ਕਿਸਾਨੀ ਸੰਘਰਸ਼ ਦੀ ਜਿੱਤ ਅਤੇ ਚੋਣਾਂ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਜਦ ਮਿਹਨਤ ਪੱਲੇ ਹੋਵੇ,ਇਰਾਦਾ ਨੇਕ ਹੋਵੇ, ਹੌਸਲਾ ਹੋਵੇ , ਜੋਸ਼ ਅਤੇ ਹੋਸ਼ ਹੋਵੇ, ਨਾਲ਼ ਹੀ ਖੁਦ ਤੇ ਅਟੱਲ ਵਿਸ਼ਵਾਸ ਹੋਵੇ ਤਾਂ ਪਹਾੜ ਜਿੱਡੀਆਂ ਤਾਕਤਾਂ ਵੀ ਰਾਈ ਤੁਲ ਹੋ ਜਾਂਦੀਆਂ ਹਨ। ਉਹਨਾਂ ਨੂੰ ਸਰ ਕਰਨਾ ਕੋਈ ਮੁਸ਼ਕਲ ਨਹੀਂ ਹੁੰਦਾ।ਇਹ ਕਰ ਵਿਖਾਇਆ ਹੈ ਸਾਡੇ ਕਿਰਤੀਆਂ ਨੇ,ਸਾਡੇ ਕਿਸਾਨ ਵੀਰਾਂ ਨੇ। ਅੱਜ ਦੀ ਪੀੜ੍ਹੀ ਨੇ ਕਿਰਤੀ ਦੀ ਜਿੱਤ ਦੀਆਂ ਕਹਾਣੀਆਂ ਪੜ੍ਹੀਆਂ ਸੁਣੀਆਂ ਹੋਣਗੀਆਂ ਪਰ ਅੱਜ ਸਭ ਨੇ ਅੱਖੀਂ ਵੇਖ ਲਿਆ ਹੈ। ਚਾਹੇ ਇਹ ਜਿੱਤ ਦਾ ਸਿਹਰਾ ਭਾਰਤ ਦੇ ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਆਉਂਦਾ ਹੈ ਪਰ ਜੇ ਕਿਸਾਨੀ ਸੰਘਰਸ਼ ਦੇ ਪਹਿਲੇ ਪੜਾਅ ਵੱਲ ਝਾਤ ਮਾਰੀਏ ਤਾਂ ਪੰਜਾਬ ਦੇ ਕਿਸਾਨਾਂ ਦੀ ਭੂਮਿਕਾ ਅਹਿਮ ਰਹੀ ਹੈ।

ਰਾਜਨੀਤਕ ਪਾਰਟੀਆਂ ਦੁਆਰਾ ਜਿਹੜੇ ਪੰਜਾਬ ਦੀ ਨਸ਼ੇੜੀ ਜਵਾਨੀ ਬਾਰੇ, ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਬਾਰੇ ਜਾਂ ਫਿਰ ਬਾਲੀਵੁੱਡ ਦੁਆਰਾ “ਡੁੱਬਦਾ ਪੰਜਾਬ” ਵਰਗੀਆਂ ਫਿਲਮਾਂ ਬਣਾ ਕੇ ਪੰਜਾਬ ਦੀ ਜਵਾਨੀ ਨੂੰ ਵਿਸ਼ਵ ਭਰ ਵਿੱਚ ਬਦਨਾਮ ਕੀਤਾ ਜਾ ਰਿਹਾ ਸੀ,ਉਹੀ ਪੰਜਾਬੀ ਕਿਸਾਨਾਂ ਦੇ ਪੁੱਤਾਂ ਨੇ ਜਦ ਕ੍ਰੇਨਾਂ ਨਾਲ ਹਟਾਏ ਜਾਣ ਵਾਲੇ ਬੈਰੀਕੇਟ ਆਸਾਨੀ ਨਾਲ ਹਟਾ ਕੇ ਦਿੱਲੀ ਦੀ ਹਿੱਕ ਤੇ ਕਬਜ਼ਾ ਕੀਤਾ ਤਾਂ ਸਰਕਾਰਾਂ ਦੇ ਮੂੰਹ ਅੱਡੇ ਰਹਿ ਗਏ। ਦੇਸ਼ ਦੇ ਬਾਕੀ ਰਾਜਾਂ ਦੇ ਕਿਸਾਨਾਂ ਨੂੰ ਵੀ ਇਹਨਾਂ ਤੋਂ ਉਤਸ਼ਾਹ ਮਿਲਿਆ। ਵੱਖ ਵੱਖ ਸੂਬਿਆਂ ਦੇ ਕਿਸਾਨਾਂ ਵੱਲੋਂ ਚਾਰੋਂ ਤਰਫ਼ ਤੋਂ ਘੇਰਾਬੰਦੀ ਕਰ ਦਿੱਤੀ ਗਈ।

ਇਸ ਸੰਘਰਸ਼ ਦੌਰਾਨ ਕਿਸਾਨਾਂ ਨੂੰ ਪਾਣੀ ਦੀਆਂ ਬੁਛਾੜਾਂ,ਝੂਠੇ ਪੁਲਿਸ ਪਰਚੇ, ਸਮੇਂ ਸਮੇਂ ਤੇ ਉਹਨਾਂ ਉੱਪਰ ਸਰਕਾਰ ਦੀਆਂ ਸਾਜ਼ਿਸ਼ਾਂ , ਗੋਦੀ ਮੀਡੀਆ ਦਾ ਭੰਡੀ ਪ੍ਰਚਾਰ ਅਤੇ ਹੋਰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਪਰ ਨੌਂ-ਨੌਂ ਸਾਲ ਦੇ ਬੱਚਿਆਂ ਤੋਂ ਲੈ ਕੇ ਨੱਬੇ-ਨੱਬੇ ਸਾਲ ਦੇ ਬਜ਼ੁਰਗ, ਬੁੱਢੀਆਂ ਮਾਵਾਂ ਸਭ ਸੜਕਾਂ ਉੱਪਰ ਝੱਖੜ- ਤੁਫ਼ਾਨ, ਜੇਠ ਹਾੜ ਦੀਆਂ ਧੁੱਪਾਂ,ਪੋਹ ਮਾਘ ਦੀਆਂ ਬਰਫ਼ੀਲੀਆਂ ਰਾਤਾਂ ਵਿੱਚ ਡਟੇ ਰਹੇ।ਇਸ ਦੌਰਾਨ ਮੋਰਚੇ ਨੂੰ ਸਾਰੇ ਵਰਗਾਂ ਦਾ ਭਰਪੂਰ ਹੁੰਗਾਰਾ ਮਿਲਿਆ। ਸਮਾਜਿਕ, ਸਾਹਿਤਕ ਤੇ ਦਲਿਤ ਜਥੇਬੰਦੀਆਂ, ਸੋਸ਼ਲ ਮੀਡੀਆ,ਆਮ ਲੋਕਾਂ ਅਤੇ ਸਥਾਨਕ ਲੋਕਾਂ ਨੇ ਮੋਰਚੇ ਵਿੱਚ ਭਰਪੂਰ ਯੋਗਦਾਨ ਪਾਇਆ। ਇੱਥੋਂ ਤੱਕ ਕਿ ਵਿਦੇਸ਼ੀ ਸੰਸਦਾਂ ਅਤੇ ਮੀਡੀਆ ਵਿੱਚ ਵੀ ਸੰਘਰਸ਼ ਪੱਖੀ ਅਵਾਜ਼ ਗੂੰਜੀ। ਇਸੇ ਦੌਰਾਨ ਕਿਸਾਨਾਂ ਨੇ ਐਨੇ ਲੰਮੇ ਸੰਘਰਸ਼ ਵਿੱਚ ਦੇਸ਼ ਦੀ ਕਿਸੇ ਵੀ ਰਾਜਨੀਤਕ ਪਾਰਟੀ ਦਾ ਸਮਰਥਨ ਨਾ ਲੈਣ ਦਾ ਫੈਸਲਾ ਕੀਤਾ।ਇਸ ਫੈਸਲੇ ਦੀ ਪੂਰੇ ਸੰਘਰਸ਼ ਕਾਲ ਵਿੱਚ ਸਖ਼ਤੀ ਨਾਲ ਪਾਲਣਾ ਵੀ ਕੀਤੀ ਗਈ।

ਆਖਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਉਹ ਭਾਗਾਂ ਭਰੀ ਸਵੇਰ ਚੜ੍ਹੀ ਜਿਸ ਵਿੱਚ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਹ ਕਾਨੂੰਨ ਹੁਣ ਖ਼ਤਮ ਹੋ ਜਾਣਗੇ। ਸਾਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਪਰ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਇਹ ਸਵਾਲ ਉੱਠਦਾ ਹੈ ਕਿ ਆਖਰ ਇਨ੍ਹਾਂ ਕਾਨੂੰਨਾਂ ਨੂੰ ਅਚਾਨਕ ਕਿਉਂ ਵਾਪਸ ਲਿਆ ਗਿਆ ਹੈ, ਐਨੇ ਲੰਮੇ ਸਮੇਂ ਤੱਕ ਆਪਣੀ ਗੱਲ ’ਤੇ ਅੜੀ ਰਹੀ ਕੇਂਦਰ ਸਰਕਾਰ ਅਚਾਨਕ ਪਿਘਲ ਕਿਵੇਂ ਗਈ ਹੈ? ਸਿਆਸੀ ਦਿ੍ਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਲੱਗਦਾ ਹੈ ਕਿ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਚੋਣਾਂ ਕਾਰਨ ਇਹ ਕਦਮ ਚੁੱਕਿਆ ਗਿਆ ਹੈ।ਇਹ ਧਿਆਨ ਗੋਚਰੇ ਰੱਖਿਆ ਜਾਵੇ ਕਿ ਕਿਸਾਨੀ ਸੰਘਰਸ਼ ਦੀ ਜਿੱਤ ਕਿਸੇ ਵੀ ਸਿਆਸੀ ਪਾਰਟੀ ਦੇ ਦਖ਼ਲ ਅੰਦਾਜ਼ੀ ਤੋਂ ਬਿਨਾਂ ਹੋਈ ਹੈ।

ਕਿਸਾਨਾਂ ਦੀ ਇੱਕਜੁਟਤਾ,ਸਬਰ ਸਿਦਕ , ਹਿੰਮਤ ਅਤੇ ਚੇਤੰਨਤਾ ਕਾਰਨ ਹੀ ਸੰਘਰਸ਼ ਐਨਾ ਲੰਬਾ ਚੱਲ ਸਕਿਆ ਹੈ ਜਿਸ ਕਰਕੇ ਕਿਸਾਨ ਮੋਰਚਾ ਫ਼ਤਿਹ ਕਰਨ ਵਿੱਚ ਕਾਮਯਾਬ ਹੋਏ ਹਨ। 2022 ਵਿੱਚ ਆਉਣ ਵਾਲੀਆਂ ਚੋਣਾਂ ਕਾਰਨ ਸਿਆਸੀ ਪਾਰਟੀਆਂ ਅਤੇ ਕੇਂਦਰ ਸਰਕਾਰ ਵਿੱਚ ਘਬਰਾਹਟ ਵਧ ਰਹੀ ਸੀ। ਕਿਸਾਨਾਂ ਨੇ ਜਿਹੜੀ ਚੇਤਨਾ ਨਾਲ ਮੋਰਚਾ ਜਿੱਤਿਆ ਹੈ ਉਹੀ ਚੇਤੰਨਤਾ ਆਉਣ ਵਾਲੀਆਂ ਚੋਣਾਂ ਵਿੱਚ ਵੀ ਦਿਖਾਉਣ ਦੀ ਲੋੜ ਹੈ। ਕਿਸਾਨਾਂ ਲਈ ਹੁਣ ਸਿਆਸੀ ਹੇਰਫੇਰ ਦੇ ਜਾਲ਼ ਤੋਂ ਬਚਣ ਦਾ ਸਮਾਂ ਆ ਗਿਆ ਹੈ ਹਰ ਪਾਰਟੀ ਕਿਸਾਨਾਂ ਅੱਗੇ ਆਪਣੀ ਆਪਣੀ ਡਫਲੀ ਵਜਾ ਕੇ ਆਪਣਾ ਰਾਗ ਸੁਣਾਏਗੀ ਕਿਸਾਨਾਂ ਦੇ ਵੋਟ ਬੈਂਕ ਨੂੰ ਠੱਗਣ ਦੀ ਕੋਸ਼ਿਸ਼ ਕਰੇਗੀ।

