ਨਵੀਂ ਦਿੱਲੀ (ਸਮਾਜ ਵੀਕਲੀ): ਵੀਅਤਨਾਮ ਦੀ ਨੈਸ਼ਨਲ ਅਸੈਂਬਲੀ ਦੇ ਚੇਅਰਮੈਨ ਵਿਓਂਗ ਦਿਨ੍ਹ ਹੂਈ ਦੀ ਅਗਵਾਈ ਵਿੱਚ ਵਫ਼ਦ ਨੇ ਇੱਥੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਆਈਆਂ ਰੁਕਾਵਟਾਂ ਦੇ ਬਾਵਜੂਦ ਭਾਰਤ ਤੇ ਵੀਅਤਨਾਮ ਦਰਮਿਆਨ ਆਰਥਿਕ ਸਬੰਧ ਹਾਂ-ਪੱਖੀ ਰਹੇ ਹਨ।
ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ, ਰਾਸ਼ਟਰਪਤੀ ਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਭਾਰਤ ਤੇ ਵੀਅਤਨਾਮ ਦਰਮਿਆਨ ਰੱਖਿਆ ਭਾਈਵਾਲੀ ਲਗਾਤਾਰ ਵਧ ਰਹੀ ਹੈ। ਵੀਅਤਨਾਮ ਦੇ ਸੰਸਦੀ ਵਫ਼ਦ ਦਾ ਰਾਸ਼ਟਰਪਤੀ ਭਵਨ ਵਿੱਚ ਸਵਾਗਤ ਕਰਦਿਆਂ ਕੋਵਿੰਦ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਰੱਖਿਆ ਸਹਿਯੋਗ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਖ਼ੁਸ਼ਹਾਲੀ ਵਿੱਚ ਯੋਗਦਾਨ ਪਾਵੇਗਾ। ਰਾਸ਼ਟਰਪਤੀ ਨੇ ਕਿਹਾ, ‘‘ਸਾਡੇ ਲੋਕ ਮਹਾਤਮਾ ਗਾਂਧੀ ਅਤੇ ਰਾਸ਼ਟਰਪਤੀ ਹੋ ਚੀ ਮਿਨ੍ਹ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਹਨ। ਅੱਜ ਸਾਡੀ ਦੁਵੱਲੀ ਵਿਆਪਕ ਰਣਨੀਤਕ ਭਾਈਵਾਲੀ ਵਿੱਚ ਰਾਜਨੀਤੀ ਤੋਂ ਲੈ ਕੇ ਵਪਾਰ ਤੇ ਨਿਵੇਸ਼ ਸਬੰਧਾਂ, ਊਰਜਾ ਸਹਿਯੋਗ, ਵਿਕਾਸ ਸਾਂਝੇਦਾਰੀ, ਰੱਖਿਆ ਤੇ ਸੁਰੱਖਿਆ ਸਹਿਯੋਗ ਤੱਕ ਵਿਆਪਕ ਖੇਤਰ ਸ਼ਾਮਲ ਹਨ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly