ਲਖਨਊ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ 59 ਅਸੈਂਬਲੀ ਹਲਕਿਆਂ ਲਈ ਅੱਜ ਹੋਈ ਤੀਜੇ ਗੇੜ ਦੀ ਪੋਲਿੰਗ ਦੌਰਾਨ 61.61 ਫੀਸਦ ਵੋਟਿੰਗ ਦਰਜ ਕੀਤੀ ਗਈ। ਇਹ ਅੰਕੜਾ ਭਾਰਤੀ ਚੋਣ ਕਮਿਸ਼ਨ ਦੇ ਟਰਨਆਊਟ ਐਪ ਤੋਂ ਲਿਆ ਗਿਆ ਹੈ। ਪੋਲਿੰਗ ਦਾ ਅਮਲ ਸਵੇਰੇ ਸੱਤ ਵਜੇ ਸ਼ੁਰੂ ਹੋਇਆ ਤੇ ਸ਼ਾਮ 6 ਵਜੇ ਤੱਕ ਜਾਰੀ ਰਿਹਾ।
ਤੀਜੇ ਗੇੜ ਵਿੱਚ ਕੁੱਲ 627 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਤੇ 16 ਜ਼ਿਲ੍ਹਿਆਂ ਦੇ 2.15 ਕਰੋੜ ਤੋਂ ਵੱਧ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਅੱਜ ਦੀ ਵੋਟਿੰਗ ਮਗਰੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਉਨ੍ਹਾਂ ਦੇ ਚਾਚਾ ਸ਼ਿਵਪਾਲ ਸਿੰਘ ਯਾਦਵ ਸਮੇਤ ਹੋਰਨਾਂ ਆਗੂਆਂ ਦਾ ਸਿਆਸੀ ਭਵਿੱਖ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਿਆ। ਅਖਿਲੇਸ਼ ਯਾਦਵ ਕਰਹਲ ਅਸੈਂਬਲੀ ਹਲਕੇ ਤੋਂ ਉਮੀਦਵਾਰ ਹਨ ਤੇ ਉਨ੍ਹਾਂ ਦਾ ਮੁਕਾਬਲਾ ਕੇਂਦਰੀ ਮੰਤਰੀ ਐੱਸ.ਪੀ.ਸਿੰਘ ਬਘੇਲ ਨਾਲ ਹੈ। ਤੀਜੇ ਗੇੜ ਦੌਰਾਨ ਜਿਨ੍ਹਾਂ ਉੱਘੀਆਂ ਸਿਆਸੀ ਹਸਤੀਆਂ ਨੇ ਆਪਣੀਆਂ ਵੋਟਾਂ ਪਾਈਆਂ ਉਨ੍ਹਾਂ ਵਿੱਚ ਅਖਿਲੇਸ਼ ਯਾਦਵ, ਡਿੰਪਲ ਯਾਦਵ, ਸ਼ਿਵਪਾਲ ਸਿੰਘ ਯਾਦਵ, ਰਾਮਗੋਪਾਲ ਯਾਦਵ, ਕਾਂਗਰਸ ਆਗੂ ਸਲਮਾਨ ਖੁਰਸ਼ੀਦ, ਯੂਪੀ ਭਾਜਪਾ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਤੇ ਯੂਪੀ ਸਰਕਾਰ ’ਚ ਮੰਤਰੀ ਸਤੀਸ਼ ਮਹਾਨਾ ਸ਼ਾਮਲ ਹਨ।
ਇਸ ਦੌਰਾਨ ਕਾਨਪੁਰ ਦੀ ਮੇਅਰ ਪ੍ਰਮਿਲਾ ਪਾਂਡੇ ਤੇ ਭਾਜਪਾ ਦੇ ਸਾਬਕਾ ਅਹੁਦੇਦਾਰ ਨਵਾਬ ਸਿੰਘ ਇਕ ਪੋਲਿੰਗ ਬੂਥ ਵਿੱਚ ਵੋਟ ਪਾਉਂਦਿਆਂ ਦੀ ਆਪਣੀ ਵੀਡੀਓ ਪੋਸਟ ਕੀਤੇ ਜਾਣ ਕਰਕੇ ਵਿਵਾਦਾਂ ’ਚ ਘਿਰ ਗਏ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਂਡੇ ਹਡਸਨ ਸਕੂਲ ਸਥਿਤ ਪੋਲਿੰਗ ਬੂਥ ਵਿੱਚ ਆਪਣਾ ਮੋਬਾਈਲ ਲੈ ਕੇ ਗਈ ਤੇ ਵੋਟ ਪਾਉਂਦਿਆਂ ਦੀ ਆਪਣੀ ਸੈਲਫੀ ਖਿੱਚੀ। ਇਸ ਮਗਰੋਂ ਪਾਂਡੇ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਚੇਤੇ ਰਹੇ ਕਿ ਚੋਣ ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ ਵਿੱਚ ਮੋੋਬਾਈਲ ਫੋਨਾਂ ਦੀ ਵਰਤੋਂ ’ਤੇ ਮੁਕੰਮਲ ਪਾਬੰਦ ਲਾ ਰੱਖੀ ਹੈ। ਮੇਅਰ ਵੱਲੋਂ ਸਾਂਝੀ ਕੀਤੀ ਵੀਡੀਓ ਮਗਰੋਂ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਵਾਇਰਲ ਹੋ ਗਈ।
ਜ਼ਿਲ੍ਹਾ ਮੈਜਿਸਟਰੇਟ ਨੇਹਾ ਸ਼ਰਮਾ ਨੇ ਕਿਹਾ ਕਿ ਮੇੇਅਰ ਨੇ ਪਾਰਟੀ, ਜਿਸ ਨੂੰ ਉਨ੍ਹਾਂ ਵੋਟ ਪਾਈ ਹੈ, ਦਾ ਨਾਂ ਲੈ ਕੇ ਚੋਣ ਕਮਿਸ਼ਨ ਦੇ ਨੇਮਾਂ ਦੀ ਉਲੰਘਣਾ ਕੀਤੀ ਹੈ। ਉਧਰ ਭਾਜਪਾ ਯੁਵਾ ਮੋਰਚਾ ਦਾ ਸਾਬਕਾ ਸ਼ਹਿਰੀ ਪ੍ਰਧਾਨ ਵੀ ਨੇਮਾਂ ਦੀ ਉਲੰਘਣਾ ਕਰਦਿਆਂ ਫੜਿਆ ਗਿਆ। ਸਿੰਘ ਨੇ ਵੀ ਚੋਣ ਬੂਥ ਅੰਦਰ ਮੋਬਾਈਲ ਲਿਜਾ ਕੇ ਵੋਟ ਪਾਉਂਦਿਆਂ ਦੀ ਵੀਡੀਓ ਬਣਾਈ। ਝਾਂਸੀ ਦੇ ਜ਼ਿਲ੍ਹਾ ਚੋਣ ਅਧਿਕਾਰੀ ਰਵਿੰਦਰ ਕੁਮਾਰ ਨੇ ਕਿਹਾ ਕਿ ਲੋਕਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਮੁਤਾਬਕ ਗਰੌਥਾ ਅਸੈਂਬਲੀ ਹਲਕੇ ਦੇ ਮੌਥ ਖੇਤਰ ਵਿੱਚ ਦੋ ਘੰਟੇ ਦੇਰੀ ਨਾਲ ਪੋਲਿੰਗ ਸ਼ੁਰੂ ਹੋਈ। ਇਟਾਹ ਦੇ ਅਲੀਗੰਜ ਮਰਹਾਰਾ ਅਸੈਂਬਲੀ ਹਲਕੇ ਵਿੱਚ ਫ਼ਰਜ਼ੀ ਵੋਟਾਂ ਪਾਉਣ ਦੇ ਦੋਸ਼ ’ਚ ਦਸ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਪਾ ਨੇ ਫ਼ਿਰੋਜ਼ਾਬਾਦ ਦੇ ਸ਼ਿਕੋਹਾਬਾਦ ਹਲਕੇ ਵਿੱਚ ਭਾਜਪਾ ਵਰਕਰ ਵੱਲੋਂ ਉਸ ਦੇ ਏਜੰਟ ਦੀ ਮਾਰਕੁੱਟ ਕੀਤੇ ਜਾਣ ਦਾ ਦਾਅਵਾ ਕੀਤਾ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ 2017 ਯੂਪੀ ਅਸੈਂਬਲੀ ਚੋਣਾਂ ਵਿੱਚ ਉਪਰੋਕਤ 16 ਜ਼ਿਲ੍ਹਿਆਂ ਵਿੱਚ 62.21 ਫੀਸਦ ਪੋਲਿੰਗ ਹੋਈ ਸੀ। ਭਾਜਪਾ ਨੇ ਇਨ੍ਹਾਂ 59 ਸੀਟਾਂ ’ਚੋਂ 49 ਉੱਤੇ ਜਿੱਤ ਦਰਜ ਕੀਤੀ ਸੀ ਜਦੋਂਕਿ ਸਮਾਜਵਾਦੀ ਪਾਰਟੀ ਨੂੰ 9 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly