(ਸਮਾਜ ਵੀਕਲੀ)
‘ਅ’ ਧੁਨੀ ਦੀ ਬੇਥਵ੍ਹੀ ਅਤੇ ਧੱਕੇਸ਼ਾਹੀ ਵਾਲ਼ੀ ਰੁਚੀ ਅਨੁਸਾਰ ਵਰਤੋਂ ਪੜ੍ਹ ਕੇ ਕਈ ਵਾਰ ਇੰਞ ਜਾਪਦਾ ਹੈ, ਜਿਵੇਂ ਅ ਧੁਨੀ ਕੋਈ ਫ਼ਾਲਤੂ ਜਿਹੀ ਧੁਨੀ ਹੋਵੇ ਤੇ ਇਸ ਨੂੰ ਜਿੱਥੇ ਵੀ ਕੋਈ ਚਾਹੁੰਦਾ ਹੈ, ਉੱਥੇ ਹੀ ਇਸ ਨੂੰ ਵਰਤ ਸਕਦਾ ਹੈ।
ਯਾਦ ਰਹੇ ਕਿ ਸੰਸਕ੍ਰਿਤ-ਮੂਲਿਕ ਹਰ ਧੁਨੀ ਦੇ ਆਪਣੇ ਅਰਥ ਹਨ ਤੇ ਉਹਨਾਂ ਅਰਥਾਂ ਤੋਂ ਬਗ਼ੈਰ ਕਿਸੇ ਵੀ ਧੁਨੀ ਨੂੰ ਕਿਧਰੇ ਵੀ ਨਹੀਂ ਵਰਤਿਆ ਜਾ ਸਕਦਾ। ਇਸੇ ਤਰ੍ਹਾਂ ਅ ਧੁਨੀ ਦੇ ਵੀ ਆਪਣੇ ਅਰਥ ਹਨ। ਇਹ ਕੋਈ ਵਾਧੂ ਟਾਇਰ ਨਹੀਂ ਹੈ ਕਿ ਇਸ ਨੂੰ ਜਿੱਥੇ ਮਰਜ਼ੀ ਵਰਤ ਲਿਆ ਜਾਵੇ। ਜਦੋਂ ਕਿਸੇ ਸ਼ਬਦ ਦੇ ਸ਼ੁਰੂ ਵਿੱਚ ਇਹ ਧੁਨੀ ਵਰਤੀ ਜਾਂਦੀ ਹੈ ਤਾਂ ਇਸ ਦੇ ਅਰਥ ਹੋਰ ਹਨ ਅਤੇ ਜਦੋਂ ਬਾਅਦ/ਅੰਤ ਵਿੱਚ ਵਰਤੀ ਜਾਂਦੀ ਹੈ ਤਾਂ ਹੋਰ। ਸ਼ਬਦਾਂ ਦੇ ਅਖੀਰ ਵਿੱਚ ਇਹ ਧੁਨੀ ਅਕਸਰ ਹਿੰਦੀ/ਸੰਸਕ੍ਰਿਤ ਸ਼ਬਦਾਂ ਦੇ ਵ ਅੱਖਰ ਦੀ ਥਾਂ ਵਰਤੀ ਜਾਂਦੀ ਹੈ, ਜਿਵੇਂ: ਬਦਲਾਵ ਵਿਚਲੇ ਵ ਦੀ ਥਾਂ ਅ ਅਰਥਾਤ ਬਦਲਾਅ, ਬਚਾਵ ਦੀ ਥਾਂ ਬਚਾਅ, ਛਿੜਕਾਵ ਦੀ ਥਾਂ ਛਿੜਕਾਅ ਅਤੇ ਦਬਾਵ ਦੀ ਥਾਂ ਦਬਾਅ ਆਦਿ।
ਇੱਥੋਂ ਤੱਕ ਕਿ ਇਸ ਨੂੰ ਤਾਂ ਭੈ (ਡਰ, ਭੌ), ਚੋ (ਬਰਸਾਤੀ ਨਾਲ਼ਾ) ਅਤੇ ਤੈ (ਤੈ ਕਰਨਾ,ਮੁਕੱਰਰ ਕਰਨਾ) ਆਦਿ ਸ਼ਬਦਾਂ ਵਿੱਚ ਵੀ ਨਹੀਂ ਵਰਤਿਆ ਗਿਆ ਤਾਂਕਿ ਕਿਧਰੇ ਅਰਥਾਂ ਵਿੱਚ ਕੋਈ ਅੰਤਰ ਨਾ ਆ ਜਾਵੇ। ਪਰ ਅਸੀਂ ਜਿੱਥੇ ਵੀ ਸਾਨੂੰ ਕਿਧਰੇ ਕਿਸੇ ਸ਼ਬਦ ਵਿੱਚ ਲਮਕਾਅ ਦੀ ਅਵਸਥਾ ਦਿਖਾਈ ਦਿਂਦੀ ਹੈ, ਉੱਥੇ ਹੀ ਮੱਲੋ-ਮੱਲੀ ਇਸ ਧੁਨੀ (ਅ ਨੂੰ) ਘੁਸੇੜਨ ਦੀ ਤਾਕ ਵਿੱਚ ਰਹਿੰਦੇ ਹਾਂ। ਧੁਨੀਆਂ ਦੇ ਅਰਥਾਂ ਪੱਖੋਂ ਸਾਡੀ ਇਹ ਆਦਤ ਠੀਕ ਨਹੀਂ ਹੈ।
ਹਾਂ, ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ ਅਨੁਸਾਰ ਦਾਅ ਅਤੇ ਦੇਅ ਸ਼ਬਦਾਂ ਵਿੱਚ ਇਸ ਧੁਨੀ ਨੂੰ ਇਸ ਕਾਰਨ ਵਰਤਿਆ ਗਿਆ ਹੈ ਕਿਉਂਕਿ ਇਹਨਾਂ ਸ਼ਬਦਾਂ ਨੂੰ ‘ਦਾ’ ਅਤੇ ‘ਦੇ’ ਸੰਬੰਧਕਾਂ ਤੋਂ ਵਖਰਿਆਉਣ ਦੀ ਲੋੜ ਸੀ। ਪਰ ਜੇਕਰ ਦੇਖਿਆ ਜਾਵੇ ਤਾਂ ਵ ਦੀ ਧੁਨੀ ਇਹਨਾਂ ਸ਼ਬਦਾਂ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਵਿਦਮਾਨ ਹੈ, ਜਿਵੇਂ: ਦਾਂਵ ਅਤੇ ਦੇਵ (ਰਾਖਸ਼)।
ਦੋ ਅਰਥਾਂ ਵਾਲ਼ੇ ਸ਼ਬਦਾਂ ਦੀ ਘਾੜਤ ਤਾਂ ਕੇਵਲ ਉਦੋਂ ਹੀ (ਸੁਤੇ-ਸਿੱਧ) ਘੜੀ ਗਈ ਹੈ ਜਦੋਂ ਉਸ ਤੋਂ ਕਿਸੇ ਵੀ ਹਾਲਤ ਵਿੱਚ ਛੁਟਕਾਰਾ ਹੀ ਨਹੀਂ ਸੀ, ਜਿਵੇਂ: ਨਿਰਮਾਣ (ਉਸਾਰੀ) ਅਤੇ ਨਿਰਮਾਣ (ਹਉਂਮੈਂ ਰਹਿਤ) ਆਦਿ ਸ਼ਬਦਾਂ ਸਮੇਤ ਹੋਰ ਵੀ ਅਨੇਕਾਂ ਸ਼ਬਦਾਂ ਵਿੱਚ। ਅਜਿਹੇ ਸਾਰੇ ਸ਼ਬਦਾਂ ਵਿੱਚ ਧੁਨੀਆਂ ਦੇ ਇੱਕ ਤੋਂ ਵੱਧ ਅਰਥਾਂ ਦਾ ਵਰਤਾਰਾ ਅਤੇ ਉਹਨਾਂ ਦੀਆਂ ਦਿਸ਼ਾਵਾਂ ਅਤੇ ਦਸ਼ਾਵਾਂ ਆਦਿ ਹੀ ਕੰਮ ਕਰ ਰਹੀਆਂ ਹਨ। ੳ, ਅ ਅਤੇ ੲ ਧੁਨੀਆਂ ਦੇ ਅਰਥਾਂ ਅਤੇ ਉਹਨਾਂ ਅਨੁਸਾਰ ਬਣਦੇ ਬਹੁਤ ਸਾਰੇ ਸ਼ਬਦਾਂ ਦੀਆਂ ਉਦਾਹਰਨਾਂ ਲੈ ਕੇ ਛੇਤੀ ਹੀ ਪਾਠਕਾਂ ਦੇ ਸਨਮੁੱਖ ਹਾਜ਼ਰ ਹੋਵਾਂਗਾ।
