ਸੋਸ਼ਲ ਮੀਡੀਆ ਦੀ ਵਰਤੋਂ ਸਚੇਤ ਹੋ ਕੇ ਕਰੋ

ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ)
 ਸੋਸ਼ਲ ਮੀਡੀਆ ਦੇ ਜਮਾਨੇ ਵਿੱਚ ਸਾਨੂੰ ਸੋ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਸੋਸ਼ਲ ਮੀਡੀਆ ਤੇ ਮਿਲਣ ਵਾਲਾ ਹਰ ਵਿਅਕਤੀ ਮਿੱਤਰ ਨਹੀਂ ਹੁੰਦਾ ਇਸ ਗੱਲ ਨੂੰ ਸਮਝ ਲੈਣ ਦੀ ਜਰੂਰਤ ਹੈ। ਕਿਸੇ ਨਾਲ ਇੱਕ ਦੋ ਵਾਰੀ ਮੈਸੰਜਰ ਤੇ ਗੱਲਾਂ ਕਰਕੇ ਤੁਸੀਂ ਉਸ ਬਾਰੇ ਕੁਝ ਵੀ ਨਹੀਂ ਜਾਣਦੇ। ਫਿਰ ਵੀ ਪਤਾ ਨਹੀਂ ਕਿਉਂ ਕੁੜੀਆਂ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨਾਲ ਬਹੁਤ ਜਲਦੀ ਇਹਨਾਂ ਖੁੱਲ ਜਾਂਦੀਆਂ ਹਨ ਕਿ ਸਭ ਹੱਦਾਂ ਪਾਰ ਕਰ ਜਾਂਦੀਆਂ ਹਨ।
ਇਸ ਸਭ ਦਾ ਉਹਨਾਂ ਨੂੰ ਬਾਅਦ ਵਿੱਚ ਖਮਿਆਜ਼ਾ ਭੁਗਤਣਾ ਪੈਂਦਾ ਹੈ। ਅਕਸਰ ਪੁਰਸ਼ ਇਕ ਦੋ ਵਾਰ ਦੇ ਮੇਲ ਤੋਂ ਬਾਅਦ ਕਿਨਾਰਾ ਕਰ ਲੈਂਦੇ ਹਨ। ਔਰਤ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀ। ਇਹ ਕਹਿ ਲਓ ਕਿ ਉਹ ਦਿਲੋਂ ਜੁੜ ਜਾਂਦੀ ਹੈ ਜਾਂ ਇਹ ਕਹਿ ਲਓ ਕਿ ਉਸਦਾ ਅਹਿਮ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਪਾਉਂਦਾ। ਸਭ ਤੋਂ ਮਾੜੀ ਗੱਲ ਜੋ ਸੋਸ਼ਲ ਮੀਡੀਆ ਤੇ ਵਾਪਰਦੀ ਹੈ ਉਹ ਹੈ ਬਲੋਕ ਕਰ ਦੇਣਾ। ਕੋਈ ਵੀ ਕਿਸੇ ਨੂੰ ਕਿਸੇ ਵੀ ਸਮੇਂ ਬਲੋਕ ਕਰ ਦਿੰਦਾ ਹੈ। ਬਲੋਕ ਹੋਇਆ ਮਨੁੱਖ ਇਸਨੂੰ ਆਪਣੀ ਹਾਰ ਦੀ ਤਰ੍ਹਾਂ ਸਮਝਦਾ ਹੈ। ਪਤਾ ਕਿਸੇ ਮਨੁੱਖ ਨੂੰ ਭਾਵਨਾਵਾਂ ਦਾ ਭੁਲੇਖਾ ਪਾ ਇਸਤੇਮਾਲ ਕਰ ਲੈਣਾ ਤੇ ਫਿਰ ਬਲੋਕ ਕਰ ਦੇਣਾ ਉਸਦੇ ਨਾਗਵਾਰ ਗੁਜ਼ਰਦਾ ਹੈ।
ਜੇਕਰ ਕਦੀ ਅਜਿਹਾ ਹਾਦਸਾ ਵਾਪਰ ਜਾਵੇ ਤਾਂ ਬਿਹਤਰੀ ਹੁੰਦੀ ਹੈ ਚੁੱਪ ਵੱਟ ਲੈਣ ਵਿੱਚ। ਅਜਿਹੇ ਮੌਕਿਆਂ ਤੇ ਚੁੱਪ ਰਹਿਣਾ ਇੱਕੋ ਇੱਕ ਹੱਲ ਹੈ। ਪਰ ਮਨੁੱਖ ਦਾ ਅਹਿਮ ਕਿੱਥੇ ਉਸਨੂੰ ਟਿਕਣ ਦਿੰਦਾ ਹੈ। ਆਹ ਭਾਵਨਾਵਾਂ ਉਸਦੇ ਅੰਦਰ ਹਲਚਲ ਮਚਾ ਦਿੰਦੀਆਂ ਹਨ। ਅਜਿਹੇ ਵਿੱਚ ਮਨੁੱਖ ਕੁਝ ਅਜਿਹੀਆਂ ਗਲਤੀਆਂ ਕਰ ਜਾਂਦਾ ਹੈ ਜੋ ਉਸ ਲਈ ਹੀ ਨੁਕਸਾਨ ਦੇਹ ਸਾਬਤ ਹੁੰਦੀਆਂ ਹਨ।
ਪੁਰਸ਼ ਅਜਿਹਾ ਘੱਟ ਕਰਦੇ ਹਨ। ਪਰ ਔਰਤਾਂ ਅਕਸਰ ਹੀ ਅਜਿਹਾ ਕਰਦੀਆਂ ਹਨ। ਉਸ ਪੁਰਸ਼ ਦੀ ਅਸਲੀਅਤ ਲੋਕਾਂ ਨੂੰ ਦੱਸਣ ਲਈ ਉਹ ਆਪਣੀਆਂ ਨਿੱਜੀ ਗੱਲਾਂ ਲੋਕਾਂ ਨਾਲ ਸਾਂਝੀਆਂ ਕਰਦੀਆਂ ਹਨ। ਉਹ ਇਹ ਨਹੀਂ ਸਮਝਦੀਆਂ ਕਿ ਇਸ ਵਿੱਚ ਉਹਨਾਂ ਦਾ ਹੀ ਘਟਾ ਹੈ।
ਸਮਾਜ ਵਿੱਚ ਕੋਈ ਵੀ ਕਿਸੇ ਨੂੰ ਕਿਸੇ ਕਰਕੇ ਨਹੀਂ ਛੱਡਦਾ। ਹਰ ਕੋਈ ਆਪਣੇ ਸੰਬੰਧ ਤੇ ਸਵਾਰਥ ਦੇ ਮੁਤਾਬਕ ਇੱਕ ਦੂਜੇ ਨਾਲ ਵਰਤਦਾ ਹੈ। ਜਦੋਂ ਤੁਸੀਂ ਖੁਦ ਅਜਿਹੀ ਗੱਲ ਦੱਸਦੇ ਹੋ ਤਾਂ ਗਲਤ ਤਾਂ ਤੁਸੀਂ ਵੀ ਹੋ ਕਿਉਂਕਿ ਉਸ ਵਿੱਚ ਸ਼ਮੂਲੀਅਤ ਤੁਹਾਡੇ ਵੀ ਹੁੰਦੀ ਹੈ। ਅਜਿਹੇ ਰਿਸ਼ਤੇ ਬਣਾਉਣ ਤੋਂ ਪਹਿਲਾਂ ਤੁਹਾਨੂੰ ਸੋਚ ਲੈਣਾ ਚਾਹੀਦਾ ਹੈ। ਕਿਸੇ ਨਾਲ ਸਾਰੀ ਜ਼ਿੰਦਗੀ ਰਹਿ ਕੇ ਵੀ ਉਸਦਾ ਭੇਤ ਨਹੀਂ ਪਾਇਆ ਜਾਂਦਾ। ਫਿਰ ਮੈਂਸੰਜਰ  ਤੇ ਦੋ ਚਾਰ ਵਾਰ ਗੱਲਾਂ ਕਰਕੇ ਕਿਵੇਂ ਕਿਸੇ ਨੂੰ ਜਾਣਿਆ ਜਾ ਸਕਦਾ ਹੈ?
ਅੱਜ ਟੈਕਨੋਲੋਜੀ ਦਾ ਯੁੱਗ ਹੈ। ਤੁਹਾਡੀਆਂ ਗੱਲਾਂ ਤੇ ਤੁਹਾਡੀਆਂ ਵੀਡੀਓ ਕਾਲ ਰਿਕਾਰਡ ਕੀਤੀਆਂ ਜਾ ਸਕਦੀਆਂ ਹਨ। ਇਹ ਮੁੰਡੇ ਤੇ ਕੁੜੀਆਂ ਦੋਹਾਂ ਨਾਲ ਵਾਪਰਦਾ ਹੈ। ਅਜਿਹਾ ਨਹੀਂ ਹੈ ਕਿ ਮਰਦ ਹੀ ਔਰਤ ਦਾ ਇਸਤੇਮਾਲ ਕਰਦਾ ਹੈ ਔਰਤਾਂ ਹੀ ਵੀ ਮਰਦ ਨੂੰ ਇਸਤੇਮਾਲ ਕਰਦੀਆਂ ਹਨ। ਇੱਥੇ ਲਿੰਗ ਦੇ ਆਧਾਰ ਤੇ ਕੁਝ ਵੀ ਕਹਿਣਾ ਸਹੀ ਨਹੀਂ। ਬਸ ਸ਼ੋਸ਼ਣ ਕਰਨ ਵਾਲਾ ਦੂਜੇ ਦਾ ਸ਼ੋਸ਼ਣ ਕਰਦਾ ਹੈ।
ਅਜਿਹੀਆਂ ਅਨੇਕਾਂ ਹੀ ਸ਼ਿਕਾਇਤਾਂ ਪੁਲਿਸ ਵਿਭਾਗ ਕੋਲ ਪਈਆਂ ਹਨ। ਵਾਇਰਲ ਵੀਡੀਓ ਜਾ ਵਾਇਰਲ ਫੋਟੋਆਂ ਹੱਥੋ ਨਿਕਲ ਚੁੱਕੇ ਉਸ ਤੀਰ ਦੇ ਸਮਾਨ ਹੁੰਦੀਆਂ ਹਨ ਜਿਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ। ਅਜਿਹਾ ਕੁਝ ਕਰਨਾ ਹੀ ਕਿਉਂ ਜਿਸ ਦਾ ਗਲਤ ਇਸਤੇਮਾਲ ਹੋ ਸਕੇ। ਆਪਣੇ ਆਪ ਨੂੰ ਇੰਨਾ ਕਮਜ਼ੋਰ ਬਣਾਉਣਾ ਹੀ ਕਿਉਂਕਿ ਕਿਸੇ ਦੇ ਦੋ ਮਿੱਠੇ ਬੋਲ ਤੁਹਾਨੂੰ ਉਸਦੀ ਗ੍ਰਿਫਤ ਵਿੱਚ ਕਰ ਦੇਣ। ਆਪਣੇ ਅੰਦਰ ਦੇ ਇਸ ਖਾਲੀਪਣ ਨੂੰ ਭਰਨ ਦੀ ਹੋਰ ਬਹੁਤ ਸਾਰੇ ਰਸਤੇ ਹਨ।
ਆਪਣੇ ਆਪ ਨੂੰ ਸਾਹਿਤ ਨਾਲ ਜੋੜੋ। ਕਿਤਾਬਾਂ ਪੜੋ। ਜਦੋਂ ਵੀ ਕਿਸੇ ਨਾਲ ਗੱਲ ਕਰਦੇ ਹੋ ਤਾਂ ਗਰੁੱਪ ਵਿੱਚ ਕਰੋ। ਕਿਸੇ ਅਣਜਾਣ ਵਿਅਕਤੀ ਨਾਲ ਇਕੱਲੇ ਵਿੱਚ ਗੱਲ ਕਰਨ ਦੀ ਜਰੂਰਤ ਹੀ ਨਹੀਂ ਹੈ। ਜੇਕਰ ਤੁਹਾਡਾ ਕੋਈ ਫੇਸਬੁੱਕ ਮਿੱਤਰ ਤੁਹਾਨੂੰ ਇਕੱਲਿਆਂ ਮਿਲਣਾ ਚਾਹੁੰਦਾ ਹੈ ਤਾਂ ਅਜਿਹਾ ਕਦੀ ਨਾ ਕਰੋ। ਜੀ ਮਿਲਣਾ ਵੀ ਹੈ ਤਾਂ ਆਪਣੇ ਨਾਲ ਕਿਸੇ ਮਿੱਤਰ ਨੂੰ ਜਰੂਰ ਲੈ ਕੇ ਜਾਓ। ਫੇਸਬੁੱਕ ਦੀਆਂ ਦੋਸਤੀਆਂ ਨੂੰ ਫੇਸਬੁਕ ਤੇ ਹੀ ਨਿਭਾ ਲਓ ਤਾਂ ਬਹੁਤ ਹੈ।
ਇਹ ਇੱਕ ਵਰਚੁਅਲ ਸੰਸਾਰ ਹੈ। ਇਸ ਦੇ ਰਿਸ਼ਤੇ ਸਦੀਵੀ ਨਹੀਂ ਹੁੰਦੇ। ਇਸ ਵਿੱਚ ਸਭ ਕੁਝ ਹਰ ਪਲ ਬਦਲ ਰਿਹਾ ਹੈ। ਬਹੁਤ ਜਰੂਰੀ ਹੈ ਕਿ ਸੋਸ਼ਲ ਮੀਡੀਆ ਨੂੰ ਵਰਤਣ ਤੋਂ ਪਹਿਲਾਂ ਇਸ ਬਾਰੇ ਚੰਗੀ ਤਰ੍ਹਾਂ ਜਾਣ ਲਿਆ ਜਾਵੇ। ਛੋਟੇ ਜਿਹੇ ਕੁਤਾਹੀ ਤੁਹਾਡੇ ਲਈ ਘਾਤਕ ਹੋ ਸਕਦੀ ਹੈ।
ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleThree Israeli soldiers killed in action in Gaza, toll rises to 167
Next articleਵਿਚਾਰੇ / ਮਿੰਨੀ ਕਹਾਣੀ