(ਸਮਾਜ ਵੀਕਲੀ)
ਸ਼ਰਮਾ ਜੀ ਦਾ ਦੁੱਧ ਦਾ ਕਾਰੋਬਾਰ ਵਧੀਆ ਚਲਦਾ ਸੀ।ਉਹ ਘਰੋ ਘਰੀ ਜਾਕੇ ਦੁੱਧ ਪਾਉਂਦਾ ਸੀ। ਸਾਰੇ ਹੀ ਉਸਦੀ ਅਤੇ ਉਸਦੇ ਦੁੱਧ ਦੀ ਤਾਰੀਫ਼ ਕਰਦੇ ਸਨ। ਅਚਾਨਕ ਇੱਕ ਦਿਨ ਉਸਦਾ ਐਕਸੀਡੈਂਟ ਹੋ ਜਾਂਦਾ ਹੈ। ਉਸਦੀਆਂ ਦੋਵੇਂ ਲੱਤਾਂ ਤੇ ਫ੍ਰੈਕਚਰ ਆ ਜਾਂਦਾ ਹੈ। ਹਸਪਤਾਲ ਦੀ ਛੁੱਟੀ ਤੋਂ ਬਾਅਦ ਉਸ ਨੂੰ ਆਰਾਮ ਕਰਨ ਲਈ ਕਿਹਾ ਗਿਆ ਸੀ ਕਿਉਂਕਿ ਉਸਦੀਆਂ ਲੱਤਾਂ ਤੇ ਭਾਰ ਨਹੀਂ ਸੀ ਪਾਉਣਾ।
ਜਦੋਂ ਐਕਸੀਡੈਂਟ ਹੋਇਆ ਸੀ ਰਿਸ਼ਤੇਦਾਰ ਤੇ ਗੁਆਂਢੀ ਕਹਿਣ ਲੱਗੇ ਕਿ ਸ਼ਰਮਾ ਜੀ ਦਾ ਦੁੱਧ ਦਾ ਕਾਰੋਬਾਰ ਠੱਪ ਹੋ ਜਾਣਾ ਕਿਉਂਕਿ ਉਸਦਾ ਮੁੰਡਾ ਅਜੇ ਦਸ ਕੁਝ ਸਾਲਾਂ ਦਾ ਸੀ ਤੇ ਵੱਡੀ ਕੁੜੀ 18 ਸਾਲ ਦੀ ਅਪਣੀ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਇੱਕ ਦਿਨ ਸਨੀ ਅਪਣੇ ਪਿਤਾ ਨੂੰ ਕਹਿਣ ਲੱਗੀ,”ਪਾਪਾ ਜੀ ਤੁਸੀਂ ਫ਼ਿਕਰ ਨਹੀਂ ਕਰਨੀ, ਮੈਂ ਤੁਹਾਡਾ ਸਾਰਾ ਕੰਮ ਸਾਂਭ ਲਿਆ ਹੈ”।”
ਪਰ ਧੀਏ ਲੋਕੀ ਕੀ ਕਹਿਣਗੇ, ਜਿੰਨੇਂ ਮੁੰਹ ਉਨ੍ਹੀਆਂ ਗੱਲਾਂ”! “ਤੁਸੀਂ ਲੋਕਾਂ ਦੀ ਪ੍ਰਵਾਹ ਨਾ ਕਰੋ ਪਾਪਾ ਜੀ,ਬੱਸ ਤੁਸੀਂ ਹੌਸਲਾ ਰੱਖੋ ਤੇ ਮੈਨੂੰ ਅਸ਼ੀਰਵਾਦ ਦਿਓ, ਲੋਕਾਂ ਨੂੰ ਮੈਂ ਆਪੇ ਜੁਆਬ ਦੇਕੇ ਚੁੱਪ ਕਰਵਾ ਦੇਵਾਂਗੀ, ਤੁਸੀਂ ਅਪਣੀ ਧੀ ਨੂੰ ਹੁਣ ਧੀ ਨਹੀਂ ਅਪਣਾ ਵੱਡਾ ਪੁੱਤ ਸਮਝੋ।”
ਸਨੀ ਰੋਜ਼ ਸਵੇਰੇ ਤੜਕੇ ਉੱਠ ਕੇ ਡੰਗਰਾਂ ਦਾ ਕੰਮ ਕਰਕੇ, ਧਾਰਾਂ ਕੱਢ ਕੇ, ਮੋਟਰਸਾਈਕਲ ਤੇ ਘਰੋ ਘਰੀ ਦੁੱਧ ਪਾਉਣ ਲੱਗੀ। ਪਹਿਲਾਂ ਕੁੱਝ ਦਿਨ ਤਾਂ ਲੋਕਾਂ ਵਿਚ ਖੁਸਰ ਫੁਸਰ ਹੁੰਦੀ ਰਹੀ ਪਰ ਸਨੀ ਦੇ ਬੁਲੰਦ ਹੌਸਲੇ ਸਾਮ੍ਹਣੇ ਸਾਰੇ ਚੁੱਪ ਹੋ ਗਏ। ਕੁੱਝ ਦਿਨਾਂ ਬਾਅਦ ਉਹੀ ਲੋਕ ਸਨੀ ਦੇ ਬੁਲੰਦ ਹੌਸਲੇ ਤੇ ਮਿਹਨਤ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਨਾ ਥੱਕਦੇ। ਸਨੀ ਦੁੱਧ ਦਾ ਕੰਮ ਖ਼ਤਮ ਕਰ ਕੇ ਅਪਣੀ ਪੜ੍ਹਾਈ ਵਿੱਚ ਜੁਟ ਜਾਂਦੀ ਤੇ ਸ਼ਾਮ ਨੂੰ ਟਿਉਸ਼ਨ ਵੀ ਜਾਂਦੀ। ਸ਼ਰਮਾ ਜੀ ਵੀ ਸੋਟੀ ਨਾਲ ਹੋਲੀ ਹੋਲੀ ਚੱਲਣ ਲੱਗ ਪਏ ਸਨ।
ਘਰ ਦਾ ਗੁਜ਼ਾਰਾ ਵੀ ਵਧੀਆ ਚੱਲਣ ਲੱਗ ਪਿਆ ਸੀ। ਸਨੀ ਦੇ ਬੁਲੰਦ ਹੌਸਲੇ ਤੇ ਮਿਹਨਤ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲਣ ਲੱਗੀਆਂ, ਜਦੋਂ ਇੱਕ ਪੱਤਰਕਾਰ ਨੇ ਸਨੀ ਨੂੰ ਪੁੱਛਿਆ ਕਿ ਤੂੰ ਕੀ ਬਣਨਾ ਚਾਹੁੰਦੀ ਹਾਂ ਤਾਂ ਸਨੀ ਨੇ ਕਿਹਾ–“ਵੈਟਨਰੀ ਡਾਕਟਰ”
ਸੂਰੀਆ ਕਾਂਤ ਵਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly