ਡਿਪਟੀ ਕਮਿਸ਼ਨਰ ਵਲੋਂ ਵਿਸਾਖੀ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ
ਨੂਰਾਂ ਸਿਸਟਰਜ਼,ਮਾਸਟਰ ਸਲੀਮ ਤੋਂ ਇਲਾਵਾ ਨਾਮੀ ਕਲਾਕਾਰ ਕਰਨਗੇ ਦਰਸ਼ਕਾਂ ਦਾ ਮਨੋਰੰਜਨ
ਕਪੂਰਥਲ਼ਾ (ਸਮਾਜ ਵੀਕਲੀ) (ਕੌੜਾ) – ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲ ਕਦਮੀ ਸਦਕਾ ਪੰਜਾਬ ਦੀ ਵਿਰਾਸਤ ਨੂੰ ਰੂਪਮਾਨ ਕਰਨ ਅਤੇ ਕਪੂਰਥਲਾ ਜ਼ਿਲ੍ਹੇ ਨੂੰ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕਰਨ ਦੇ ਮਕਸਦ ਨਾਲ ਕਾਂਜਲੀ ਵੈੱਟਲੈਂਡ ਵਿਖੇ 22 ਅਤੇ 23 ਅਪ੍ਰੈਲ ਨੂੰ “ਵਿਸਾਖੀ ਮੇਲਾ-2023 ” ਦੀਆਂ ਰੌਂਣਕਾਂ ਲੱਗਣਗੀਆਂ।
ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਹ ਮੇਲਾ ਜਿੱਥੇ ਸੈਰ ਸਪਾਟੇ ਨੂੰ ਹੁਲਾਰਾ ਦੇਵੇਗਾ ਉਥੇ ਹੀ ਨਵੀਂ ਪੀੜੀ ਨੂੰ ਵਾਤਾਵਰਣ ਸੰਭਾਲ ਅਤੇ ਆਪਣੀਆਂ ਜੜ੍ਹਾਂ ਦੇ ਨਾਲ ਜੁੜਨ ਦੇ ਲਈ ਪ੍ਰੇਰਿਤ ਕਰੇਗਾ।
ਅੱਜ ਇੱਥੇ ਕਾਂਜਲੀ ਵੈੱਟਲੈਂਡ ਵਿਖੇ 22 ਅਤੇ 23 ਅਪ੍ਰੈਲ ਨੂੰ ਕਰਵਾਏ ਜਾ ਰਹੇ ਵਿਸਾਖੀ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੰਤਰ-ਰਾਸ਼ਟਰੀ ਮਾਨਤਾ ਪ੍ਰਾਪਤ ਕਾਂਜਲੀ ਵੈੱਟਲੈਂਡ ਕਪੂਰਥਲਾ ਜਿਲ੍ਹੇ ਦੀ ਜੀਵਨ ਰੇਖਾ ਹੈ। ਰਾਮਸਰ ਕਨਵੈਂਨਸ਼ਨ ਰਾਹੀਂ 2002 ਵਿਚ ਇਸਨੂੰ ਕੌਮਾਂਤਰੀ ਪੱਧਰ ਦੀ ਵੈੱਟਲੈਂਡ ਵਜੋਂ ਮਾਨਤਾ ਦਿੱਤੀ ਗਈ,ਜਿੱਥੇ ਕਿ ਵੱਡੀ ਗਿਣਤੀ ਵਿਚ ਪ੍ਰਵਾਸੀ ਪੰਛੀ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲਗਭਗ 22 ਸਾਲਾਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਮੇਲਾ ਕਰਵਾਇਆ ਗਿਆ ਸੀ ,ਜਿਸ ਨੂੰ ਲੋਕਾਂ ਵਲੋਂ ਵੱਡੀ ਪੱਧਰ ’ਤੇ ਭਰਵਾਂ ਹੁੰਗਾਰਾ ਮਿਲਿਆ ਸੀ,ਜਿਸਦੇ ਮੱਦੇਨਜ਼ਰ ਇਸ ਸਾਲ ਵੀ ਕਾਂਜਲੀ ਵੈੱਟਲੈਂਡ ਵਿਖੇ ਮੇਲਾ 2 ਦਿਨ ਕਰਵਾਇਆ ਜਾਵੇਗਾ।
ਸ੍ਰੀ ਸਾਰੰਗਲ ਨੇ ਦੱਸਿਆ ਕਿ ਮੇਲੇ ਵਿਚ ਲੋਕਾਂ ਦੇ ਮਨੋਰੰਜਨ ਲਈ ਪ੍ਰਸਿੱਧ ਸੂਫੀ ਗਾਇਕ ਨੂਰਾਂ ਸਿਸਟਰਜ਼,ਮਾਸਟਰ ਸਲੀਮ ਅਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਵਲੋਂ ਆਪਣੇ ਗੀਤਾਂ ਰਾਹੀਂ ਰੌਣਕਾਂ ਲਗਾਈਆਂ ਜਾਣਗੀਆਂ।
ਮੇਲੇ ਵਿਚ ਸ਼ਿਰਕਤ ਕਰਨ ਵਾਲੇ ਲੋਕਾਂ ਲਈ ਲੋਕ ਨਾਚ ਭੰਗੜਾ,ਮਲਵਈ ਗਿੱਧਾ,ਕੁਸ਼ਤੀ,ਗਤਕਾ,ਰੰਗਮੰਚ ਨਾਲ ਸਬੰਧਿਤ ਨਾਟਕ,ਸਕਿੱਟ,ਮਮਿਕਰੀ,ਭੰਡ ਅਤੇ ਲਾਇਵ ਬੈਂਡ ਦੀਆਂ ਪੇਸ਼ਕਾਰੀਆਂ ਵੀ ਹੋਣਗੀਆ।
ਮੇਲੇ ਦੌਰਾਨ ਲੋਕਾਂ ਦੇ ਲਈ ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਇਨਵੈਸਟਮੈਂਟ ਸਟਾਲ ਵੀ ਲਗਾਏ ਜਾਣਗੇ। ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਨ ਲਈ ਸੱਭਿਆਚਾਰਕ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸਾਖੀ ਮੇਲੇ ’ਤੇ ਆਉਣ ਵਾਲੇ ਲੋਕਾਂ ਦੀ ਸੁਰੱਖਿਆ, ਪਾਰਕਿੰਗ,ਪੀਣ ਵਾਲੇ ਪਾਣੀ ਅਤੇ ਸਿਹਤ ਸਹੂਲਤਾਂ ਦੇ ਵੀ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਵਾਂ ਜ਼ਿਲ੍ਹੇ ਦੇ ਸਮੂਹ ਨਾਗਰਿਕਾ ਨੂੰ ਮੇਲੇ ਵੀ ਵੱਧ ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਕਰਦਿਆਂ ਮੇਲੇ ਦੀਆਂ ਰੌਂਣਕਾ ਵਧਾਉਣ ਦਾ ਵੀ ਸੱਦਾ ਦਿੱਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸਾਗਰ ਸੇਤੀਆ , ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ , ਐਸ ਡੀ ਐਮਜ ਚੰਦਰਾਜੋਤੀ ਤੇ ਲਾਲ ਵਿਸ਼ਵਾਸ ਬੈਂਸ ਵੀ ਹਾਜ਼ਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly