ਜਦੋਂ ਤੱਕ ਮੰਡੀਆਂ ‘ਚ ਸਰਕਾਰੀ ਖਰੀਦ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਇਹ ਮੋਰਚੇ ਇਸੇ ਤਰ੍ਹਾਂ ਜਾਰੀ ਰਹਿਣਗੇ ; ਕਿਸਾਨ ਆਗੂ

  ਲਗਾਤਾਰ ਸੱਤਵੇਂ ਦਿਨ ਵੀ ਮੋਰਚਾ ਰਿਹਾ ਜਾਰੀ
ਅਮਰਗੜ੍ਹ, (ਸਮਾਜ ਵੀਕਲੀ) (ਗੁਰਜੰਟ ਸਿੰਘ ਢਢੋਗਲ)– ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਝੋਨੇ ਦੀ ਨਿਰਵਿਘਨ ਖਰੀਦ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਦੇ ਦਫਤਰ ਅੱਗੇ ਬਲਾਕ ਅਮਰਗੜ੍ਹ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਸਿੰਘ ਭੁਰਥਲਾ ਦੀ ਅਗਵਾਈ ਹੇਠ ਅੱਜ ਛੇਵੇਂ ਦਿਨ ਵੀ ਮੋਰਚਾ ਜਾਰੀ ਰਿਹਾ। ਜ਼ਿਲ੍ਹਾ ਜਰਨਲ ਸਕੱਤਰ ਕੇਵਲ ਸਿੰਘ ਭੜੀ ਨੇਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਤਕਰੀਬਨ 51 ਥਾਵਾਂ ‘ਤੇ ਪੱਕੇ ਮੋਰਚੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਸਰਕਾਰੀ ਖਰੀਦ ਮੰਡੀਆਂ ਦੇ ਵਿੱਚ ਸ਼ੁਰੂ ਨਹੀਂ ਹੁੰਦੀ,ਉਦੋਂ ਤੱਕ ਇਹ ਮੋਰਚੇ ਇਸੇ ਤਰ੍ਹਾਂ ਜਾਰੀ ਰਹਿਣਗੇ। ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆ ਮੋਰਚਿਆਂ ਦੀਆਂ ਮੰਗਾਂ ਦੁਹਰਾਈਆਂ ਅਤੇ ਕਿਹਾ ਕਿ ਝੋਨੇ ਦੀ ਪੂਰੀ ਐਮਐਸਪੀ ਤੇ ਨਿਰਵਿਘਨ ਖਗੋਦ ਅਮਲੀ ਰੂਪ ‘ਚ ਚਾਲੂ ਕੀਤੀ ਜਾਵੇ ਅਤੇ ਹੁਣ ਤੱਕ ਘੱਟ ਮੁੱਲ ‘ਤੇ ਵਿਕੇ ਝੋਨੇ ਦੀ ਕਮੀ ਦੀ ਪੂਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸਿਫਾਰਸ਼ਾਂ ਅਨੁਸਾਰ ਪਾਣੀ ਦੀ ਬਚਤ ਲਈ ਬੀਜਾਈ ਗਈ ਪੀਆਰ 124 ਦੇ ਪੂਸਾ 44 ਨਾਲੋਂ ਘੱਟ ਝਾੜ ਤੇ ਐਮਐਸਪੀ ਤੋਂ ਘੱਟ ਮਿਲੇ ਮੁੱਲ ਦੀ ਕਮੀ ਪੂਰਤੀ ਕੀਤੀ ਜਾਵੇ। ਬਾਸਮਤੀ ਦਾ ਲਾਭਕਾਰੀ ਐਮਐਸਪੀ ਮਿੱਥੀ ਜਾਵੇ ਅਤੇ ਐਤਕੀ ਵੀ ਪਿਛਲੇ ਸਾਲ ਵਾਲੇ ਔਸਤ ਰੇਟ ‘ਤੇ ਖਰੀਦ ਕੀਤੀ ਜਾਵੇ ਘੱਟ ਰੇਟ ਤੇ ਖਰੀਦੀ ਦੇ ਹੁਣ ਤੱਕ ਪੈ ਚੁੱਕੇ ਘਾਟੇ ਦੀ ਕਮੀ ਪੂਰਤੀ ਕੀਤੀ ਜਾਵੇ। ਝੋਨੇ ਦੀ ਵੱਧ ਤੋਂ ਵੱਧ ਨਵੀਂ 22% ਕੀਤੀ ਜਾਵੇ ਤੇ ਦਾਗੀ ਦਾਣਿਆਂ ਵਰਗੀਆਂ ਹੋਰ ਸਰਤਾਂ ਨਰਮ ਕੀਤੀਆਂ ਜਾਣ। ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਮਿੱਥੀ ਜਾਵੇ ਅਤੇ ਉਨ੍ਹਾਂ ਦੀਆਂ ਹੋਰ ਹੱਕੀ ਮੰਗਾਂ ਮੰਨੀਆਂ ਜਾਣ। ਬੁਲਾਰਿਆਂ ਨੇ ਡੀਏਪੀ ਦੀ ਬਿਨਾਂ ਸ਼ਰਤ ਨਿਰਵਿਘਨ ਸਪਲਾਈ ਕਰਨ ਦੀ ਮੰਗ ਤੇ ਵੀ ਜ਼ੋਰ ਦਿੱਤਾ ਅਤੇ ਉਨਾਂ ਕਿਸਾਨਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ। ਜਿਹੜੀਆਂ ਛੋਟੇ ਦਰਮਿਆਨੇ ਕਿਸਾਨਾਂ ਨੂੰ ਤਬਾਹ ਕਰਨ ਵਾਲੀ ਸੰਸਾਰ ਵਪਾਰ ਸੰਸਥਾ ਦੀ ਕਾਰਪੋਰੇਟ ਪੱਖੀ ਖੁੱਲੀ ਮੰਡੀ ਦੀ ਨੀਤੀ ਮੜਨ ਤੇ ਉਤਾਰੂ ਹਨ। ਬੁਲਾਰਿਆਂ ਵੱਲੋਂ ਸਮੂਹ ਪਿੰਡਾਂ ਦੇ ਕਿਸਾਨ- ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਸਰਕਾਰ ਦੇ ਇਸ ਕਿਸਾਨ ਮਾਰੂ ਹਮਲੇ ਨੂੰ ਮਾਤ ਦੇਣ ਲਈ ਪੱਕੇ ਮੋਰਚਿਆਂ ਵਿੱਚ ਪੂਰੇ ਜੋਸ਼ ਤੇ ਧੜੱਲੇ ਨਾਲ ਪਰਿਵਾਰਾਂ ਸਮੇਤ ਕਾਫਲੇ ਬੰਨ ਕੇ ਪੁੱਜਣਾ ਚਾਹੀਦਾ। ਫਿਰ ਹੀ ਜਿੱਤ ਦੀ ਗਰੰਟੀ ਹੋਵੇਗੀ ਤੇ ਕਿਸਾਨਾਂ ਵੱਲੋਂ ਮਹਿੰਗੇ ਖਰਚਿਆਂ ਨਾਲ ਖੂਨ ਪਸੀਨਾ ਇੱਕ ਕਰਕੇ ਪਾਲੇ ਗਏ ਝੋਨੇ ਦੀ ਬੇਕਦਰੀ ਖਤਮ ਹੋਵੇਗੀ ਤੇ ਮੰਡੀਆਂ ਨੂੰ ਪ੍ਰਾਈਵੇਟ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਆਗੂ ਸਰਬਜੀਤ ਸਿੰਘ ਭੁਰਥਲਾ, ਬਲਾਕ ਆਗੂ ਹਰਿੰਦਰ ਸਿੰਘ ਚੌਦਾਂ, ਮੰਦੀਪ ਸਿੰਘ ਅਮਰਗੜ੍ਹ, ਕਰਮਜੀਤ ਸਿੰਘ ਹਥੋਆ ਅਤੇ ਹਰਜਿੰਦਰ ਸਿੰਘ ਸਰੋਦ ਸਮੇਤ ਵੱਡੀ ਗਿਣਤੀ ‘ਚ ਕਿਸਾਨ ਅਤੇ ਬੀਬੀਆਂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article4 ਨਵੰਬਰ ਨੂੰ ਪ੍ਰਦਰਸ਼ਨ ਕਰਨਗੇ ਵੈਟਰਨਰੀ ਫਾਰਮਾਸਿਸਟ
Next articleਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਨੰਗਲ ਦਾ ਵਿਦਿਆਰਥੀ ਏਕਮ ਸਿੰਘ ਢੀਂਡਸਾ ਨੂੰ ਪੰਜਾਬ ਦੀ ਅੰਡਰ 14 ਕਿ੍ਕਟ ਟੀਮ ਲਈ ਚੁਣਿਆ ਗਿਆ।