ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) (ਸਮਾਜ ਵੀਕਲੀ): ਉੱਤਰ ਪ੍ਰਦੇਸ ਦੀ ਸ਼ਾਹਜਹਾਂਪੁਰ ਜ਼ਿਲ੍ਹਾ ਅਦਾਲਤ ਵਿੱਚ ਇੱਕ ਵਕੀਲ ਨੇ ਗੋਲੀ ਮਾਰ ਕੇ ਇੱਕ ਹੋਰ ਵਕੀਲ ਦੀ ਹੱਤਿਆ ਕਰ ਦਿੱਤੀ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਕਪਤਾਨ (ਸ਼ਹਿਰੀ) ਸੰਜੇ ਕੁਮਾਰ ਨੇ ਦੱਸਿਆ ਕਿ ਸੋਮਵਾਰ ਨੂੰ ਅਦਾਲਤ ਦੀ ਤੀਜੀ ਮੰਜ਼ਿਲ ਤੇ ਸਥਿਤ ਵਧੀਕ ਮੁੱਖ ਨਿਆਂਇਕ ਮੈਜਿਸਟਰੇਟ (ਆਈ) ਦੇ ਦਫਤਰ ਵਿੱਚ, ਐਡਵੋਕੇਟ ਭੁਪੇਂਦਰ ਸਿੰਘ ਇੱਕ ਕਲਰਕ ਨਾਲ ਉਨ੍ਹਾਂ ਦੇ ਕੇਸ ਬਾਰੇ ਗੱਲ ਕਰ ਰਹੇ ਸਨ ਅਤੇ ਇਸ ਦੌਰਾਨ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਘਟਨਾ ਤੋਂ ਬਾਅਦ ਬਾਰ ਐਸੋਸੀਏਸ਼ਨ ਨੇ ਕਤਲ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਐਡਵੋਕੇਟ ਦੇ ਭਰਾ ਯੋਗਿੰਦਰ ਪ੍ਰਤਾਪ ਦੀ ਸ਼ਿਕਾਇਤ ਉੱਤੇ ਵਕੀਲ ਸੁਰੇਸ਼ ਕੁਮਾਰ ਗੁਪਤਾ, ਗੌਰਵ ਗੁਪਤਾ ਅਤੇ ਅੰਕਿਤ ਗੁਪਤਾ ਦੇ ਖ਼ਿਲਾਫ਼ ਕੇਸ ਦਰਜ ਕਰਕੇ ਸੁਰੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀ ਮੁਤਾਬਕ ਭੁਪੇਂਦਰ ਸਿੰਘ ਨੇ ਮੁਲਜ਼ਮ ਐਡਵੋਕੇਟ ਸੁਰੇਸ਼ ਗੁਪਤਾ ਵਿਰੁੱਧ ਦੋ ਦਰਜਨ ਕੇਸ ਦਰਜ ਕੀਤੇ ਸਨ, ਜਿਸ ਕਾਰਨ ਉਹ ਪ੍ਰੇਸ਼ਾਨ ਸੀ ਜਿਸ ਦੇ ਚੱਲਦਿਆਂ ਕਥਿਤ ਤੌਰ ਉੱਤੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕੁਮਾਰ ਨੇ ਕਿਹਾ ਕਿ ਅਦਾਲਤ ਦੇ ਵਿਹੜੇ ਵਿੱਚ ਸੁਰੱਖਿਆ ਸਬੰਧੀ ਲਾਪ੍ਰਵਾਹੀ ਦੇ ਵਰਤੇ ਜਾਣ ਕਾਰਨ ਇੱਕ ਇੰਸਪੈਕਟਰ ਸਮੇਤ ਚਾਰ ਪੁਲੀਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly