ਉੱਤਰਾਖੰਡ ਚੋਣਾਂ: 14 ਨੂੰ 81 ਲੱਖ ਤੋਂ ਵੱਧ ਵੋਟਰ ਕਰਨਗੇ 632 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ

ਦੇਹਰਾਦੂਨ (ਸਮਾਜ ਵੀਕਲੀ):  ਵਿਧਾਨ ਸਭਾ ਚੋਣਾਂ ਸਬੰਧੀ 14 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਵਾਲੇ ਦਿਨ ਉੱਤਰਾਖੰਡ ਦੇ 81 ਲੱਖ ਤੋਂ ਵੱਧ ਵੋਟਰ 632 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਕਰਨਗੇ। ਚੋਣ ਕਮਿਸ਼ਨ ਨੇ ਅੱਜ ਦੱਸਿਆ ਕਿ ਸੋਮਵਾਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ 95 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲਏ ਜਾਣ ਮਗਰੋਂ ਹੁਣ ਕੁੱਲ 632 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ 632 ਉਮੀਦਵਾਰਾਂ ਵਿੱਚੋਂ 136 ਆਜ਼ਾਦ ਉਮੀਦਵਾਰਾਂ ਵਜੋਂ ਚੋਣ ਮੈਦਾਨ ਵਿਚ ਉਤਰੇ ਹਨ ਜਦਕਿ ਬਾਕੀ ਵੱਖ-ਵੱਖ ਸਿਆਸੀ ਪਾਰਟੀਆਂ ਜਿਵੇਂ ਕਿ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ, ਬਸਪਾ, ਸਮਾਜਵਾਦੀ ਪਾਰਟੀ ਅਤੇ ਉੱਤਰਾਖੰਡ ਕ੍ਰਾਂਤੀ ਦਲ ਵੱਲੋਂ ਚੋਣ ਲੜ ਰਹੇ ਹਨ। ਦੇਹਰਾਦੂਨ ਜ਼ਿਲ੍ਹੇ ਵਿਚ ਆਉਂਦੇ 10 ਵਿਧਾਨ ਸਭਾ ਹਲਕਿਆਂ ’ਚੋਂ ਸਭ ਤੋਂ ਵੱਧ 117 ਉਮੀਦਵਾਰ ਚੋਣ ਲੜ ਰਹੇ ਹਨ। ਉਸ ਤੋਂ ਬਾਅਦ ਹਰਿਦੁਆਰ ਜ਼ਿਲ੍ਹੇ ’ਚ ਆਉਂਦੇ 11 ਵਿਧਾਨ ਸਭਾ ਹਲਕਿਆਂ ਤੋਂ 110 ਉਮੀਦਵਾਰ ਚੋਣ ਮੈਦਾਨ ਵਿਚ ਹਨ। ਚੰਪਾਵਤ ਅਤੇ ਬਾਗੇਸ਼ਵਰ ਜ਼ਿਲ੍ਹਿਆਂ ’ਚ ਆਉਂਦੀਆਂ ਵਿਧਾਨ ਸਭਾ ਸੀਟਾਂ ਤੋਂ ਸਭ ਤੋਂ ਘੱਟ 14-14 ਉਮੀਦਵਾਰ ਚੋਣ ਲੜ ਰਹੇ ਹਨ। ਉੱਤਰਾਖੰਡ ਵਿਚ ਇੱਕੋ ਗੇੜ ’ਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੂਬੇ ਵਿਚ ਕੁੱਲ 81.43 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ।

ਦੋ ਪ੍ਰਮੁੱਖ ਸਿਆਸੀ ਪਾਰਟੀਆਂ ਭਾਜਪਾ ਤੇ ਕਾਂਗਰਸ ਪਿਛਲੇ ਕੁਝ ਦਿਨਾਂ ਵਿਚ ਬਾਗੀ ਹੋਏ ਆਪੋ-ਆਪਣੇ ਉਮੀਦਵਾਰਾਂ ਨੂੰ ਸਮਝਾਉਣ ਲਈ ਯਤਨ ਕਰ ਰਹੀਆਂ ਸਨ ਪਰ ਦੋਵੇਂ ਪਾਰਟੀਆਂ ਕੁਝ ਕੁ ਸੀਟਾਂ ਤੋਂ ਹੀ ਇਨ੍ਹਾਂ ਬਾਗੀਆਂ ਦੀਆਂ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਵਾਪਸ ਕਰਵਾਉਣ ਵਿਚ ਸਫ਼ਲ ਹੋ ਸਕੀਆਂ ਹਨ। ਉਦਾਹਰਨ ਵਜੋਂ ਰਾਜ ਸਭਾ ਮੈਂਬਰ ਅਨਿਲ ਬਲੂਨੀ ਅਤੇ ਸਾਬਕਾ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦੇ ਦਖ਼ਲ ਨਾਲ ਭਾਜਪਾ ਡੋਈਵਾਲਾ, ਘਨਸਾਲੀ, ਪਿਰਾਨ ਕਲਿਆਰ ਅਤੇ ਕਾਲਾਢੁੰਗੀ ਸੀਟਾਂ ਤੋਂ ਆਪਣੇ ਬਾਗੀਆਂ ਨੂੰ ਪਤਿਆਉਣ ਵਿਚ ਸਫ਼ਲ ਰਹੀ ਹੈ ਪਰ ਇਕ ਦਰਜਨ ਸੀਟਾਂ ਤੋਂ ਇਸ ਦੇ ਬਾਗੀਆਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੀਆਂ ਨਾਮਜ਼ਦਗੀਆਂ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਹੈ। ਇਸੇ ਤਰ੍ਹਾਂ ਕਾਂਗਰਸ ਰਿਸ਼ੀਕੇਸ਼ ਤੇ ਸਾਹਸਪੁਰ ਤੋਂ ਬਾਗੀ ਉਮੀਦਵਾਰਾਂ ਨੂੰ ਪਤਿਆਉਣ ਵਿਚ ਸਫ਼ਲ ਰਹੀ ਹੈ ਪਰ ਅਜੇ ਵੀ ਛੇ ਸੀਟਾਂ ਤੋਂ ਬਾਗੀ ਖੜ੍ਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਵਿੱਚ ਸੰਸਦ ਘੇਰੀ ਬੈਠੇ ਮੁਜ਼ਾਹਰਾਕਾਰੀਆਂ ਵੱਲੋਂ ਹੁੱਲੜਬਾਜ਼ੀ
Next articleਉੱਤਰਾਖੰਡ ਪਰਿਵਰਤਨ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