~~ ਵੈਸਾਖ ~~

ਰਿਤੂ ਵਾਸੂਦੇਵ 
(ਸਮਾਜ ਵੀਕਲੀ) 
ਚੜ੍ਹੀ ਵੈਸਾਖੀ ਸਿੱਟੜੇ
ਝੂਮਣ, ਨੱਚਣ, ਗਾਉਣ
ਖੇਤਾਂ ਦੇ ਰਖਵਾਲੜੇ
ਲਈ ਦਾਤੀਆਂ ਆਉਣ
ਤੂਤ-ਸ਼ਹਿਤੂਤਾਂ ਦਾਅਵਤਾਂ
ਗਾਲੜ੍ਹ, ਤੋਤੇ ਖਾਣ
ਭੰਗਾਂ ਪੀ ਪੀ ਸੌਂਚਲ਼ਾਂ
ਉੱਚੀਆਂ ਹੁੰਦੀਆਂ ਜਾਣ
ਹਾੜ੍ਹੀ ਜਸ਼ਨ ਮਨਾਂਵਦੇ
ਸਾਧੂ, ਸੰਤ, ਫ਼ਕੀਰ
ਹਾੜ੍ਹੀ ਬੀਜਣ ਵਾਲੜਾ
ਡੋਲ੍ਹੇ ਕਿਉਂ ਫਿਰ ਨੀਰ?
ਆ ਨੀ ਮਾਏਂ ਮੇਰੀਏ
ਪੜ੍ਹ ਨੀ ਮੇਰੇ ਲੇਖ
ਨਿੱਘੀ ਰੁੱਤੇ ਚਿੱਤ ਨੂੰ
ਕਾਂਬਾ ਛਿੜਿਆ ਵੇਖ
ਮੇਰੀ ਕ਼ਲਮ ਦੀ ਚੁੰਝ ‘ਤੇ
ਸੋਨੇ ਦਾ ਈ ਵਰਕ
ਇੱਕੋ ਰੰਗੀ ਰੱਤ ਸੀ
ਕਿਵੇਂ ਪੈ ਗਿਆ ਫ਼ਰਕ?
ਸਬਰ ਅਸਾਡਾ ਪਰਖਦੇ
ਗਰਜ਼ਾਂ ਮਾਰੇ ਲੋਕ
ਕਰ ਕੋਈ ਹੀਲਾ ਰਾਣੀਏ
ਤੂੰ ਇਹਨਾਂ ਨੂੰ ਰੋਕ
ਚਿੜੀਆਂ ਦਾ ਨੀ ਚਹਿਕਣਾ
ਕਾਗਾਂ ਲਿਆ ਈ ਖੋਹ
ਦੱਸ ਉਹ ਰੁੱਤਾਂ ਕਿਹੜੀਆਂ
ਪੁੰਗਰਦਾ ਜਦ ਮੋਹ
ਨਾ ਕੋਈ ਪੰਧ ਸੁਹੇਲੜਾ
ਨਾ ਕੋਈ ਭਲੀ ਸਵੇਰ
ਲੈ ਕੇ ਲੰਮੀ ਭਟਕਣਾ
ਖੜ੍ਹੀ ਚੌਰਾਸੀ ਫ਼ੇਰ!
ਦਾਮਨ ਵਿਚ ਖਿਆਲ ਦੇ
ਮਹਿਰਮ ਕਰਦਾ ਸ਼ੱਕ
ਆਪਣੇ ਬਾਰੇ ਸੋਚਣਾ
ਸਾਡਾ ਕਿੱਥੇ ਹੱਕ?
ਇਤਰਾਂ ਜੜੀ ਤਵੀਤੜੀ
ਦਿੱਤੀ ਸੀ ਤੂੰ ਪਾ
ਵਰਤਮਾਨ ਦੇ ਰਾਜਿਆਂ
ਲਈ ਉ ਗਲ਼ ‘ਚੋਂ ਲਾਹ
ਯਾਦਾਂ ਦਾਜ ਸੁਹੰਢਣਾ
ਦੇ ਸਮਿਆਂ ਨੂੰ ਵੇਚ
ਸੰਦਲ਼ੀ ਬੂਹੇ ਬਾਰੀਆਂ
ਹੁਣ ਨਹੀਂ ਸਾਡੇ ਮੇਚ
ਚੜ੍ਹੀ ਵੈਸਾਖੀ ਹਿਜਰ ਦੀ
ਆਪਾਂ ਭਏ ਕਰੰਗ
ਮਾਹੀ ਬਾਝੋਂ ਢਿਲਕ ਕੇ
ਗੁੱਟ ‘ਚੋਂ ਲਹਿੰਦੀ ਵੰਗ
~ ਰਿਤੂ ਵਾਸੂਦੇਵ
Previous articleਸਵੇਰੇ 3 ਵਜੇ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਟੀਮ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਸਪਲਾਈ ਕੀਤੇ ਜਾ ਰਹੇ 7 ਕੁਇੰਟਲ ਪਨੀਰ ਦੇ ਲਏ ਗਏ 2 ਸੈੰਪਲ
Next articleਨਾਨਕ ਜੀ