ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਵਿੱਚ ਕੋਵਿਡ- 19 ਟੀਕਾਕਰਨ ਮੁਹਿੰਮ ਦਾ ਅੱਜ ਇੱਕ ਵਰ੍ਹਾ ਮੁਕੰਮਲ ਹੋਣ ’ਤੇ ਇਸ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਨੇ ਮਹਾਮਾਰੀ ਖ਼ਿਲਾਫ਼ ਜੰਗ ’ਚ ਅਹਿਮ ਭੂਮਿਕਾ ਨਿਭਾਉਂਦਿਆਂ ਲੋਕਾਂ ਦੀ ਜ਼ਿੰਦਗੀ ਬਚਾਉਣ ’ਚ ਮਦਦ ਕੀਤੀ। ਉਨ੍ਹਾਂ ਕਿਹਾ ਜਦੋਂ ਪਹਿਲੀ ਵਾਰੀ ਇਹ ਮਹਾਮਾਰੀ ਆਈ ਤਾਂ ਕੋਈ ਵੀ ਇਸ ਵਾਇਰਸ ਬਾਰੇ ਨਹੀਂ ਜਾਣਦਾ ਸੀ। ਹਾਲਾਂਕਿ ਸਾਡੇ ਵਿਗਿਆਨੀਆਂ ਤੇ ਖੋਜੀਆਂ ਨੇ ਇਸ ਦੇ ਟਾਕਰੇ ਲਈ ਵੈਕਸੀਨ ਖੋਜਣ ਲਈ ਪੂਰੀ ਵਾਹ ਲਾ ਦਿੱਤੀ। ਉਨ੍ਹਾਂ ਟਵੀਟ ਕੀਤਾ,‘ਭਾਰਤ ਨੂੰ ਇਸ ਗੱਲ ’ਤੇ ਮਾਣ ਹੈ ਕਿ ਸਾਡਾ ਮੁਲਕ ਵੈਕਸੀਨ ਰਾਹੀਂ ਮਹਾਮਾਰੀ ਖ਼ਿਲਾਫ਼ ਜੰਗ ਲੜਨ ’ਚ ਯੋਗਦਾਨ ਪਾਉਣ ਦੇ ਕਾਬਲ ਬਣ ਸਕਿਆ ਹੈ।’ ਉਨ੍ਹਾਂ ਕਿਹਾ ਕਿ ਮਹਾਮਾਰੀ ਖ਼ਿਲਾਫ਼ ਲੜਾਈ ’ਚ ਭਾਰਤ ਦਾ ਦ੍ਰਿਸ਼ਟੀਕੋਣ ਵਿਗਿਆਨ ਆਧਾਰਤ ਹੀ ਰਹੇਗਾ। ਅੱਜ ਮੁਲਕ ਵਿੱਚ ਕੋਵਿਡ- 19 ਖ਼ਿਲਾਫ਼ ਟੀਕਾਕਰਨ ਮੁਹਿੰਮ ਨੇ ਇੱਕ ਵਰ੍ਹਾ ਮੁਕੰਮਲ ਕਰ ਲਿਆ ਹੈ, ਜਿਸ ਦੌਰਾਨ 156.76 ਕਰੋੜ ਵੈਕਸੀਨਾਂ ਲਾਈਆਂ ਜਾ ਚੁੱਕੀਆਂ ਹਨ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ 92 ਫ਼ੀਸਦੀ ਬਾਲਗ ਆਬਾਦੀ ਘੱਟੋ-ਘੱਟ ਇੱਕ ਡੋਜ਼ ਲੈ ਚੁੱਕੀ ਹੈ ਜਦਕਿ 68 ਫ਼ੀਸਦੀ ਵਸੋਂ ਦਾ ਮੁਕੰਮਲ ਟੀਕਾਕਰਨ ਹੋ ਚੁੱਕਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly