੋਂ ਕੀਤੀ ਅਤੇ ਬਾਅਦ ਵਿੱਚ ਇਲੈਕਟ੍ਰਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ।

ਮਸ਼ੀਨਰੀ ਨਾਲ ਖਾਸ ਰੁਝਾਨ ਹੋਣ ਕਰਕੇ, ਵਿਕਰਮ ਨੇ ਸਟੰਟ ਰਾਈਡਿੰਗ ਵੱਲ ਰੁਖ ਕੀਤਾ। ਸ਼ੁਰੂਆਤੀ ਦੌਰ ‘ਚ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਨਾ ਹੀ ਉੱਚ ਪੱਧਰੀ ਸਾਧਨ ਸਨ ਅਤੇ ਨਾ ਹੀ ਕੋਈ ਵਿਸ਼ੇਸ਼ ਸਹਾਇਤਾ। ਪਰ ਜਨੂੰਨ ਨੇ ਉਨ੍ਹਾਂ ਨੂੰ ਅੱਗੇ ਵਧਣ ਲਈ ਹੌਂਸਲਾ ਦਿੱਤਾ। 2015 ‘ਚ ਸ਼ੁਰੂ ਕੀਤੀ ਗਈ ਇਹ ਯਾਤਰਾ ਅੱਜ ਕਈ ਮਹੱਤਵਪੂਰਨ ਮੰਚਾਂ ‘ਤੇ ਸਟੰਟ ਪੇਸ਼ ਕਰਨ ਤੱਕ ਪਹੁੰਚ ਚੁੱਕੀ ਹੈ।

ਵਿਕਰਮਪ੍ਰਤਾਪ ਨੇ ਕਈ ਵੱਡੇ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਸਟੰਟ ਸ਼ੋਅ ਕੀਤੇ ਹਨ, ਜਿਨ੍ਹਾਂ ਵਿੱਚ ਸਵਾਈਟ ਕਾਲਜ (ਬਨੂੜ), ਬਾਬਾ ਫਰੀਦ ਗਰੁੱਪ ਆਫ਼ ਇੰਸਟੀਚਿਊਸ਼ਨ (ਬਠਿੰਡਾ), ਅਤੇ ਮੱਧ ਪ੍ਰਦੇਸ਼ ਦੀ ਯੂਨੀਵਰਸਿਟੀ ਸ਼ਾਮਲ ਹਨ। ਉਨ੍ਹਾਂ ਨੇ “OMG! ਯੇ ਹੈ ਮੇਰਾ ਇੰਡੀਆ” (ਹਿਸਟਰੀ ਟੀਵੀ 18) ਵਰਗੇ ਮਸ਼ਹੂਰ ਟੀਵੀ ਸ਼ੋਅ ਵਿੱਚ ਵੀ ਆਪਣੇ ਬਾਈਕ ਸਟੰਟਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ।

ਵਿਕਰਮਪ੍ਰਤਾਪ ਨੇ ਕਈ ਅੰਤਰਰਾਸ਼ਟਰੀ ਪੱਧਰੀ ਟ੍ਰਿਕਸ ਵੀ ਕੀਤੀਆਂ ਹਨ, ਜੋ ਕਿ ਭਾਰਤ ਵਿੱਚ ਕਦੇ-ਕਦੇ ਹੀ ਦੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਦੀਆਂ ਮੁੱਖ ਟ੍ਰਿਕਸ ਵਿੱਚ—ਨੋ ਟਾਈਅਰ ਸਟੰਟ ,ਬਾਲਦਿਨੀ ਸਰਕਲਸ,ਯੂਨੀਸਾਈਕਲ ਨੋ ਹੈਂਡਰ ਸਰਕਲ ਸ਼ਾਮਿਲ ਹਨ, ਜੋ ਕਿ ਇੰਡੀਆ ‘ਚ ਬਹੁਤ ਹੀ ਘੱਟ ਰਾਈਡਰ ਕਰ ਸਕਦੇ ਹਨ। ਸਟੰਟ ਰਾਈਡਿੰਗ ‘ਚ ਵਿਕਰਮ ਦੇ ਉੱਤਸ਼ਾਹ ਅਤੇ ਲਗਨ ਨੇ ਉਨ੍ਹਾਂ ਨੂੰ ਮਸ਼ਹੂਰ ਮੋਟਰਸਾਈਕਲ ਕੰਪਨੀ ਬਜਾਜ ਦੇ ਨਵੇਂ ਲਾਂਚ ਹੋਏ ਬਾਈਕ ਲਈ ਐਡ ਵੀਡੀਓ ‘ਚ ਵੀ ਕੰਮ ਕਰਨ ਦਾ ਮੌਕਾ ਦਿਵਾਇਆ। ਇਹ ਉਨ੍ਹਾਂ ਦੀ ਕਾਬਲੀਅਤ ਦਾ ਇੱਕ ਵੱਡਾ ਸਬੂਤ ਹੈ।

ਸ਼ੁਰੂਆਤੀ ਦਿਨਾਂ ‘ਚ ਵਿਕਰਮ ਨੂੰ ਮਾਪਿਆਂ ਵੱਲੋਂ ਰੋਕ-ਟੋਕ ਮਿਲੀ, ਪਰ ਜਦੋਂ ਉਨ੍ਹਾਂ ਦੀਆਂ ਕਾਮਯਾਬੀਆਂ ਦੀ ਗੂੰਜ ਸ਼ਹਿਰ ਅਤੇ ਸੋਸ਼ਲ ਮੀਡੀਆ ‘ਤੇ ਸੁਣਾਈ ਦੇਣ ਲੱਗੀ, ਤਾਂ ਮਾਪਿਆਂ ਨੇ ਵੀ ਉਨ੍ਹਾਂ ਦਾ ਹੌਂਸਲਾ ਵਧਾਇਆ। 26 ਜਨਵਰੀ 2019 ਨੂੰ ਤਤਕਾਲੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਿਰੋਜ਼ਪੁਰ ਵਿਖੇ ਵਿਕਰਮਪ੍ਰਤਾਪ ਨੂੰ ਸਨਮਾਨਿਤ ਕੀਤਾ, ਜੋ ਕਿ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦਾ ਪਰਿਣਾਮ ਸੀ। ਵਿਕਰਮਪ੍ਰਤਾਪ ਨੇ ਇਹ ਸਾਬਿਤ ਕੀਤਾ ਕਿ ਸਟੰਟ ਰਾਈਡਿੰਗ ਨੂੰ ਆਗਿਆਤ ਅਤੇ ਅਣਕਾਨੂੰਨੀ ਗਤੀਵਿਧੀ ਨਹੀਂ ਸਮਝਣਾ ਚਾਹੀਦਾ। ਉਹ ਕਹਿੰਦੇ ਹਨ—”ਜੇਕਰ ਇਹ ਗਲਤ ਹੋਵੇ, ਤਾਂ ਫੌਜੀ ਟੁਕੜੀਆਂ ਵੀ ਆਪਣੇ ਸ਼ੋਅ ‘ਚ ਸਟੰਟਸ ਨਾ ਦਿਖਾਉਂਦੀਆਂ।” ਉਨ੍ਹਾਂ ਨੇ ਇਹ ਗੇਮ ਪੂਰੀ ਸੁਰੱਖਿਆ ਨਾਲ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ, ਜਿਸ ਨਾਲ ਉਹ ਇੱਕ ਪ੍ਰੇਰਣਾ ਬਣ ਚੁੱਕੇ ਹਨ।

ਵਿਸ਼ਵ ਪੱਧਰ ‘ਤੇ ਨਾਮ ਬਣਾਉਣ ਦੀ ਖ਼ਾਹਿਸ਼

ਅਗਲੇ ਟੀਚੇ ਵਜੋਂ ਵਿਕਰਮ ਵਿਸ਼ਵ ਪੱਧਰ ‘ਤੇ ਰਿਕਾਰਡ ਬਣਾਉਣ ਦੀ ਇੱਛਾ ਰੱਖਦੇ ਹਨ। ਉਹ ਚਾਹੁੰਦੇ ਹਨ ਕਿ ਇੰਡੀਆ ‘ਚ ਵੀ ਸਟੰਟ ਰਾਈਡਿੰਗ ਨੂੰ ਇੱਕ ਪ੍ਰੋਫੈਸ਼ਨਲ ਕਰੀਅਰ ਵਜੋਂ ਮੰਨਤਾ ਮਿਲੇ।

“ਜੇ ਜਨੂੰਨ ਸੱਚਾ ਹੋਵੇ, ਤਾਂ ਕੋਈ ਵੀ ਕੰਮ ਅਸੰਭਵ ਨਹੀਂ।”ਇਹ ਗੱਲ ਵਿਕਰਮਪ੍ਰਤਾਪ ਨੇ ਆਪਣੀ ਕਾਮਯਾਬੀ ਨਾਲ ਸਾਬਤ ਕਰ ਦਿੱਤੀ ਹੈ।

ਪ੍ਰਦੀਪ ਕੌਰ ਅਡੋਲ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਗਣਤੰਤਰ ਦਿਵਸ ਪਰੇਡ
Next articleਐਸਾ ਚਾਹੂੰ ਰਾਜ ਮੈਂ •••••••••••