ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਹਿਸੀਲ ਆਗੂ ਨਾਵਲ ਗਿੱਲ ਟਾਹਲੀ ਦੀ ਅਗਵਾਈ ਹੇਠ ਜਥੇਬੰਦੀ ਦੀ ਇੱਕ ਟੀਮ ਵਲੋਂ ਪਿੰਡ ਬਾਬਕ ਵਿਖੇ ਅੱਤਿਆਚਾਰ ਦਾ ਸ਼ਿਕਾਰ ਹੋਏ ਦਲਿਤ ਪੀੜ੍ਹਤ ਪਰਿਵਾਰ ਨੂੰ ਉਹਨਾਂ ਦੇ ਘਰ ਜਾ ਕੇ ਮਿਲੀ ਅਤੇ ਘਟਨਾ ਦੀ ਸਾਰੀ ਜਾਣਕਾਰੀ ਲੈਣ ਉਪਰੰਤ ਆਗੂਆਂ ਨੇ ਜਥੇਬੰਦੀ ਵਲੋਂ ਪੀੜਤ ਪਰਿਵਾਰ ਨੂੰ ਹਰ ਪੱਖ ਤੋਂ ਹਮਾਇਤ ਦੇਣ ਦਾ ਭਰੋਸਾ ਦਿੱਤਾ। ਉਪਰੰਤ ਯੂਨੀਅਨ ਦੇ ਤਹਿਸੀਲ ਆਗੂ ਨਾਵਲ ਗਿੱਲ ਟਾਹਲੀ ਨੇ ਉੱਚ ਜਾਤੀ ਦੇ ਘੁਮੰਡੀ ਲੋਕਾਂ ਵਲੋਂ ਦਲਿਤ ਤੇ ਅੱਤਿਆਚਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਮੁੱਚੇ ਕਸੂਰਵਾਰ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਮਿਸਾਲੀ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਦਲਾਅ ਵਾਲੀ ਸਰਕਾਰ ਦੇ ਰਾਜ ਵਿੱਚ ਵੀ ਦਲਿਤ ਅੱਤਿਆਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਅੱਤਿਆਚਾਰ ਕਰਨ ਵਾਲੇ ਲੋਕਾਂ ਨੂੰ ਹਾਕਮ ਧਿਰ ਦੇ ਸਿਆਸਤਦਾਨਾਂ ਨੂੰ ਸ਼ਹਿ ਪ੍ਰਾਪਤ ਹੋਣ ਕਰਕੇ ਹੀ ਅਜਿਹਾ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਬਕ ਅੱਤਿਆਚਾਰ ਵਿੱਚ ਵੀ ਇਹ ਸਾਹਮਣੇ ਆਇਆ ਕਿ ਬਿਨ੍ਹਾਂ ਕੋਈ ਮਿਹਨਤਾਨਾ ਦਿੱਤੇ ਵਗਾਰ ਕਰਵਾਉਣੀ ਅਤੇ ਕੰਮ ਕਰਨ ਤੋਂ ਇਨਕਾਰ ਕਰਨ ‘ਤੇ 6 ਅਗਸਤ ਨੂੰ ਦਲਿਤ ਨੌਜਵਾਨ ਕਮਲਜੀਤ ਸਿੰਘ ਨੂੰ ਨੰਗਾਂ ਕਰਕੇ ਆਪਣੀ ਹਵੇਲੀ ਵਿੱਚ ਹੱਥ ਬੰਨ੍ਹ ਕੇ ਕਰੰਟ ਲਗਾਇਆ ਗਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਨਾਲ ਜਾਤ ਹੰਕਾਰੀਆਂ ਦਾ ਐਨੇ ਨਾਲ ਢਿੱਡ ਨਹੀਂ ਭਰਿਆ ਤਾਂ 8 ਅਗਸਤ ਨੂੰ ਦੇਰ ਰਾਤ ਗੁੰਡਾਗਰਦੀ ਕਰਦਿਆਂ ਉਹਨਾਂ ਦਲਿਤ ਪਰਿਵਾਰ ਦੇ ਘਰ ਅੰਦਰ ਜ਼ਬਰੀ ਦਾਖ਼ਲ ਹੋ ਕੇ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਵੀ ਕੁੱਟਮਾਰ ਕਰਕੇ ਧਮਕਾਇਆ, ਕਿ ਸਾਡਾ ਕੋਈ ਕੁੱਝ ਨਹੀਂ ਵਿਗਾੜ ਸਕਦਾ, ਸਾਡੀ ਪਹੁੰਚ ਉੱਪਰ ਤੱਕ ਹੈ, ਤੁਸੀਂ ਜੋ ਕਰਨਾ ਕਰ ਲਵੋ। ਰੌਲ਼ਾ ਪਾਉਣ ‘ਤੇ ਹੀ ਉਹ ਮੌਕੇ ਤੋਂ ਦੌੜੇ। ਜਥੇਬੰਦੀ ਨੇ ਪੀੜ੍ਹਤ ਪਰਿਵਾਰ ਦੇ ਹੱਕ ਵਿੱਚ ਡਟੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਉਹਨਾਂ ਜਥੇਬੰਦੀਆਂ ਨੂੰ ਭਰੋਸਾ ਦਿੱਤਾ, ਕਿ ਇਸ ਮਾਮਲੇ ਵਿੱਚ ਜੋ ਵੀ ਉਹ ਸੰਘਰਸ਼ ਉਲੀਕਦੀਆਂ ਹਨ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਉਸ ਵਿੱਚ ਸ਼ਾਮਲ ਹੋਵੇਗੀ ਅਤੇ ਪੀੜ੍ਹਤ ਪਰਿਵਾਰ ਨੂੰ ਨਿਆਂ ਮਿਲਣ ਤੱਕ ਪਰਿਵਾਰ ਨਾਲ ਡੱਟ ਕੇ ਖੜੇਗੀ। ਇਸ ਮੌਕੇ ਯੂਨੀਅਨ ਦੇ ਸਥਾਨਕ ਆਗੂ ਧਰਮਿੰਦਰ ਸਿੰਘ, ਰਕੇਸ਼ ਕੁਮਾਰ ਆਦਿ ਵੀ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly