ਦੇਹਰਾਦੂਨ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਉਤਰਾਖੰਡ ਦੇ ਮੀਂਹ ਨਾਲ ਨੁਕਸਾਨੇ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਤਾਂ ਜੋ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ।
ਕੁਮਾਓਂ ਵਿੱਚ ਪ੍ਰਭਾਵਿਤ ਇਲਾਕਿਆਂ ਦੇ ਸਰਵੇਖਣ ਤੋਂ ਬਾਅਦ ਇੱਥੇ ਜੌਲੀਗ੍ਰਾਂਟ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਹ ਨੇ ਕਿਹਾ ਕਿ ਕੇਂਦਰੀ ਤੇ ਸੂਬਾਈ ਸਰਕਾਰ ਦੀਆਂ ਏਜੰਸੀਆਂ ਨੇ ਨੁਕਸਾਨ ਤੋਂ ਕਾਫ਼ੀ ਰਾਹਤ ਦਿਵਾਈ। ਮੀਂਹਾਂ ਦੀ ਮਾਰ ਹੇਠ ਆਏ ਕੁਮਾਓਂ ਖੇਤਰ ਵਿੱਚ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਅਤੇ ਸੰਪਰਕ ਮੁੜ ਕਾਇਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਚੇਤੇ ਰਹੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸੂਬੇ ਵਿੱਚ ਤਿੰਨ ਦਿਨ ਲਗਾਤਾਰ ਪਏ ਮੀਂਹ ਕਾਰਨ 7 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ।
ਸ਼ਾਹ ਨੇ ਕਿਹਾ,‘ਭਾਰੀ ਮੀਂਹ ਦੀ ਚਿਤਾਵਨੀ ਪਹਿਲਾਂ ਤੋਂ ਹੀ ਜਾਰੀ ਕਰ ਦਿੱਤੀ ਗਈ ਸੀ ਜਿਸ ਨਾਲ ਚਾਰਧਾਮ ਯਾਤਰਾ ਰੋਕਣ ਵਰਗੇ ਲੋੜੀਂਦੇ ਸਾਵਧਾਨੀ ਵਾਲੇ ਕਦਮ ਚੁੱਕਣ ਵਿੱਚ ਸਹਾਇਤਾ ਮਿਲੀ। ਜੇ ਅਜਿਹਾ ਨਾ ਕੀਤਾ ਜਾਂਦਾ ਤਾਂ ਨੁਕਸਾਨ ਵਧੇਰੇ ਹੋ ਸਕਦਾ ਸੀ। ਬਚਾਅ ਟੀਮਾਂ ਦੀ ਸਮੇਂ ਸਿਰ ਲਾਮਬੰਦੀ ਅਤੇ ਬਚਾਅ ਕਾਰਜਾਂ ਲਈ ਆਈਏਐੱਫ ਹੈਲੀਕਾਪਟਰ ਸੰਭਾਵਿਤ ਨੁਕਸਾਨ ਨੂੰ ਘੱਟ ਕਰਨ ਵਿੱਚ ਬੇਹੱਦ ਸਹਾਈ ਸਿੱਧ ਹੋਏ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੀਂਹ ਕਾਰਨ 64 ਜਾਨਾਂ ਚਲੀਆਂ ਗਈਆਂ ਜਦੋਂ ਕਿ 11 ਵਿਅਕਤੀਆਂ ਤੋਂ ਵੱਧ ਅਜੇ ਲਾਪਤਾ ਹਨ।
ਹਾਲਾਂਕਿ ਕੇਂਦਰੀ ਮੰਤਰੀ ਨੇ ਉਤਰਾਖੰਡ ਲਈ ਕੋਈ ਰਾਹਤ ਪੈਕੇਜ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਨੁਕਸਾਨ ਦੇ ਮੁਕੰਮਲ ਵੇਰਵੇ ਇਕੱਠੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮਹੀਨਾ ਕੁ ਪਹਿਲਾਂ ਸੂਬੇ ਨੂੰ 250 ਕਰੋੜ ਰੁਪਏ ਦੀ ਰਾਸ਼ੀ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਭੇਜੀ ਗਈ ਸੀ। ਇਸ ਨਾਲ ਰਾਹਤ ਤੇ ਬਚਾਅ ਕਾਰਜਾਂ ਕੀਤੇ ਜਾ ਸਕਦੇ ਹਨ। ਸ਼ਾਹ ਨੇ ਕਿਹਾ ਕਿ ਕੇਂਦਰ ਸੂਬਾ ਸਰਕਾਰ ਦੇ ਨਾਲ ਹੈ ਅਤੇ ਉਹ ਉਤਰਾਖੰਡ ਨੂੰ ਪੂਰਾ ਸਹਿਯੋਗ ਦੇਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly