ਪੰਜਾਬ ਸਣੇ 19 ਸੂਬਿਆਂ ਵਿੱਚ ਚੌਕਸੀ

 

  • ਹਸਪਤਾਲਾਂ ’ਚ ਤਿਆਰੀਆਂ ਰੱਖਣ, ਟੈਸਟਿੰਗ ਤੇ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਨ ਦੀ ਹਦਾਇਤ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰ ਸਰਕਾਰ ਨੇ ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ ਵਧ ਰਹੇ ਕੇਸਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਅੱਜ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਗੋਆ ਸਮੇਤ 19 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੈਸਟਿੰਗ ਵਧਾਉਣ ’ਤੇ ਜ਼ੋਰ ਦਿੱਤਾ ਹੈ। ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਆਰਤੀ ਆਹੂਜਾ ਨੇ ਪੱਤਰ ਲਿਖ ਕੇ ਇਨ੍ਹਾਂ ਸੂਬਿਆਂ ਨੂੰ ਕਿਹਾ ਹੈ ਕਿ ਉਹ ਕਰੋਨਾ ਦੇ ਪਸਾਰ ਰੋਕਣ ਤੇ ਟੈਸਟਿੰਗ ਵਧਾਉਣ ’ਚ ਢਿੱਲ ਨਾ ਵਰਤਣ।

ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਿਹਾ ਹੈ ਕਿ ਮਹਾਰਾਸ਼ਟਰ, ਪੱਛਮੀ ਬੰਗਾਲ, ਤਾਮਿਲ ਨਾਡੂ, ਦਿੱਲੀ, ਕਰਨਾਟਕ ਅਤੇ ਗੁਜਰਾਤ ਹਫ਼ਤਾਵਾਰੀ ਕੋਵਿਡ-19 ਦੇ ਮਾਮਲਿਆਂ ਅਤੇ ਪਾਜ਼ੇਟੀਵਿਟੀ ਦਰ ਦੇ ਆਧਾਰ ’ਤੇ ਚਿੰਤਾ ਵਧਾਉਣ ਵਾਲੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਵਜੋਂ ਉਭਰ ਰਹੇ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਠ ਜ਼ਿਲ੍ਹਿਆਂ ’ਚ ਕਰੋਨਾ ਦੇ ਹਫ਼ਤਾਵਾਰੀ ਲਾਗ ਦੇ 10 ਫ਼ੀਸਦ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਜਦਕਿ 14 ਜ਼ਿਲ੍ਹਿਆਂ ’ਚ ਲਾਗ ਦੀ ਦਰ 5 ਤੋਂ 10 ਫ਼ੀਸਦ ਹੈ। ਸਰਕਾਰ ਨੇ ਕਿਹਾ ਕਿ ਕਰੋਨਾ ਦੇ ਫੈਲਾਅ ਦਾ ਸੰਕੇਤ ਦੇਣ ਵਾਲੀ ਆਰ ਨੌਟ ਵੈਲਿਊ (ਰੀਪ੍ਰੋਡਕਸ਼ਨ ਵੈਲਿਊ) 1.22 ਹੈ। ਇਸ ਲਈ ਮਾਮਲੇ ਵਧ ਰਹੇ ਹਨ ਨਾ ਕਿ ਘੱਟ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਇਹਤਿਆਤ ਵਰਤਣ ਲਈ ਚਿੱਠੀ ਲਿਖੀ ਹੈ।

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਦਿੱਲੀ, ਹਰਿਆਣਾ, ਤਾਮਿਲ ਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਝਾਰਖੰਡ ਨੂੰ ਕਿਹਾ ਹੈ ਕਿ ਉਹ ਟੈਸਟਿੰਗ ਵਧਾਉਣ, ਹਸਪਤਾਲਾਂ ’ਚ ਤਿਆਰੀਆਂ ਰੱਖਣ ਅਤੇ ਟੀਕਾਕਰਨ ਮੁਹਿੰਮ ਦੀ ਰਫ਼ਤਾਰ ਵਧਾਉਣ। ਇਸ ਤੋਂ ਇਲਾਵਾ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਪਾਬੰਦੀਆਂ ਯਕੀਨੀ ਬਣਾਉਣ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਓਮੀਕਰੋਨ ਲੋਕਾਂ ’ਚ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਹੁਣ ਕਰਵਾਏ ਜਾ ਰਹੇ 46 ਫ਼ੀਸਦ ਟੈਸਟਾਂ ’ਚ ਓਮੀਕਰੋਨ ਦੇ ਲੱਛਣ ਮਿਲੇ ਹਨ।ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ ਕੇ ਪੌਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਦੇ ਕੇਸਾਂ ’ਚ ਵਾਧਾ ਦਰਜ ਹੋਇਆ ਹੈ ਅਤੇ ਕੁਝ ਸੂਬਿਆਂ ’ਚ ਇਹ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਚੋਣ ਰੈਲੀਆਂ ਬਾਰੇ ਸ੍ਰੀ ਪੌਲ ਨੇ ਕਿਹਾ ਕਿ ਸਿਹਤ ਮੰਤਰਾਲੇ ਨੇ ਲਾਗ ਤੋਂ ਬਚਣ ਲਈ ਇਹਤਿਆਤੀ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਹਨ।

ਕਰੋਨਾ ਤੋਂ ਬਚਾਅ ਦੇ ਨੇਮਾਂ ਦੀ ਪਾਲਣਾ ਨਾਲ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਦੇਸ਼ ’ਚ ਇਕ ਦਿਨ ’ਚ ਓਮੀਕਰੋਨ ਦੇ 180 ਨਵੇਂ ਕੇਸ ਆਏ ਹਨ ਜਿਸ ਨਾਲ ਨਵੇਂ ਲਾਗ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵਧ ਕੇ 961 ਹੋ ਗਈ ਹੈ। ਦਿੱਲੀ ’ਚ ਓਮੀਕਰੋਨ ਦੇ ਪੀੜਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ 263 ਹੈ ਜਦਕਿ ਮਹਾਰਾਸ਼ਟਰ ’ਚ 252, ਗੁਜਰਾਤ ’ਚ 97, ਰਾਜਸਥਾਨ ’ਚ 69, ਕੇਰਲਾ ’ਚ 65 ਅਤੇ ਤਿਲੰਗਾਨਾ ’ਚ 62 ਕੇਸ ਹਨ। ਕਰੋਨਾ ਦੇ ਰੋਜ਼ਾਨਾ ਕੇਸਾਂ ਦੀ ਗਿਣਤੀ ਕਰੀਬ 49 ਦਿਨਾਂ ਬਾਅਦ 13 ਹਜ਼ਾਰ ਤੋਂ ਪਾਰ ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਓਮੀਕਰੋਨ ਸਰੂਪ ਡੈਲਟਾ ਨਾਲੋਂ ਤੇਜ਼ੀ ਨਾਲ ਫੈਲਦਾ ਹੈ ਅਤੇ 2-3 ਦਿਨਾਂ ’ਚ ਦੁਗਣਾ ਹੋ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਸਗੋਂ ਇਹਤਿਆਤ ਰੱਖਣ ਅਤੇ ਟੀਕੇ ਲਗਵਾਉਣ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleVienna nuke talks make “good progress” in sanctions removal: Iran’s top negotiator
Next articleਮੁੰਬਈ ’ਚ ਨਵੇਂ ਵਰ੍ਹੇ ਦੇ ਜਸ਼ਨਾਂ ’ਤੇ ਪੁਲੀਸ ਨੇ ਲਾਈ ਰੋਕ