ਕਣਕ ਤੋਂ ਬਾਅਦ ਮੱਕੀ ਦੀ ਫਸਲ ਧਰਤੀ ਤੇ ਵਿੱਛੀ, ਭਾਰੀ ਨੁਕਸਾਨ ਦਾ ਖ਼ਦਸ਼ਾ
ਕਪੂਰਥਲਾ (ਸਮਾਜ ਵੀਕਲੀ) ( ਕੌੜਾ) – ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਅਤੇ ਮੀਂਹ ਨਾਲ ਕਪੂਰਥਲਾ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿੱਚ ਕਣਕ ਦੀ ਵਾਢੀ ਦਾ ਕੰਮ ਪੂਰੀ ਤਰ੍ਹਾਂ ਰੁਕ ਗਿਆ। ਵਰਨਣਯੋਗ ਹੈ ਕਿ ਬੇਮੌਸਮੀ ਬਰਸਾਤਾਂ ਨਾਲ਼ ਪਹਿਲਾਂ ਹੀ ਕਣਕ ਦੀ ਵਾਢੀ ਪਛੜ ਕੇ ਸ਼ੁਰੂ ਹੋਈ ਹੈ।ਪਰ ਹੁਣ ਫਿਰ ਹੋਈ ਬੇਮੌਸਮੀ ਬਰਸਾਤ ਨੇ ਵਾਢੀ ਦੇ ਕੰਮ ਨੂੰ ਪ੍ਰਭਾਵਿਤ ਕੀਤਾ ਹੈ। ਇਲਾਕੇ ਅੰਦਰ ਅਜੇ 30 ਫੀਸਦੀ ਹੀ ਕਣਕ ਦੀ ਕਟਾਈ ਹੋਈ ਸੀ । ਪਿੰਡ ਨਸੀਰਪੁਰ ਦੇ ਕਿਸਾਨ ਪੁਸ਼ਪਿੰਦਰ ਸਿੰਘ ਗੋਲਡੀ, ਹਰਬੰਸ ਸਿੰਘ ਕੌੜਾ, ਰਣਜੀਤ ਸਿੰਘ ਥਿੰਦ, ਸੁਖਦੇਵ ਸਿੰਘ, ਕਰਨੈਲ ਸਿੰਘ, ਨੰਬਰਦਾਰ ਗੁਰਸ਼ਰਨ ਸਿੰਘ ਬੂਲਪੁਰ,ਸਰਪੰਚ ਬਲਦੇਵ ਸਿੰਘ ਚੰਦੀ, ਸੁਰਿੰਦਰ ਸਿੰਘ ਚੰਦੀ, ਬਲਦੇਵ ਸਿੰਘ ਕੌੜਾ, ਗੁਰਮੁੱਖ ਸਿੰਘ, ਆਦਿ ਕਿਸਾਨਾਂ ਨੇ ਦੱਸਿਆ ਕਿ ਬੇਮੌਸਮੀ ਬਰਸਾਤ ਨੇ ਪਹਿਲਾਂ ਹੀ ਇਲਾਕੇ ਵਿੱਚ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਸੀ। ਪਰ ਹੁਣ ਫਿਰ ਜਦੋਂ ਕਣਕ ਦੀ ਵਾਢੀ ਸ਼ੁਰੂ ਹੋਈ ਹੈ ਤਾਂ ਬੇਮੌਸਮੀ ਬਰਸਾਤ ਨੇ ਕੰਮ ਰੋਕ ਦਿੱਤਾ।
ਕਣਕ ਦੀ ਵਢਾਈ ਤੋਂ ਬਾਅਦ ਕਿਸਾਨਾਂ ਵੱਲੋਂ ਤੂੜੀ ਬਣਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਸੀ। ਪਰ ਬਰਸਾਤ ਨਾਲ ਹੁਣ ਦੋ ਦਿਨ ