ਵਲੈਤ

ਵਿਕਰਮ ਚੀਮਾ।
(ਸਮਾਜ ਵੀਕਲੀ)
ਬਾਪੂ ਲੱਖਾ ਸਿੰਘ ਆਪਣੇ ਖੇਤ ਦੀ ਵੱਟ ਤੇ ਬੈਠਾ ਫ਼ਸਲ ਵੱਲ ਦੇਖ ਝੂਰ ਰਿਹਾ ਸੀ ਜੋ ਕਦੇ ਉਸਦੀ ਹੁੰਦੀ ਸੀ।
ਸੋਚਦੇ ਸੋਚਦੇ ਅੱਜ ਉਹ ਸੀਨ ਇਕ ਫਿਲਮ ਵਾਂਗ ਬਾਪੂ ਦੀਆਂ ਅੱਖਾਂ ਅੱਗੇ ਘੁੰਮ ਗਿਆ ਸੀ ਜਦੋਂ ਉਹ ਸਰਦਾਰ ਲੱਖਾ ਸਿੰਘ ਹੋਇਆ ਕਰਦਾ ਸੀ । ਔਲਾਦ ਤੇ ਸਮੇਂ ਦੇ ਹੱਥੋਂ ਐਸਾ ਹਾਰਿਆ ਕੇ ਸਰਦਾਰੀ ਕਿਤੇ ਦੂਰ ਹੀ ਰਹਿ ਗਈ ਸੀ, 15 ਕੁ ਵਰੇ ਪਹਿਲਾਂ ਇਹ ਜ਼ਮੀਨ ਸਰਦਾਰ ਸਾਹਿਬ ਦੇ ਕੋਲ ਸੀ ਪਿੰਡ ਵਿਚ ਟੌਹਰ ਸੀ। ਮੁੰਡਾ ਚੰਡੀਗੜ੍ਹ ਕਾਲਜ ਪੜਦਾ ਸੀ। ਇਕ ਦਿਨ ਆ ਕੇ ਕਹਿੰਦਾ “ਬਾਪੂ ਮੈਂ ਵਲੈਤ ਜਾਣਾ ਜ਼ਿੰਦਗੀ ਬਣਾਉਣੀ ਮੈਂ ਤੇਰੇ ਵਾਂਗ ਮਿੱਟੀ ਨਾਲ ਮਿੱਟੀ ਨਹੀਂ ਹੋਣਾ”। “ਮੇਰੇ ਸਾਰੇ ਯਾਰ ਦੋਸਤ ਕਨੇਡਾ ਆਸਟ੍ਰੇਲੀਆ ਜਾ ਰਹੇ ਨੇ”
ਬਾਪੂ ਹੈਰਾਨ ਜਿਹਾ ਹੋ ਕੇ ” ਸਾਰਾ ਕੁਝ ਹੈ ਏਥੇ ਘਰ ਪਰਿਵਾਰ, ਰਿਸ਼ਤੇਦਾਰ, ਜਮੀਨ ਜਾਇਦਾਦ ਏਥੇ ਵੀ ਕਮਾਈ ਕਰੇਂਗਾ ਤਾਂ ਸੌਖੀ ਰੋਟੀ ਖਾ ਲਵੇਂਗਾ ” ਫੇਰ ਵੀ ਤੂੰ ਜੇ ਜਾਣ ਦੀ ਸੋਚਦਾ ਤਾਂ ਪੁਤਰਾ ਏਨੇ ਪੈਸੇ ਕਿਥੋਂ ਆਉਣਗੇ ” ?
ਮੁੰਡਾ ” ਆਹ ਜ਼ਮੀਨ ਕਦੋਂ ਕੰਮ ਆਉਣੀ ਵੇਚ ਦੇ ਬਾਪੂ “।
ਮੁੰਡੇ ਦੇ ਕਹੇ ਬੋਲ ਬਾਪ ਦਾ ਸੀਨਾ ਚੀਰ ਗਏ , ਉਸਦੇ ਪੁਰਖਿਆਂ ਦੀ ਜ਼ਮੀਨ ਸੀ ਅੱਜ ਉਸਨੂੰ ਲੱਗਿਆ ਜਿਵੇ ਕਿਸੇ ਨੇ ਉਸਦੀ ਮਾਂ ਨੂੰ ਉਸਤੋਂ ਖੋਹਣ ਦੀ ਕੋਸ਼ਿਸ਼ ਕੀਤੀ ਸੀ।
ਅੱਖਾਂ ਵਿਚ ਖੂਨ ਆ ਗਿਆ ਗਰਜਦੀ ਆਵਾਜ਼ ਚ ਬੋਲਿਆ ” ਦਫ਼ਾ ਹੋ ਜਾ ਮੇਰੇ ਅੱਗੋਂ ਮੇਰੀ ਮਾਂ ਵਰਗੀ ਜ਼ਮੀਨ ਦਾ ਸੌਦਾ ਕਰਨ ਦਾ ਸੋਚ ਰਿਹਾ ਘਰ ਕਲੇਸ਼ ਪੈ ਗਿਆ, ਮੁੰਡੇ ਨੇ ਵੀ ਰੋਟੀ ਛੱਡ ਦਿੱਤੀ।
ਮਾਂ ਤਾ ਮਾਂ ਹੀ ਹੁੰਦੀ ਮੁੰਡੇ ਦਾ ਹਾਲ ਜਰਿਆ ਨਾ ਗਿਆ। ਕਿਵੇਂ ਵੀ ਲੜਾਈ ਝਗੜਾ ਕਰਕੇ ਉਸ ਲੱਖਾ ਸਿੰਘ ਨੂੰ ਜ਼ਮੀਨ ਵੇਚਣ ਲਈ ਮਨਾ ਲਿਆ। ਆਖਿਰ ਉਹ ਦਿਨ ਆ ਗਿਆ ਜਦੋ ਪੁੱਤ ਨੇ ਜਾਣਾ ਸੀ, ਬੜਾ ਔਖਾ ਸੀ ਹੱਥੀਂ ਪਾਲਿਆ ਪੁੱਤ ਦੂਰ ਕਰਨਾ, ਬਾਪੂ ਅੱਥਰੂ ਅੰਦਰੋਂ ਅੰਦਰੀਂ ਪੀ ਰਿਹਾ ਸੀ। ਮੁੰਡੇ ਨੇ ਬਾਪੂ ਨੂੰ ਗਲ ਲਿਆ ਤੇ ਨਿਮਰਤਾ ਨਾਲ ਕਿਹਾ “ਬਾਪੂ ਝੋਰਾ ਨਾ ਲਾਵੀਂ ਮੈਂ ਡਾਲਰ ਕਮਾ ਕੇ ਤੇਰੀ ਇਹੀ ਜ਼ਮੀਨ ਵਾਪਿਸ ਖਰੀਦ ਕੇ ਦਿਊਂਗਾ”। ਬਾਪੂ ਅਜੇ ਵੀ ਓਸੇ ਸਦਮੇ ਚ ਸੀ ਕੁਛ ਨਾ ਬੋਲ ਸਕਿਆ ਬਸ ਏਨਾ ਕਿਹਾ ” ਆਪਣਾ ਖਿਆਲ ਰੱਖੀਂ ਆਪਣਾ ਪੁੱਤਰਾ “। ਅੱਜ ਕਈ ਵਰ੍ਹੇ ਬੀਤ ਗਏ ਨਾ ਪੁੱਤ ਮੁੜਿਆ ਨਾ ਹੀ ਜ਼ਮੀਨ ਵਾਪਿਸ ਆਈ। ਅੱਜ ਵੀ ਬਾਪੂ ਕਦੇ ਕਦੇ ਵੱਟ ਤੇ ਬੈਠ ਕੇ ਲਹਿਰਾਉਂਦੀਆਂ ਫ਼ਸਲਾਂ ਵੱਲ ਦੇਖ ਕੇ ਖੁਸ਼ ਤੇ ਉਦਾਸ ਹੋ ਛੱਡਦਾ ਜਿਥੇ ਕਦੇ ਉਸਦੇ ਹਲ ਚਲਦੇ ਸੀ।  ਬੇਸ਼ਕ ਮੁੰਡੇ ਦੇ ਡਾਲਰਾਂ ਨਾਲ ਹੋਰ ਵੀ ਜ਼ਮੀਨ ਲੈ ਲਈ ਸੀ ਪਰ ਲੱਖਾ ਸਿੰਘ ਦੇ ਅੰਦਰ ਆਪਣੀ ਉਸ ਜੱਦੀ ਜ਼ਮੀਨ ਗਵਾਉਣ ਦਾ ਗ਼ਮ ਅਜੇ ਵੀ ਕਿਤੇ ਬਾਕੀ ਸੀ ਜੋ ਉਸਨੂੰ ਮਾਂ ਵਰਗੀ ਲੱਗਦੀ ਸੀ। ਬਾਪੂ ਵੱਟ ਤੇ ਬੈਠਾ ਸੋਚ ਰਿਹਾ ਸੀ “ਕੈਸੀ ਆ ਇਹ ਚੰਦਰੀ ਵਲੈਤ ਜਿਸਨੇ ਲੱਖਾਂ ਮਾਵਾਂ ਦੇ ਪੁੱਤ ਖਾ ਲਏ , ਜੋ ਇਕ ਵਾਰ ਚਲਾ ਜਾਂਦਾ ਵਾਪਿਸ ਆਉਣਾ ਹੀ ਭੁੱਲ ਜਾਂਦਾ”। ਇਹ ਕਹਾਣੀ ਇਕ ਬਾਪੂ ਦੀ ਨਹੀਂ ਹਜ਼ਾਰਾਂ ਓਹਨਾ ਮਾਂ ਬਾਪ ਦੀ ਆ ਜਿਨ੍ਹਾਂ ਦੇ ਬੱਚੇ ਗਏ ਤਾ ਜ਼ਰੂਰ ਜੋ ਕਦੇ ਮੁੜੇ ਨਹੀਂ ਤੇ ਬੁੱਢੀਆਂ ਅੱਖਾਂ ਅੱਜ ਵੀ ਦਰਵਾਜਿਆਂ ਤੇ ਉਡੀਕ ਲਈ ਬੈਠੀਆਂ ਨੇ ਕੇ ਹੁਣ ਵੀ ਕੋਈ ਆਇਆ, ਹੁਣ ਵੀ ਕੋਈ ਆਇਆ।
ਵਿਕਰਮ ਚੀਮਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਦਿਲ ਦੇ ਕਰੀਬ” ਕਿਤਾਬ ਵਿੱਚੋਂ ਕੁਝ
Next articleਕਦੋਂ ਰੁਕਣਗੇ ਚੀਰ ਹਰਨ ?