ਉਪਰੋਕਤ ਅਨੁਸਾਰ ਭਰਾ ਸ਼ਬਦ ਦਾ ਸੰਖੇਪ ਤਾਂ ਭਾ ਹੋ ਗਿਆ (ਰ ਅੱਖਰ ਲੋਪ ਹੋ ਕੇ) ਅਤੇ ਇਸ ਵਿੱਚ ‘ਜੀ’ ਸ਼ਬਦ ਸਤਿਕਾਰ ਵਜੋਂ ਲਾਇਆ ਗਿਆ ਹੈ। ਇਹਨਾਂ ਵਿੱਚ ਅ ਅੱਖਰ ਕਿੱਥੋਂ ਆ ਗਿਆ? ਜੇਕਰ ਭਰਾ ਦੇ ਨਾਲ਼ ਵੀ ਅ ਲਾ ਦਿੱਤਾ ਜਾਵੇ (ਭਰਾਅ) ਤਾਂ ਉਸ ਦੇ ਅਰਥ ਵੀ ਹੋਰ (ਰਜ਼ਾਈਆਂ ਆਦਿ ਭਰਾਉਣਾ) ਹੋ ਜਾਂਦੇ ਹਨ। ਇਸ ਲਈ ਇਹ ਸ਼ਬਦ ਵੀ ਜੇਕਰ ਅ-ਮੁਕਤ/ਅ ਤੋਂ ਬਿਨਾਂ (ਭਾ ਜੀ) ਹੀ ਲਿਖਿਆ ਜਾਵੇ ਤਾਂ ਸਹੀ ਹੈ।
ਇੱਕ ਅੰਦੇਸ਼ਾ ਹੋਰ ਵੀ ਹੈ। ਉਹ ਇਹ ਕਿ ‘ਭਾ ਜੀ’ ਨੂੰ ਜੇਕਰ ‘ਭਾਅ ਜੀ’ ਲਿਖਿਅਾ ਜਾਵੇਗਾ ਤਾਂ ਭਾਅ ਦਾ ਅਰਥ ‘ਕੀਮਤ’ ਸਮਝੇ ਜਾਣ ਦਾ ਭੁਲੇਖਾ ਵੀ ਲੱਗ ਸਕਦਾ ਹੈ ਜੋਕਿ ਸੰਸਕ੍ਰਿਤ ਮੂਲ ਦੇ ‘ਭਾਵ’ (ਅਰਥ: ਭਾਅ= ਉਪਰੋਕਤ ਅਨਸਾਰ ਅੰਤਲਾ ਵ ਅੱਖਰ ਪੰਜਾਬੀ ਵਿੱਚ ਆ ਕੇ ਅ ਅੱਖਰ ਵਿੱਚ ਬਦਲ ਜਾਂਦਾ ਹੈ) ਸ਼ਬਦ ਤੋਂ ਬਣਿਆ ਹੈ। ਜੇਕਰ ਦੋਂਹਾਂ ਸ਼ਬਦਾਂ ਨੂੰ ਜੋੜ ਕੇ ਲਿਖਾਂਗੇ ਤਾਂ ਸ਼ਬਦ ‘ਭਾਜੀ’ ਬਣ ਜਾਵੇਗਾ ਜਿਸ ਦੇ ਅਰਥ ਹਨ- ਸਬਜ਼ੀ। ਸੋ, ਉਪਰੋਕਤ ਚਰਚਾ ਅਨੁਸਾਰ ਇਸ ਸ਼ਬਦ ਨੂੰ ‘ਭਾ ਜੀ’ ਹੀ ਲਿਖਿਆ ਜਾਣਾ ਚਾਹੀਦਾ ਹੈ, ਭਾਅ ਜੀ ਨਹੀਂ।
ਜਸਵੀਰ ਸਿੰਘ ਪਾਬਲਾ
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly