(ਸਮਾਜ ਵੀਕਲੀ)
ਵਿਧਾਨ ਸਭਾ ਆਮ ਲੋਕਾਂ ਵੱਲੋਂ ਚੁਣ ਕੇ ਭੇਜੇ ਗਏ ਨੁਮਿੰਦਿਆਂ ਦੀ ਉਹ ਜਗ੍ਹਾ ਹੁੰਦੀ ਹੈ ਜਿਸ ਉੱਤੇ ਉਹਨਾਂ ਨੂੰ ਬਹੁਤ ਆਸਾਂ ਹੁੰਦੀਆਂ ਹਨ। ਉਹ ਇੱਕ ਰਾਜ ਦੀ ਸਰਬ ਉੱਚ ਸਭਾ ਹੁੰਦੀ ਹੈ। ਜਿੱਥੇ ਰਾਜ ਵਿਚਲੀ ਜਨਤਾ ਦੀਆਂ ਸਮੱਸਿਆਵਾਂ ਨਾਲ ਸਬੰਧਤ ਮੁੱਦਿਆਂ ਬਾਰੇ ਚਰਚਾ ਹੁੰਦੀ ਹੈ,ਮਤੇ ਪਾਸ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਲਾਗੂ ਕੀਤਾ ਜਾਂ ਕਰਵਾਇਆ ਜਾਂਦਾ ਹੈ।
ਸਾਡੇ ਸੂਬੇ ਦੀ ਸੱਤਾਧਾਰੀ ਧਿਰ ਵਾਲੀ ਸਰਕਾਰ ਦੀ ਪਾਰਟੀ ਸਾਢੇ ਚਾਰ ਸਾਲ ਸੁੱਸਰੀ ਵਾਂਗ ਸੁੱਤੀ ਰਹੀ ਅਤੇ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਅਚਾਨਕ ਮੁੱਖ ਮੰਤਰੀ ਬਦਲਣ ਦੀ ਲੋੜ ਮਹਿਸੂਸ ਹੋਈ। ਸਾਡੇ ਨਵੇਂ ਮੁੱਖ ਮੰਤਰੀ ਸਾਹਿਬ ਘੱਟ ਸਮੇਂ ਵਿੱਚ ਆਮ ਜਨਤਾ ਲਈ ਕਿਹੜੀਆਂ ਕਿਹੜੀਆਂ ਨਵੀਆਂ ਨੀਤੀਆਂ ਲੈਣ ਕੇ ਆਉਣਗੇ ਅਤੇ ਕਿਹੜੀਆਂ ਕਿਹੜੀਆਂ ਲਾਗੂ ਕਰਨਗੇ? ਉਹਨਾਂ ਦੇ ਭਾਸ਼ਣ ਤੇ ਵਾਅਦੇ ਸੁਣ ਕੇ ਤਾਂ ਸਿਰਫ ਇੰਝ ਲੱਗਦਾ ਹੈ ਕਿ ਜਨਤਾ ਨੂੰ ਲਾਲੀਪਾਪ ਦੇ ਕੇ ਵਿਰਾਇਆ ਜਾ ਰਿਹਾ ਹੈ। ਆਮ ਜਨਤਾ ਦੀਆਂ ਸਧਰਾਂ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਵੈਸੇ ਵੀ ਇਹ ਸਭ ਵਾਇਦੇ ਸਿਰਫ ਵਾਇਦੇ ਬਣ ਕੇ ਹੀ ਰਹਿ ਜਾਂਦੇ ਹਨ। ਇਹਨਾਂ ਦੇ ਭਾਸ਼ਣ ਸਿਰਫ਼ ਇੱਕ ਚੋਣ ਪ੍ਰਚਾਰ ਹੀ ਜਾਪਦੇ ਹਨ।
ਇਸੇ ਦੌਰਾਨ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ। ਇਹ ਸੈਸ਼ਨ ਇਸ ਨਵੀਂ ਬਣੀ ਸਰਕਾਰ ਦਾ ਪਹਿਲਾ ਅਤੇ ਆਖਰੀ ਸੈਸ਼ਨ ਸੀ। ਵਿਧਾਨ ਸਭਾ ਦੇ ਇਸ ਵਿਸ਼ੇਸ਼ ਸੈਸ਼ਨ ਵਿੱਚ ਕੀ ਖਾਸ ਸੀ ? ਪਹਿਲਾਂ ਵੀ ਸੈਸ਼ਨ ਹੁੰਦੇ ਹਨ । ਉਹਨਾਂ ਵਿੱਚ ਵੀ ਬਿਲ ਪਾਸ ਹੁੰਦੇ ਹਨ।ਬਣਦਾ ਕੀ ਹੈ? ਕੁਝ ਨਹੀਂ। ਹੁਣ ਵੀ ਬਾਰਡਰਾਂ ਦੇ ਫ਼ਾਸਲੇ ਵਧਾਉਣ ਬਾਰੇ, ਬਿਜਲੀ ਸਮਝੌਤਿਆਂ ਬਾਰੇ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਬਾਰੇ ਖ਼ੂਬ ਸ਼ੋਰ ਮਚਾਉਂਦੇ ਰਹੇ ਤੇ ਸਾਡੀਆਂ ਅੱਖਾਂ ਵਿੱਚ ਧੂੜ ਪਾਉਂਦੇ ਰਹੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ । ਇੱਕ ਦੂਜੇ ਉੱਤੇ ਨਿਰੀ ਦੂਸ਼ਣਬਾਜ਼ੀ ਅਤੇ ਬਹਿਸਬਾਜ਼ੀ ਦੇਖਣ ਤੋਂ ਇਲਾਵਾ ਜਨਤਾ ਦੇ ਹੱਥ ਪੱਲੇ ਕੁਝ ਨਹੀਂ ਪਿਆ। ਵਿਧਾਨ ਸਭਾ ਦਾ ਵੀ ਕੋਈ ਪ੍ਰੋਟੋਕਾਲ ਹੁੰਦਾ ਹੈ, ਸੀਮਾ ਹੁੰਦੀ ਹੈ।ਉਸ ਸੀਮਾ ਦਾ , ਪ੍ਰੋਟੋਕਾਲ ਦਾ ਧਿਆਨ ਕਿਉਂ ਨਹੀਂ ਰੱਖਿਆ ਜਾਂਦਾ?
ਵਿਧਾਨ ਸਭਾ ਵਿੱਚ ਨੇਤਾਵਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ, ਉਹਨਾਂ ਦੇ ਭਾਸ਼ਣ ਸੁਣ ਕੇ ਸ਼ਰਮ ਆਉਂਦੀ ਹੈ ਕਿ ਅਸੀਂ ਆਪਣੀ ਵੋਟ ਕਿਹੜੇ ਕੀਲੇ ਟੰਗ ਦਿੱਤੀ ਹੈ? ਨੇਤਾਵਾਂ ਦੇ ਵਿਚਾਰ , ਉਹਨਾਂ ਦਾ ਵਿਹਾਰ ਅਤੇ ਉਹਨਾਂ ਦੇ ਗਿਆਨ ਦਾ ਚਾਨਣ ਵੇਖ ਕੇ ਅੱਖਾਂ ਅੱਗੇ ਹਨੇਰਾ ਆਉਂਦਾ ਹੈ। ਕੀ ਇਸ ਨੂੰ ਅਸੀਂ ਡੈਮੋਕਰੇਸੀ ਮੰਨ ਸਕਦੇ ਹਾਂ? ਐਨੀ ਅਨੁਸ਼ਾਸਨਹੀਣਤਾ ਜੇ ਸਾਡੇ ਰਾਜ ਦੀ ਵਿਧਾਨ ਸਭਾ ਵਿੱਚ ਹੈ ਤਾਂ ਸਕੂਲਾਂ, ਦਫ਼ਤਰਾਂ ਅਤੇ ਹੋਰ ਅਦਾਰਿਆਂ ਤੋਂ ਅਸੀਂ ਕੀ ਆਸਾਂ ਰੱਖ ਸਕਦੇ ਹਾਂ?
ਇੱਕ- ਦੂਜੇ ਖ਼ਿਲਾਫ਼ ਉਹੀ ਘਿਸੇ-ਪਿਟੇ ਨਾਹਰੇ ,ਉਹੀ ਹੇਰਾਫੇਰੀਆਂ,ਉਹੀ ਚਾਰ ਮਸਲੇ ਵਾਰ-ਵਾਰ ਉਠਾਉਣਾ, ਇੱਕ ਦੂਜੇ ਤੇ ਇਲਜ਼ਾਮ ਲਗਾਉਣੇ ਅਤੇ ਸਾਡਾ ਆਪਣੇ ਘਰਾਂ ਵਿੱਚ ਬੈਠ ਕੇ ਟੀ. ਵੀ ਉੱਪਰ ਤਮਾਸ਼ਾ ਵੇਖਣਾ। ਦੋਸਤੋ ਆਪਾਂ ਇਹ ਕੋਈ ਨਾਟਕ ਨਹੀਂ ਦੇਖ ਰਹੇ। ਇਹ ਜਨਤਾ ਨੂੰ ਖੁਦ ਵਿਚਾਰਨਾ ਪਵੇਗਾ। ਇਹਨਾਂ ਦੀਆਂ ਚਾਲਾਂ ਨੂੰ ਸਮਝਣਾ ਪਵੇਗਾ।ਇਹ ਸਭ ਅੰਦਰਖਾਤੇ ਮਿਲੇ ਹੁੰਦੇ ਹਨ ।ਸਾਡੀਆਂ ਭਾਵਨਾਵਾਂ ਨੂੰ ਭੜਕਾਉਣਾ ਅਤੇ ਆਪਣਾ ਮਤਲਬ ਕੱਢਣਾ ਹੀ ਇਹਨਾਂ ਦਾ ਮੁੱਖ ਮੰਤਵ ਹੁੰਦਾ ਹੈ।
ਸਾਡੇ ਸੂਬੇ ਦੇ ਵਿਸ਼ੇਸ਼ ਇਜਲਾਸ ਵਿੱਚ ਮੁੱਖ ਮੰਤਰੀ ਜੀ ਵੱਲੋਂ ਭਾਸ਼ਣ ਹੀ ਵਿਰੋਧੀ ਪਾਰਟੀਆਂ ਉੱਪਰ ਦੂਸ਼ਣਬਾਜ਼ੀ ਨਾਲ ਆਰੰਭਿਆ ਗਿਆ।ਜੋ ਦੋਸ਼ ਉਹਨਾਂ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਲਗਾਏ ਜਾ ਰਹੇ ਸਨ,ਉਹੀ ਦੋਸ਼ ਉਹਨਾਂ ਦੀ ਪਾਰਟੀ ਨੇ ਵੋਟਾਂ ਮੰਗਣ ਵੇਲੇ ਵੀ ਲਾਏ ਸਨ। ਫਿਰ ਐਨੇ ਘੱਟ ਸਮੇਂ ਵਾਲੇ ਸੈਸ਼ਨ ਵਿੱਚ ਉਹੀ ਗੱਲਾਂ ਨੂੰ , ਉਹੀ ਦੋਸ਼ਾਂ ਨੂੰ ਕਿਉਂ ਦੁਹਰਾਇਆ ਜਾਂਦਾ ਹੈ। ਮੁੱਖ ਮੰਤਰੀ ਸਾਹਿਬ, ਪਿਛਲੇ ਸਾਢ ਚਾਰ ਸਾਲ ਤੋਂ ਤੁਹਾਡੀ ਪਾਰਟੀ ਦੀ ਸਰਕਾਰ ਸੀ । ਤੁਸੀਂ ਉਹਨਾਂ ਉੱਪਰ ਮੁਕੱਦਮੇ ਦਰਜ ਕਿਉਂ ਨਹੀਂ ਕੀਤੇ? ਜੇ ਆਮ ਜਨਤਾ ਦੋਸ਼ੀਆਂ ਖਿਲਾਫ ਮੁਕੱਦਮੇ ਦਰਜ ਕਰਕੇ ਇਨਸਾਫ਼ ਲੈਣਾ ਜਾਣਦੀ ਹੈ ਤਾਂ ਤੁਸੀਂ ਲੀਡਰਾਂ ਖਿਲਾਫ ਕਿਉਂ ਕਾਨੂੰਨੀ ਚੁੱਪ ਵੱਟੀ ਹੋਈ ਹੈ?
