ਏਟਾ : ਉੱਤਰ ਪ੍ਰਦੇਸ਼ ਦੇ ਏਟਾ ਸਥਿਤ ਬਾਗ਼ਵਾਲਾ ਥਾਣਾ ਇਲਾਕੇ ‘ਚ ਸ਼ਨਿਚਰਵਾਰ ਤੜਕੇ ਇਕ ਕਾਰ ਅੱਗੇ ਚੱਲ ਰਹੇ ਟਰਾਲੇ ਨਾਲ ਟਕਰਾ ਗਈ। ਟੱਕਰ ਮਗਰੋਂ ਕਾਰ ‘ਚ ਅੱਗ ਲੱਗ ਗਈ ਜਿਸ ਨਾਲ ਇਸ ‘ਚ ਸਵਾਰ ਪੰਜ ਲੋਕ ਜ਼ਿੰਦਾ ਸੜ ਗਏ। ਇਕ ਅੱਲ੍ਹੜ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਿ੍ਤਕਾਂ ‘ਚੋਂ ਤਿੰਨ ਇਕ ਹੀ ਪਰਿਵਾਰ ਦੇ ਮੈਂਬਰ ਤੇ ਦੋ ਰਿਸ਼ਤੇਦਾਰ ਸ਼ਾਮਲ ਹਨ।
ਏਟਾ ਜ਼ਿਲ੍ਹੇ ਦੇ ਥਾਣੇ ਨਯਾਗਾਓਂ ਇਲਾਕੇ ‘ਚ ਤਮਰੌਰਾ ਵਾਸੀ 35 ਸਾਲਾ ਸੁਨੀਲ ਦਿੱਲੀ ‘ਚ ਟੈਕਸੀ ਚਾਲਕ ਸੀ। ਉਹ ਪਰਿਵਾਰ ਨਾਲ ਨੋਇਡਾ ਦੇ ਸੈਕਟਰ 15 ‘ਚ ਰਹਿੰਦੇ ਸਨ। ਸ਼ੁੱਕਰਵਾਰ ਰਾਤ ਉਹ ਆਪਣੀ ਰਿੱਟਜ਼ ਕਾਰ ‘ਚ ਪਤਨੀ ਵਿਮਲਾ ਦੇਵੀ, ਪੁੱਤਰ ਲਵਕੁਸ਼, ਧੀ ਵਰਸ਼ਾ, ਮਮੇਰੇ ਭਰਾ ਚੰਦਰ ਸ਼ੇਖਰ ਤੇ ਮਾਸੜ ਬਬਲੂ ਨਾਲ ਪਿੰਡ ਜਾ ਰਹੇ ਸਨ। ਕਾਰ ਸੁਨੀਲ ਚਲਾ ਰਿਹਾ ਸੀ। ਏਟਾ-ਅਲੀਗੰਜ ਮਾਰਗ ‘ਤੇ ਪਿੰਡ ਹਿੰਮਤਪੁਰ ਨੇੜੇ ਸਵੇਰੇ 4.30 ਵਜੇ ਕਾਰ ਅੱਗੇ ਜਾ ਰਹੇ ਟਰਾਲੇ ਨਾਲ ਟਕਰਾ ਗਈ। ਟਰਾਲੇ ‘ਚ ਸੀਮੈਂਟ ਲੱਦਿਆ ਹੋਇਆ ਸੀ। ਟੱਕਰ ਹੁੰਦਿਆਂ ਹੀ ਅੱਗ ਲੱਗ ਗਈ। ਗੱਡੀ ਸੈਂਟਰ ਲਾਕ ਸੀ, ਇਸ ਕਾਰਨ ਕੋਈ ਵੀ ਬਾਹਰ ਨਹੀਂ ਨਿਕਲ ਸਕਿਆ।
ਹਾਦਸਾ ਏਨਾ ਭਿਆਨਕ ਸੀ ਕਿ ਟਰਾਲੇ ‘ਚ ਫਸੀ ਕਾਰ ਿਘਸੜਦੀ ਚਲੀ ਗਈ। ਨੇੜੇ ਸਥਿਤ ਇੱਟਾਂ ਦੇ ਭੱਠਾ ਮਜ਼ਦੂਰਾਂ ਨੇ ਰੇਤਾ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਲਾਟਾਂ ਸ਼ਾਂਤ ਨਹੀਂ ਹੋਈਆਂ। ਫਾਇਰ ਬਿ੍ਗੇਡ ਦੇ ਪੁੱਜਣ ‘ਤੇ ਅੱਗ ਬੁਝਾਈ ਜਾ ਸਕੀ। ਉਦੋਂ ਤਕ ਸੁਨੀਲ, ਵਿਮਲਾ ਦੇਵੀ, ਲਵਕੁਸ਼, ਚੰਦਰ ਸ਼ੇਖਰ ਤੇ ਬਬਲੂ ਦੀ ਮੌਤ ਹੋ ਚੁੱਕੀ ਸੀ। ਵਰਸ਼ਾ ਦੇ ਸਾਹ ਚੱਲ ਰਹੇ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਧਰ, ਹਾਦਸਾ ਹੁੰਦਿਆਂ ਹੀ ਟਰਾਲੇ ਦਾ ਚਾਲਕ-ਕਲੀਨਰ ਭੱਜ ਗਏ। ਐੱਸਐੱਸਪੀ ਸੁਨੀਲ ਕੁਮਾਰ ਸਿੰਘ ਨੇ ਮੌਕੇ ‘ਤੇ ਪੁੱਜ ਕੇ ਜਾਂਚ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਾਰ ‘ਚ ਸੀਐੱਨਜੀ ਕਿਟ ਲੱਗੀ ਸੀ। ਮਿ੍ਤਕ ਸੁਨੀਲ ਦੇ ਪਿਤਾ ਨੇ ਅਣਪਛਾਤੇ ਟਰਾਲੇ ਚਾਲਕ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਹੈ।