(ਸਮਾਜ ਵੀਕਲੀ)
ਭੈਣ ਤੇਰੀ ਦਿਨੇਂ ਰਾਤੀਂ ਮੰਗਦੀ ਹੈ ਸੁੱਖ ਵੇ ,
ਤੇਰੇ ਲਾਗੇ ਬੰਨੇਂ ਵੀ ਨਾ ਆਉਂਣ ਕਦੇ ਦੁੱਖ ਵੇ ,
ਦਿੱਤਾ ਰੱਬ ਤੈਨੂੰ ਰਿਜਕ ਵਥੇਰਾ ।
ਵੀਰਾ ਮੈਂ ਤੈਥੋਂ ਕੁੱਝ ਨਾ ਮੰਗਾਂ ,
ਰਹੇ ਸਿਰ ‘ਤੇ ਹਮੇਸ਼ਾ ਹੱਥ ਤੇਰਾ ।
ਸਾਡੇ ਲਈ ਤਾਂ ਰੋਜ਼ ਹੀ ਨੇ ਰਾਖੀ ਦੇ ਤਿਉਹਾਰ ਵੇ।
ਜਾਨ ਇੱਕ ਦੂਜੇ ਲਈ ਹਾਂ ਦੇਣ ਨੂੰ ਤਿਆਰ ਵੇ ।
ਤੈਨੂੰ ਤੱਕ ਲੂੰ ਲੂੰ ਖਿੜ ਜਾਂਦੈ ਮੇਰਾ ।
ਵੀਰਾ ਮੈਂ ਤੈਥੋਂ ਕੁੱਝ ਨਾ ਮੰਗਾਂ ——–
ਮਾਪਿਆਂ ਜਿੰਨਾਂ ਹੀ ਤੈਨੂੰ ਕਰਦੀ ਪਿਆਰ ਮੈਂ ।
ਸੁਪਨਿਆਂ ‘ਚ ਰੋਜ਼ ਤੇਰਾ ਕਰਦੀ ਦੀਦਾਰ ਮੈਂ ।
ਜਿੱਦਾਂ ਰਾਤ ਪਿੱਛੋਂ ਚੜ੍ਦਾ ਸਵੇਰਾ ।
ਵੀਰਾ ਮੈਂ ਤੈਥੋਂ ਕੁੱਝ ਨਾ ਮੰਗਾਂ ———-
ਮੱਲੋ ਮੱਲੀ ਖਿੱਚ ਲਿਆਉਂਦੀ ਮਿਲਣੇਂ ਦੀ ਤਾਂਘ ਵੇ ।
ਤੇਰੇ ਨਾਲ਼ ਰਹਿਣੀ ਸਾਡੀ ਪੇਕੇ ਪਿੰਡ ਸਾਂਝ ਵੇ ।
ਭਾਈਆਂ ਬਿਨਾਂ ਜੱਗ ਹੁੰਦਾ ਏ ਹਨੇਰਾ।
ਵੀਰਾ ਮੈਂ ਤੈਥੋਂ ਕੁੱਝ ਨਾ ਮੰਗਾਂ ———-
ਜਿੰਨਾਂ ਤੂੰ ਪਿਆਰਾ ਭਾਬੋ ਓਦੂੰ ਵੀ ਪਿਆਰੀ ਵੇ ।
ਜੋੜੀ ਹੈ ਭਤੀਜਿਆਂ ਦੀ ਜੱਗ ਤੋਂ ਨਿਆਰੀ ਵੇ ।
ਰਿਹੋ ਮਾਰਦੇ ਏਦਾਂ ਹੀ ਗੇੜਾ ਫੇੜਾ ।
ਵੀਰਾ ਮੈਂ ਤੈਥੋਂ ਕੁੱਝ ਨਾ ਮੰਗਾਂ ———-
ਰਹੀਂ ਸਦਾ ਭੈਣਾਂ ਤਾਈਂ ਰਾਹ ਦਿਖਲਾਉਂਦਾ ਵੇ।
ਪਿੰਡ ਰੰਚਣਾਂ ਦੇ ਵਿੱਚ ਰਹੇ ਲਹਿਰਾਉਂਦਾ ਵੇ ।
ਤੇਰੀ ਪਗੜੀ ਦਾ ਸ਼ਮਲਾ ਉਚੇਰਾ ।
ਵੀਰਾ ਮੈਂ ਤੈਥੋਂ ਕੁੱਝ ਨਾ ਮੰਗਾਂ ———-
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly