ਦੇਹਰਾਦੂਨ, (ਸਮਾਜ ਵੀਕਲੀ): ਭਾਜਪਾ ’ਚੋਂ ਪੰਜ ਦਿਨ ਪਹਿਲਾਂ ਕੱਢੇ ਜਾਣ ਮਗਰੋਂ ਹਰਕ ਸਿੰਘ ਰਾਵਤ ਅੱਜ ਆਪਣੀ ਨੂੰਹ ਅਨੁਕ੍ਰਿਤੀ ਗੁਸਾਈਂ ਨਾਲ ਕਾਂਗਰਸ ’ਚ ਸ਼ਾਮਲ ਹੋ ਗਏ। ਦਿੱਲੀ ’ਚ ਹੋਏ ਸਮਾਗਮ ਦੌਰਾਨ ਕਾਂਗਰਸ ਦੇ ਉੱਤਰਾਖੰਡ ’ਚ ਪ੍ਰਚਾਰ ਕਮੇਟੀ ਦੇ ਮੁਖੀ ਹਰੀਸ਼ ਰਾਵਤ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗਣੇਸ਼ ਗੋਡਿਆਲ, ਉੱਤਰਾਖੰਡ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰੀਤਮ ਸਿੰਘ, ਪਾਰਟੀ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਅਤੇ ਹੋਰ ਆਗੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਉੱਤਰਾਖੰਡ ਵਿਧਾਨ ਸਭਾ ਦੀ ਕੋਟਦਵਾਰ ਸੀਟ ਤੋਂ ਵਿਧਾਇਕ ਹਰਕ ਸਿੰਘ ਰਾਵਤ ਨੇ 10 ਵਿਧਾਇਕਾਂ ਨਾਲ ਮਿਲ ਕੇ 2016 ’ਚ ਤਤਕਾਲੀ ਮੁੱਖ ਮੰਤਰੀ ਹਰੀਸ਼ ਰਾਵਤ ਦੀ ਸਰਕਾਰ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਸੀ ਅਤੇ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ ਜਿਸ ਮਗਰੋਂ ਕਾਂਗਰਸ ਸਰਕਾਰ ਘੱਟ ਗਿਣਤੀ ’ਚ ਰਹਿ ਗਈ ਸੀ। ਹਰੀਸ਼ ਰਾਵਤ ਜ਼ੋਰ ਦਿੰਦੇ ਰਹੇ ਹਨ ਕਿ ਹਰਕ ਸਿੰਘ ਰਾਵਤ ਨੂੰ ਆਪਣੇ ਕਾਰੇ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਹੁਣ ਵੀ ਉਹ ਹਰਕ ਸਿੰਘ ਨੂੰ ਪਾਰਟੀ ’ਚ ਨਹੀਂ ਲੈਣਾ ਚਾਹੁੰਦੇ ਸਨ।
ਕਾਂਗਰਸ ’ਚ ਸ਼ਾਮਲ ਹੋਣ ਮਗਰੋਂ ਹਰਕ ਸਿੰਘ ਰਾਵਤ ਨੇ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਦੇ ਪਾਰਟੀ ’ਚ ਸ਼ਾਮਲ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਉੱਤਰਾਖੰਡ ਚੋਣਾਂ ਦੌਰਾਨ ਸਾਬਕਾ ਮੰਤਰੀ ਨੂੰ ਕੇਦਾਰਨਾਥ ਅਤੇ ਨੂੰਹ ਨੂੰ ਲੈਂਸਡਾਊਨ ਤੋਂ ਉਮੀਦਵਾਰ ਬਣਾ ਸਕਦੀ ਹੈ। ਜਾਣਕਾਰੀ ਮੁਤਾਬਕ ਹਰਕ ਸਿੰਘ ਰਾਵਤ ਭਾਜਪਾ ਤੋਂ ਆਪਣੀ ਨੂੰਹ ਲਈ ਟਿਕਟ ਮੰਗਣ ਦੇ ਨਾਲ ਨਾਲ ਆਪਣਾ ਹਲਕਾ ਬਦਲਣ ਦੀ ਵੀ ਮੰਗ ਕਰ ਰਿਹਾ ਸੀ। ਭਾਜਪਾ ਨੇ ਇਸ ਮੰਗ ਨੂੰ ਨਕਾਰਦਿਆਂ ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly