ਯੂਪੀ ਸਰਕਾਰ ਕਾਂਵੜ ਯਾਤਰਾ ’ਤੇ ਮੁੜ ਵਿਚਾਰ ਕਰੇ: ਸੁਪਰੀਮ ਕੋਰਟ

ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਧਾਰਮਿਕ ਸਮੇਤ ਸਾਰੀਆਂ ਭਾਵਨਾਵਾਂ ਜ਼ਿੰਦਗੀ ਦੇ ਅਧਿਕਾਰ ਅਧੀਨ ਹਨ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ 19 ਜੁਲਾਈ ਤੱਕ ਇਹ ਜਾਣਕਾਰੀ ਦੇਣ ਲਈ ਕਿਹਾ ਹੈ ਕਿ ਕੀ ਉਹ ਸੂਬੇ ’ਚ ‘ਸੰਕੇਤਕ’ ਕਾਂਵੜ ਯਾਤਰਾ ਜਾਰੀ ਰੱਖਣ ਦੇ ਫ਼ੈਸਲੇ ’ਤੇ ਮੁੜ ਤੋਂ ਵਿਚਾਰ ਕਰੇਗੀ। ਉੱਤਰਾਖੰਡ ਨੇ ਇਸ ਹਫ਼ਤੇ ਦੇ ਸ਼ੁਰੂ ’ਚ ਕਾਂਵੜ ਯਾਤਰਾ ’ਤੇ ਰੋਕ ਲਗਾ ਦਿੱਤੀ ਸੀ। ਜਸਟਿਸ ਆਰ ਨਰੀਮਨ ਅਤੇ ਬੀ ਆਰ ਗਵਈ ਦੇ ਬੈਂਚ ਨੇ ਕਿਹਾ ਕਿ ਮੁਲਕ ਦੇ ਲੋਕਾਂ ਦੀ ਸਿਹਤ ਅਤੇ ਜੀਵਨ ਦਾ ਅਧਿਕਾਰ ਸਰਬਉੱਚ ਹੈ ਅਤੇ ਧਾਰਮਿਕ ਸਮੇਤ ਸਾਰੀਆਂ ਹੋਰ ਭਾਵਨਾਵਾਂ ਮੌਲਿਕ ਅਧਿਕਾਰ ’ਚ ਮਹੱਤਵੀਣ ਹਨ।

ਕੇਂਦਰ ਦਾ ਪੱਖ ਰੱਖ ਰਹੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਕੋਵਿਡ ਕਾਰਨ ਕਾਂਵੜ ਯਾਤਰਾ ਦੀ ਮਨਜ਼ੂਰੀ ਨਹੀਂ ਦੇਣੀ ਚਾਹੀਦੀ ਹੈ ਅਤੇ ਟੈਂਕਰਾਂ ਰਾਹੀਂ ਗੰਗਾ ਜਲ ਦਾ ਪ੍ਰਬੰਧ ਤੈਅ ਸਥਾਨਾਂ ’ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੁਰਾਣੀਆਂ ਰੀਤਾਂ ਅਤੇ ਧਾਰਮਿਕ ਭਾਵਨਾਵਾਂ ਨੂੰ ਦੇਖਦਿਆਂ ਸੂਬਾ ਸਰਕਾਰਾਂ ਨੂੰ ਅਜਿਹਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਸ਼ਰਧਾਲੂ ਪਵਿੱਤਰ ਗੰਗਾ ਜਲ ਲੈ ਕੇ ਨੇੜੇ ਦੇ ਸ਼ਿਵ ਮੰਦਰਾਂ ’ਚ ਚੜ੍ਹਾ ਸਕਣ।

ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸੀ ਐੱਸ ਵੈਦਿਆਨਾਥਨ ਨੇ ਕਿਹਾ ਕਿ ਯਾਤਰਾ ’ਤੇ ਪੂਰੀ ਪਾਬੰਦੀ ਜਾਇਜ਼ ਨਹੀਂ ਹੋਵੇਗੀ। ਉਨ੍ਹਾਂ ਇਕ ਹਲਫ਼ਨਾਮਾ ਦਾਖ਼ਲ ਕਰਦਿਆਂ ਕਿਹਾ ਕਿ ਸੰਕੇਤਕ ਯਾਤਰਾ ਦੌਰਾਨ ਟੈਂਕਰਾਂ ਰਾਹੀਂ ਗੰਗਾ ਜਲ ਮੁਹੱਈਆ ਕਰਵਾਇਆ ਜਾਵੇਗਾ, ਕੋਵਿਡ ਜਾਂਚ ਹੋਵੇਗੀ ਅਤੇ ਸ਼ਰੀਰਕ ਦੂਰੀ ਸਬੰਧੀ ਨੇਮਾਂ ਸਮੇਤ ਹੋਰ ਇਹਤਿਆਤ ਵਰਤੀ ਜਾਵੇਗੀ। ਬੈਂਚ ਨੇ ਵੈਦਿਆਨਾਥਨ ਨੂੰ ਕਿਹਾ ਕਿ ਉਹ ਹਦਾਇਤਾਂ ਲੈ ਕੇ 19 ਜੁਲਾਈ ਤੱਕ ਅਦਾਲਤ ਨੂੰ ਜਾਣਕਾਰੀ ਦੇਣ ਕਿ ਯਾਤਰਾ ਦਾ ਕਿਵੇਂ ਪ੍ਰਬੰਧ   ਕੀਤਾ ਜਾਵੇਗਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਲਿਤਜ਼ਰ ਪੁਰਸਕਾਰ ਜੇਤੂ ਭਾਰਤੀ ਪੱਤਰਕਾਰ ਦੀ ਕੰਧਾਰ ਿਵੱਚ ਮੌਤ
Next articleਮੌਨਸੂਨ ਸੈਸ਼ਨ: ਰਾਜਨਾਥ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨਾਲ ਮੀਟਿੰਗ