ਵਿਰੋਧੀ ਧਿਰ ਦੇ ਆਗੂ ਵੱਲੋਂ ਸੀ.ਐੱਮ ਵੱਲ ਵਧਣਾ ਅਤੇ ਬਚਾਅ ਵਿੱਚ ਪਾਰਟੀ ਦੇ ਪ੍ਰਧਾਨ ਵੱਲੋਂ ਭੱਜ ਕੇ ਆਉਣਾ ਅਤੇ “ਜਾ ਓਏ ਤਸਕਰਾ” ਵਰਗੀ ਸ਼ਬਦਾਵਲੀ ਵਰਤਣਾ,ਸਾਡਾ ਮੂਕ ਦਰਸ਼ਕ ਬਣ ਕੇ ਇਹ ਸਾਰਾ ਨਾਟਕ ਦੇਖ ਕੇ ਮਨੋਰੰਜਨ ਕਰਨਾ। ਕੀ ਸਾਡੀ ਵਿਧਾਨ ਸਭਾ ਇਹੋ ਜਿਹੀਆਂ ਫ਼ਿਲਮਾਂ ਦੇ ਪ੍ਰਦਰਸ਼ਨ ਦਾ ਜ਼ਰੀਆ ਬਣ ਕੇ ਹੀ ਰਹਿ ਗਿਆ ਹੈ? ਕਿੱਥੇ ਗਏ ਬੇ ਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਵਾਲੇ ਧਰਨਿਆਂ ਦੇ ਨਤੀਜੇ, ਕਿੱਥੇ ਗਈਆਂ ਵੱਖ-ਵੱਖ ਵਰਗਾਂ ਦੀਆਂ ਮੁਸ਼ਕਲਾਂ, ਕਿੱਥੇ ਗਈਆਂ ਕਿਸਾਨੀ ਧਰਨੇ ਤੇ ਹੋਈਆਂ ਸ਼ਹਾਦਤਾਂ? ਕਿੱਥੇ ਗਏ ਆਮ ਆਦਮੀ ਦੇ ਅਧਿਕਾਰਾਂ ਦੇ ਮੁੱਦੇ? ਇਹਨਾਂ ਸਿਆਸੀ ਲੀਡਰਾਂ ਤੋਂ ਜਵਾਬ ਕੌਣ ਮੰਗੇਗਾ?
ਮੇਰੇ ਵੀਰੋ-ਭੈਣੋ ਜਾਗੋ! ਇਹ ਨੌਟੰਕੀਆਂ ਵੇਖਣੀਆਂ ਬੰਦ ਕਰੋ। ਇਹੋ ਜਿਹੇ ਨੇਤਾ ਜਦ ਵੋਟਾਂ ਮੰਗਣ ਆਉਣ, ਉਹਨਾਂ ਦੇ ਗਲਾਂ ਵਿੱਚ ਕਿਹੜੇ ਹਾਰ ਪਾਉਣੇਂ ਹਨ ਇਹ ਤੁਸੀਂ ਆਪ ਤੈਅ ਕਰਨਾ ਹੈ। ਆਪਣੀ ਜੇਬ ਦੇਖੋ,ਆਪਣਾ ਆਲਾ ਦੁਆਲਾ ਦੇਖੋ, ਕੀ ਬਦਲਾਅ ਕੀਤਾ ਹੈ ਉਸ ਨੇ, ਜਿਸ ਨੂੰ ਤੁਸੀਂ ਚੁਣ ਕੇ ਭੇਜਿਆ ਸੀ? ਸਾਡਾ ਲੋਕਤੰਤਰਿਕ ਢਾਂਚਾ ਪੂਰੀ ਤਰ੍ਹਾਂ ਸਰਾਪਿਆ ਹੋਇਆ ਹੈ ਜਿਸ ਦਾ ਨਤੀਜਾ ਆਮ ਆਦਮੀ ਨੂੰ ਹੀ ਭੁਗਤਣਾ ਪੈਂਦਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly