- ‘ਸਪਾ’ ਵਿੱਚ ਜਾਣ ਦੇ ਚਰਚੇ, ਅਖਿਲੇਸ਼ ਯਾਦਵ ਵੱਲੋਂ ਟਵੀਟ ਕਰਕੇ ਪਾਰਟੀ ਵਿੱਚ ਸਵਾਗਤ
- ਸ਼ਿਕੋਹਾਬਾਦ ਤੋਂ ਡਾ.ਮੁਕੇਸ਼ ਵਰਮਾ ਨੇ ਵੀ ਭਾਜਪਾ ਤੋਂ ਕਿਨਾਰਾ ਕੀਤਾ
ਲਖਨਊ (ਸਮਾਜ ਵੀਕਲੀ): ਹੋਰਨਾਂ ਪੱਛੜੇ ਵਰਗਾਂ (ਓਬੀਸੀ) ਨਾਲ ਸਬੰਧਤ ਆਗੂ ਧਰਮ ਸਿੰਘ ਸੈਣੀ ਨੇ ਅੱਜ ਉੱਤਰ ਪ੍ਰਦੇਸ਼ ਕੈਬਨਿਟ ’ਚੋਂ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਤਿੰਨ ਦਿਨਾਂ ’ਚ ਉਹ ਤੀਜੇ ਮੰਤਰੀ ਹਨ, ਜਿਨ੍ਹਾਂ ਯੋਗੀ ਸਰਕਾਰ ’ਚੋਂ ਲਾਂਭੇ ਹੋਣ ਦਾ ਫੈਸਲਾ ਕੀਤਾ ਹੈ। ਸੈਣੀ ਕੋਲ ਆਯੂਸ਼ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਆਜ਼ਾਦਾਨਾ ਚਾਰਜ ਸੀ। ਇਸ ਦੌਰਾਨ ਸ਼ਿਕੋਹਾਬਾਦ ਅਸੈਂਬਲੀ ਹਲਕੇ ਤੋਂ ਭਾਜਪਾ ਵਿਧਾਇਕ ਡਾ.ਮੁਕੇਸ਼ ਵਰਮਾ ਨੇ ਵੀ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ। ਪਿਛਲੇ ਤਿੰਨ ਦਿਨਾਂ ਵਿੱਚ ਅੱਠ ਭਾਜਪਾ ਵਿਧਾਇਕ, ਜਿਨ੍ਹਾਂ ਵਿੱਚ ਤਿੰਨ ਮੰਤਰੀ ਵੀ ਸ਼ਾਮਲ ਹਨ, ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ।
ਡਾ. ਸੈਣੀ ਵੱਲੋਂ ਰਾਜਪਾਲ ਆਨੰਦੀਬੇਨ ਪਟੇਲ ਨੂੰ ਭੇਜਿਆ ਅਸਤੀਫ਼ਾ ਵੱਖ ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਵਾਇਰਲ ਹੋ ਗਿਆ ਹੈ। ਇਸ ਤੋਂ ਪਹਿਲਾਂ ਦੋ ਹੋਰ ਓਬੀਸੀ ਆਗੂਆਂ ਸਵਾਮੀ ਪ੍ਰਸਾਦ ਮੌਰਿਆ ਤੇ ਦਾਰਾ ਸਿੰਘ ਚੌਹਾਨ ਨੇ ਕ੍ਰਮਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਯੋਗੀ ਆਦਿੱਤਿਆਨਾਥ ਕੈਬਨਿਟ ’ਚੋਂ ਅਸਤੀਫ਼ਾ ਦੇ ਦਿੱਤਾ ਸੀ। ਸੈਣੀ ਨੇ ਮੌਰਿਆ ਤੇ ਚੌਹਾਨ ਦੇ ਪਦਚਿਨ੍ਹਾਂ ’ਤੇ ਚਲਦਿਆਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਆਪਣੀ ਇਕ ਤਸਵੀਰ ਟਵੀਟ ਕੀਤੀ ਹੈ, ਜੋ ਇਸ਼ਾਰਾ ਕਰਦੀ ਹੈ ਕਿ ਉਹ ਵੀ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਰਾਜ ਭਵਨ ਜਾਂ ਭਾਜਪਾ ਨੇ ਅਸਤੀਫ਼ੇ ਸਵੀਕਾਰ ਕਰਨ ਨੂੰ ਲੈ ਕੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ ਹੈ।
ਉਧਰ ਸਪਾ ਮੁਖੀ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਸੈਣੀ ਦਾ ਪਾਰਟੀ ਵਿੱਚ ਸਵਾਗਤ ਕੀਤਾ ਹੈ। ਯਾਦਵ ਨੇ ਟਵੀਟ ਕੀਤਾ, ‘‘ਡਾ.ਧਰਮ ਸਿੰਘ ਸੈਣੀ ਜੀ, ਜਿਹੇ ਸਮਾਜਿਕ ਨਿਆਂ ਲਈ ਲੜਨ ਵਾਲੇ ਯੋਧੇ ਦੀ ਆਮਦ ਨਾਲ ਸਾਡੀ ਸਾਕਾਰਾਤਮਕ ਤੇ ਵਿਕਾਸਵਾਦੀ ਸਿਆਸਤ ਨੂੰ ਹੋਰ ਜੋਸ਼ ਤੇ ਤਾਕਤ ਮਿਲੇਗੀ। ਉਨ੍ਹਾਂ ਦਾ ਸਮਾਜਵਾਦੀ ਪਾਰਟੀ ’ਚ ਸਵਾਗਤ ਹੈ।’’ ਸਹਾਰਨਪੁਰ ਜ਼ਿਲ੍ਹੇ ਦੇ ਨਾਕੁੜ ਤੋਂ ਚਾਰ ਵਾਰ ਵਿਧਾਇਕ ਰਹੇ ਸੈਣੀ ਨੂੰ ਮੌਰਿਆ ਦਾ ਕਰੀਬੀ ਮੰਨਿਆ ਜਾਂਦਾ ਹੈ। ਮੌਰਿਆ ਤੇ ਚੌਹਾਨ ਵਾਂਗ ਸੈਣੀ ਨੇ ਵੀ ਯੋਗੀ ਸਰਕਾਰ ’ਤੇ ਦਲਿਤਾਂ ਤੇ ਪੱਛੜਿਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਸ਼ਿਕੋਹਾਬਾਦ ਅਸੈਂਬਲੀ ਹਲਕੇ ਤੋਂ ਭਾਜਪਾ ਵਿਧਾਇਕ ਡਾ.ਮੁਕੇਸ਼ ਵਰਮਾ ਨੇ ਸਰਕਾਰ ਦੇ ਓਬੀਸੀ ਤੇ ਦਲਿਤ ਵਰਗਾਂ ਪ੍ਰਤੀ ਰਵੱਈਏ ਵਿੱਚ ‘ਸਤਿਕਾਰ ਦੀ ਘਾਟ’ ਦੇ ਹਵਾਲੇ ਨਾਲ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਰਮਾ ਸੱਤਵੇਂ ਵਿਧਾਇਕ ਹਨ, ਜਿਨ੍ਹਾਂ ਪਿਛਲੇ ਤਿੰਨ ਦਿਨਾਂ ਵਿੱਚ ਅਸਤੀਫ਼ਾ ਦਿੰਦਿਆਂ ਭਾਜਪਾ ਤੋਂ ਕਿਨਾਰਾ ਕਰਨ ਦਾ ਫੈਸਲਾ ਕੀਤਾ ਹੈ।
ਵਰਮਾ ਨੇ ਭਾਜਪਾ ਦੇ ਸੂਬਾਈ ਪ੍ਰਧਾਨ ਸਵਤੰਤਰ ਦੇਵ ਸਿੰਘ ਨੂੰ ਭੇਜੇ ਅਸਤੀਫ਼ੇ ਵਿੱਚ ਕਿਹਾ ਕਿ ‘ਕਿਉਂ ਜੋ ਪੱਛੜੇ ਵਰਗਾਂ, ਦਲਿਤਾਂ, ਬੇਰੁਜ਼ਗਾਰ ਨੌਜਵਾਨਾਂ, ਦਰਮਿਆਨੀਆਂ ਤੇ ਛੋਟੀਆਂ ਸਨਅਤਾਂ ਨਾਲ ਜੁੜੇ ਵਪਾਰੀਆਂ ਤੇ ਦੁਕਾਨਦਾਰਾਂ ਦੀ ਆਵਾਜ਼ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ।’’ ਵਰਮਾ ਨੇ ਕਿਹਾ ਕਿ ਉਹ ਓਬੀਸੀ ਆਗੂ ਸਵਾਮੀ ਪ੍ਰਸਾਦ ਮੌਰਿਆ ਦੀ ਅਗਵਾਈ ਹੇਠ ‘ਨਿਆਂ ਦੀ ਲੜਾਈ’ ਜਾਰੀ ਰੱਖਣਗੇ। ਅਗਾਮੀ ਚੋਣਾਂ ਵਿੱਚ ਭਾਜਪਾ ਵੱਲੋਂ ਟਿਕਟ ਨਾ ਦਿੱਤੇ ਜਾਣ ਦੇ ਕਿਆਸਾਂ ਦਰਮਿਆਨ ਵਰਮਾ ਦੇ ਪਿਛਲੇ ਦਿਨੀਂ ਸਮਾਜਵਾਦੀ ਪਾਰਟੀ ਆਗੂਆਂ ਨੂੰ ਮਿਲਣ ਦੇ ਚਰਚੇ ਸਨ। ਅਗਾਮੀ ਚੋਣਾਂ ਤੋਂ ਪਹਿਲਾਂ ਪਿਛਲੇ 36 ਘੰਟਿਆਂ ਵਿੱਚ ਭਾਜਪਾ ਨੂੰ ਅਲਵਿਦਾ ਆਖਣ ਵਾਲੇ ਹੋਰਨਾਂ ਪੰਜ ਆਗੂਆਂ ਵਿੱਚ ਅਵਤਾਰ ਸਿੰਘ ਭਦਾਨਾ, ਬ੍ਰਿਜੇਸ਼ ਕੁਮਾਰ ਪ੍ਰਜਾਪਤੀ, ਰੋਸ਼ਨ ਲਾਲ ਵਰਮਾ, ਭਗਵਤੀ ਸਾਗਰ ਤੇ ਵਿਨੈ ਸ਼ਾਕਿਆ ਸ਼ਾਮਲ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly