ਚੰਡੀਗੜ੍ਹ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਜਾ ਰਹੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਫ਼ਦ ਨੂੰ ਯੂਪੀ ਪੁਲੀਸ ਨੇ ਹਿਰਾਸਤ ’ਚ ਲਿਆ। ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ’ਚ ਵਫ਼ਦ ਨੇ ਪਹਿਲਾਂ ਪਿੰਡ ਬਣਵਾਰੀ ਪੁਰ ’ਚ ਮ੍ਰਿਤਕ ਕਿਸਾਨ ਦੇ ਘਰ ਪਹੁੰਚਣਾ ਸੀ।
ਉਸ ਪਿੰਡ ਤੋਂ ਕਰੀਬ 10 ਕਿਲੋਮੀਟਰ ਪਹਿਲਾਂ ਨਿਘਾਸਨ ਥਾਣਾ ਪੁਲੀਸ ਨੇ ਨਾਕਾ ਲਗਾ ਕੇ ਵਫ਼ਦ ਨੂੰ ਰੋਕ ਲਿਆ। ਇਥੇ ਰਾਘਵ ਚੱਢਾ ਅਤੇ ਦੂਜੇ ਆਗੂਆਂ ਦੀ ਪੁਲੀਸ ਤੇ ਸਿਵਲ ਅਧਿਕਾਰੀਆਂ ਨਾਲ ਹੋਈ ਤਕਰਾਰ ਤੋਂ ਬਾਅਦ ‘ਆਪ’ ਆਗੂਆਂ ਨੂੰ ਲਖਨਊ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਰਾਘਵ ਚੱਢਾ ਨੇ ਕਿਹਾ ਲਖੀਮਪੁਰ ਖੀਰੀ ਘਟਨਾ ਸਬੰਧੀ ਸਾਹਮਣੇ ਆਈ ਵੀਡੀਓ ਤੋਂ ਭਾਜਪਾ ਦੀ ਗੁੰਡਾਗਰਦੀ ਬਾਰੇ ਲੋਕਾਂ ਦੇ ਮਨ ’ਚ ਬਚੀ ਥੋੜ੍ਹੀ ਬਹੁਤੀ ਸ਼ੰਕਾ ਵੀ ਦੂਰ ਹੋ ਗਈ ਹੈ। ਭਾਜਪਾ ਦੇ ਗੁੰਡਿਆਂ ਨਾਲ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤ ਨੇ ਕਿਸਾਨਾਂ ਨੂੰ ਕੁਚਲਿਆ ਅਤੇ ਫਿਰ ਉਥੋਂ ਭੱਜ ਗਿਆ।
ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਨੇ ਦੇਸ਼ ਵਾਸੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਲਖਨਊ ’ਚ ਜਿਸ ਸਮਾਗਮ ਵਿਚ ਗਏ ਉਥੋਂ ਲਖੀਮਪੁਰ ਦੀ ਦੂਰੀ ਮਹਿਜ਼ 120 ਕਿਲੋਮੀਟਰ ਹੈ, ਪਰ ਪ੍ਰਧਾਨ ਮੰਤਰੀ ਮੋਦੀ ਉੱਥੇ ਨਹੀਂ ਗਏ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੇ ਕਿਸਾਨ ਲੰਮੇ ਸਮੇਂ ਤੋਂ ਤਿੰਨੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਇਸ ਅੰਦੋਲਨ ’ਚ ਸੱਤ ਸੌ ਤੋਂ ਜ਼ਿਆਦਾ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਭਾਜਪਾ ਵਾਲੇ ਹਿੰਸਾ ’ਤੇ ਉਤਾਰੂ ਹਨ ਅਤੇ ਕਿਸਾਨਾਂ ਦਾ ਕਤਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਸ਼ਾਂਤਮਈ ਅੰਦੋਲਨ ਨੂੰ ਹਿੰਸਕ ਕਰਨ ਲਈ ਗਲਤ ਬਿਆਨ ਦੇ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly