ਯੂਪੀ ਚੋਣਾਂ: ਪਹਿਲੇ ਗੇੜ ’ਚ 60 ਫੀਸਦ ਤੋਂ ਵੱਧ ਪੋਲਿੰਗ

 

  • ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਚੋਣ ਅਮਲ
  • ਕੁਝ ਥਾਵਾਂ ’ਤੇ ਈਵੀਐੱਮਜ਼ ’ਚ ਤਕਨੀਕੀ ਨੁਕਸ ਪੈਣ ਦੀਆਂ ਰਿਪੋਰਟਾਂ
  • ਕੈਰਾਨਾ ਹਲਕੇ ’ਚ ਗਰੀਬਾਂ ਨੂੰ ਵੋਟ ਪਾਉਣ ਤੋਂ ਰੋਕਣ ਦਾ ਦੋਸ਼

ਲਖਨਊ (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਅਸੈਂਬਲੀ ਲਈ ਅੱਜ ਪਹਿਲੇ ਗੇੜ ਦੀਆਂ ਚੋਣਾਂ ਦਾ ਅਮਲ ਅਮਨ-ਅਮਾਨ ਨਾਲ ਪੂਰਾ ਹੋ ਗਿਆ। ਪੱਛਮੀ ਯੂਪੀ ਦੇ 11 ਜ਼ਿਲ੍ਹਿਆਂ ਦੇ 58 ਅਸੈਂਬਲੀ ਹਲਕਿਆਂ ਲਈ ਲੋਕਾਂ ਨੇ ਲੰਮੀਆਂ ਕਤਾਰਾਂ ਵਿੱਚ ਖੜ੍ਹ ਕੇ ਵੋਟਾਂ ਪਾਈਆਂ। ਵੋਟਿੰਗ ਦੌਰਾਨ ਇਕ ਦੋ ਥਾਵਾਂ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਤਕਨੀਕੀ ਨੁਕਸ ਪੈਣ ਦੀਆਂ ਰਿਪੋਰਟਾਂ ਹਨ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ 60 ਫੀਸਦ ਤੋਂ ਵੱਧ ਪੋਲਿੰਗ ਹੋਣ ਦਾ ਦਾਅਵਾ ਕੀਤਾ ਹੈ। ਵੋਟਿੰਗ ਸ਼ਾਮ 6 ਵਜੇ ਬੰਦ ਹੋ ਗਈ ਸੀ, ਪਰ ਚੋਣ ਕੇਂਦਰ ਵਿੱਚ ਮੌਜੂਦ ਤੇ ਕਤਾਰਾਂ ਵਿੱਚ ਲੱਗੇ ਲੋਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ।

ਇਸ ਦੌਰਾਨ ਸਮਾਜਵਾਦੀ ਪਾਰਟੀ ਨੇ ਕੈਰਾਨਾ ਅਸੈਂਬਲੀ ਹਲਕੇ ਅਧੀਨ ਆਉਂਦੇ ਪਿੰਡ ਡੁੰਡੂਖੇੜਾ ਵਿੱਚ ਗਰੀਬ ਵੋਟਰਾਂ ਨੂੰ ਵੋਟਾਂ ਪਾਉਣ ਤੋਂ ਰੋਕੇ ਜਾਣ ਦਾ ਦਾਅਵਾ ਕੀਤਾ ਹੈ। ਪਹਿਲੇ ਗੇੜ ਦਾ ਚੋਣ ਅਮਲ ਪੂਰਾ ਹੋਣ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪੁੱਤਰ ਤੇ ਨੋਇਡਾ ਤੋਂ ਭਾਜਪਾ ਉਮੀਦਵਾਰ ਪੰਕਜ ਸਿੰਘ, ਆਗਰਾ (ਪੇਂਡੂ) ਤੋਂ ਉਮੀਦਵਾਰ ਤੇ ਸਾਬਕਾ ਰਾਜਪਾਲ ਬੇਬੀ ਮੌਰਿਆ, ਯੋਗੀ ਸਰਕਾਰ ’ਚ ਮੰਤਰੀ ਰਹੇ ਸ੍ਰੀਕਾਂਤ ਸ਼ਰਮਾ, ਸੁਰੇਸ਼ ਰਾਣਾ, ਸੰਦੀਪ ਸਿੰਘ, ਕਪਿਲ ਦੇਵ ਸ਼ਰਮਾ, ਅਤੁਲ ਗਰਗ ਤੇ ਚੌਧਰੀ ਲਕਸ਼ਮੀ ਨਰਾਇਣ ਆਦਿ ਦਾ ਸਿਆਸੀ ਭਵਿੱਖ ਈਵੀਐੱਮਜ਼ ’ਚ ਬੰਦ ਹੋ ਗਿਆ। ਭਾਜਪਾ ਨੇ 2017 ਵਿੱਚ ਪੱਛਮੀ ਯੂਪੀ ਦੀਆਂ 58 ਸੀਟਾਂ ’ਚੋਂ 53 ’ਤੇ ਜਿੱਤ ਦਰਜ ਕੀਤੀ ਸੀ ਤੇ ਉਦੋਂ ਇਨ੍ਹਾਂ ਹਲਕਿਆਂ ਵਿੱਚ 63.47 ਫੀਸਦ ਪੋਲਿੰਗ ਹੋਈ ਸੀ। ਚੇਤੇ ਰਹੇ ਕਿ ਯੂਪੀ ਵਿੱਚ ਸੱਤ ਗੇੜਾਂ ਤਹਿਤ ਵੋਟਾਂ ਪੈਣੀਆਂ ਹਨ ਤੇ ਨਤੀਜਿਆਂ ਦਾ ਐਲਾਨ ਚਾਰ ਹੋਰਨਾਂ ਸੂਬਿਆਂ ਨਾਲ 10 ਮਾਰਚ ਨੂੰ ਹੋਵੇਗਾ। ਵਧੀਕ ਮੁੱਖ ਚੋਣ ਅਧਿਕਾਰੀ ਬੀ.ਡੀ.ਰਾਮ ਤਿਵਾੜੀ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਸ਼ਾਮ ਪੰਜ ਵਜੇ ਤੱਕ ਔਸਤ 57.79 ਫੀਸਦ ਵੋਟਿੰਗ ਹੋਣ ਦੀਆਂ ਰਿਪੋਰਟਾਂ ਹਨ।

ਉਨ੍ਹਾਂ ਕਿਹਾ ਕਿ ਕੁਝ ਥਾਵਾਂ ’ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿੱਚ ਤਕਨੀਕੀ ਨੁਕਸ ਪਿਆ, ਜਿਨ੍ਹਾਂ ਨੂੰ ਫੌਰੀ ਬਦਲ ਦਿੱਤਾ ਗਿਆ। ਤਿਵਾੜੀ ਨੇ ਕਿਹਾ ਕਿ ਕੈਰਾਨਾ ਅਸੈਂਬਲੀ ਹਲਕੇ ਵਿੱਚ ਗ਼ਰੀਬ ਵੋਟਰਾਂ ਨੂੰ ਪੋਲਿੰਗ ਤੋਂ ਰੋਕੇ ਜਾਣ ਸਬੰਧੀ ਦੋਸ਼ਾਂ ਦੀ ਜਾਂਚ ਲਈ ਸਬੰਧਤ ਮੈਜਿਸਟਰੇਟ ਨੂੰ ਆਖ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਇਕ ਰਿਪੋਰਟ ਵਿੱਚ ਕਿਹਾ ਕਿ ਸ਼ਾਮ ਪੰਜ ਵਜੇ ਤੱਕ ਆਗਰਾ ਵਿੱਚ 60.33 ਫੀਸਦ, ਅਲੀਗੜ੍ਹ 60.49, ਬਾਗ਼ਪਤ 61.35, ਬੁਲੰਦਸ਼ਹਿਰ 60.52, ਗੌਤਮ ਬੁੱਧ ਨਗਰ 56.73, ਗਾਜ਼ੀਆਬਾਦ 54.77, ਹਾਪੁਰ 60.50, ਮਥੁਰਾ 63.28, ਮੇਰਠ 60.91, ਮੁਜ਼ੱਫਰਨਗਰ 65.34 ਤੇ ਸ਼ਾਮਲੀ ਵਿੱਚ 69.42 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ। ਇਸ ਦੌਰਾਨ ਗਾਜ਼ੀਆਬਾਦ ਵਿੱਚ ਭਾਜਪਾ ਆਗੂ ਵੀ.ਕੇ.ਸਿੰਘ ਤੇ ਕਾਂਗਰਸ ਆਗੂ ਰਾਜਨ ਕਾਂਤ ਦੇ ਹਮਾਇਤੀਆਂ ਦਰਮਿਆਨ ਪੋਲਿੰਗ ਸਟੇਸ਼ਨ ਦੀ ਹੱਦ ਅੰਦਰ ਮਾਮੂਲੀ ਤਕਰਾਰ ਹੋਣ ਦੀਆਂ ਰਿਪੋਰਟਾਂ ਹਨ।

ਸੁਰੱਖਿਆ ਅਮਲੇ ਦੇ ਦਖ਼ਲ ਮਗਰੋਂ ਮਾਮਲਾ ਸ਼ਾਂਤ ਹੋਇਆ। ਬੁਲੰਦਸ਼ਹਿਰ ਵਿੱਚ ਇਕ ਲਾੜੇ ਨੇ ਘੋੜੀ ਚੜ੍ਹਨ ਤੋਂ ਪਹਿਲਾਂ ਸਦਰ ਅਸੈਂਬਲੀ ਹਲਕੇ ’ਚ ਪੈਂਦੇ ਚਾਰ ਖੰਬਾ ਪੋਲਿੰਗ ਸਟੇਸ਼ਨ ’ਤੇ ਜਾ ਕੇ ਵੋਟ ਪਾਈ। ਇਕ ਹੋਰ ਲਾੜਾ ‘ਘੁੜਚੜੀ’ ਦੀ ਰਸਮ ਪੂਰੀ ਕਰਨ ਮਗਰੋਂ ਮੋਟਰਸਾਈਕਲ ’ਤੇ ਪੋਲਿੰਗ ਬੂਥ ਪੁੱਜਾ। ਮਥੁਰਾ ਵਿੱਚ ਸੰਘਣੀ ਧੁੰਦ ਦੇ ਬਾਵਜੂਦ ਲੋਕਾਂ ਵੋਟਾਂ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਨਜ਼ਰ ਆਏ। ਹਾਲਾਂਕਿ ਦਿਨ ਚੜ੍ਹਨ ਦੇ ਨਾਲ ਹੀ ਦਿਸਣ ਹੱਦ ਵਧ ਗਈ।

ਰਾਜ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਪਹਿਲੇ ਗੇੜ ਦੀਆਂ ਚੋਣਾਂ ਦੌਰਾਨ 9 ਜ਼ਿਲ੍ਹਿਆਂ ਦੇ 58 ਵਿਧਾਨ ਸਭਾ ਹਲਕਿਆਂ ਲਈ 72 ਮਹਿਲਾਵਾਂ ਸਣੇ 623 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਯੋਗ ਵੋਟਰਾਂ ਦੀ ਕੁੱਲ ਗਿਣਤੀ 2.28 ਕਰੋੜ ਸੀ, ਜਿਨ੍ਹਾਂ ਵਿੱਚ 1.24 ਕਰੋੋੜ ਪੁਰਸ਼ ਤੇ 1.04 ਕਰੋੜ ਮਹਿਲਾ ਵੋਟਰ ਹਨ। ਪੋਲਿੰਗ ਦੇ ਪਹਿਲੇ ਗੇੜ ਵਿੱਚ ਪੱਛਮੀ ਯੂਪੀ ਦੀ ਉਹ ਜਾਟ ਬੈਲਟ ਵੀ ਆਉਂਦੀ ਹੈ, ਜਿਸ ਨੇ ਕੌਮੀ ਰਾਜਧਾਨੀ ’ਚ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ’ਚ ਸਰਗਰਮ ਭੂਮਿਕਾ ਨਿਭਾਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰਨਾਂ ਭਾਜਪਾ ਆਗੂਆਂ ਨੇ ਸਮਾਜਵਾਦੀ ਪਾਰਟੀ ਨੂੰ ਪਰਿਵਾਰਵਾਦ ਲਈ ਜੰਮ ਕੇ ਭੰਡਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਹਿਲਾ ਕਬੱਡੀ ਕੱਪ ਪਿੰਡ ਨੂਰਪੁਰ ਚੱਠਾ
Next articleਭਾਜਪਾ ਸਰਕਾਰ ਵੱਲੋਂ ਦਿੱਤੀ ਸੁਰੱਖਿਆ ਕਰਕੇ ਵੱਡੀ ਗਿਣਤੀ ਲੋਕ ਵੋਟਾਂ ਪਾਉਣ ਲਈ ਨਿਕਲੇ