ਹੁਣ ਕਿਸਾਨਾਂ ਨੂੰ ਆਪਣੀ ਵੋਟ ਦੀ ਕੀਮਤ ਨੂੰ ਸਮਝਦੇ ਹੋਏ ਉਸ ਨੂੰ ਆਪਣੀ ਕਮਜ਼ੋਰੀ ਨਹੀਂ ਤਾਕਤ ਬਣਾਉਣਾ ਪਵੇਗਾ। ਕਿਸਾਨ ਹੁਣ ਕਿਸੇ ਪਾਰਟੀ ਦੇ ਮੁਹਤਾਜ ਨਹੀਂ ਰਹਿ ਗਏ । ਉਹਨਾਂ ਨੂੰ ਵਿਅਕਤੀ ਪਛਾਣ ਕੇ ਆਪਣੀ ਤਾਕਤ(ਵੋਟ) ਦਾ ਸਾਥੀ ਬਣਾਉਣਾ ਪਵੇਗਾ ‌। ਕਿਸਾਨਾਂ ਦੀ ਜਿੱਤ ਚਾਹੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਹੋਈ ਹੋਵੇ ਜਾਂ ਕਿਸੇ ਹੋਰ ਕਾਰਨ ਕਰਕੇ ਪਰ ਇਹ ਜਿੱਤ ਕਿਸਾਨਾਂ ਦੀ ਅਣਖ, ਇੱਕਜੁਟਤਾ, ਸਬਰ, ਸਿਰੜ ਅਤੇ ਹਿੰਮਤ ਦੀ ਜਿੱਤ ਹੈ ।ਇਸ ਜਿੱਤ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ।ਆਸ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਵੀ ਕਿਸਾਨ ਨਵੀਆਂ ਪਿਰਤਾਂ ਕਾਇਮ ਕਰਦੇ ਹੋਏ ਆਪਣੀ ਅਣਖ ਸੰਘਰਸ਼ ਕਾਲ ਵਾਲੀ ਅਣਖ਼ ਵਾਂਗ ਹੀ ਜਿਊਂਦੀ ਰੱਖਣਗੇ ।

ਜਾਗੋ ਮੇਰੇ ਕਿਸਾਨ ਵੀਰੋ,ਕਿਰਤੀਓ! ਤੁਹਾਡੀ ਜਿੱਤ ਸਿਰਫ਼ ਇੱਕ ਸੂਬੇ ਜਾਂ ਦੇਸ਼ ਵਿਚਲੀ ਜਿੱਤ ਨਹੀਂ ਹੈ।ਇਹ ਇੱਕ ਅੰਤਰਰਾਸ਼ਟਰੀ ਪੱਧਰ ਦੀ ਜਿੱਤ ਬਣ ਗਈ ਹੈ। ਆਉਣ ਵਾਲੇ ਸਮੇਂ ਵਿੱਚ ਕਈ ਦੇਸ਼ਾਂ ਦੇ ਕਿਰਤੀ ਕਾਮੇ ਤੁਹਾਡੀਆਂ ਪੈੜਾਂ ਤੇ ਤੁਰਨਗੇ।ਜੇ ਤੁਸੀਂ ਰਾਜਨੀਤਕ ਪਾਰਟੀਆਂ ਬਿਨਾਂ ਇਹ ਜਿੱਤ ਪ੍ਰਾਪਤ ਕਰ ਸਕਦੇ ਹੋ ਤਾਂ ਕਿਸਾਨਾਂ-ਕਿਰਤੀਆਂ ਦੀ ਪਾਰਟੀ ਕਿਉਂ ਨਹੀਂ ਬਣ ਸਕਦੀ? ਤੁਸੀਂ ਸਰਕਾਰਾਂ ਕਿਉਂ ਨਹੀਂ ਬਣਾ ਸਕਦੇ? ਜੇ ਤੁਸੀਂ ਐਨਾ ਵੱਡਾ ਇਤਿਹਾਸ ਸਿਰਜ ਸਕਦੇ ਹੋ ਤਾਂ ਸਰਕਾਰਾਂ ਵੀ ਬਣਾ ਸਕਦੇ ਹੋ।

ਬਰਜਿੰਦਰ ਕੌਰ ਬਿਸਰਾਓ…
9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ-ਬੋਲੀ ਤੋਂ ਬਲਿਹਾਰ
Next articleਸਕਾਊਟ ਐਂਡ ਗਾਈਡ ਸਬੰਧੀ ਸਮਾਜ ਸੇਵਕ ਤ੍ਰਿਤੀਆ ਸੋਪਾਨ ਨਿਪੁੰਨ ਟੈਸਟਿੰਗ ਕੈਂਪ ਸਮਾਪਤ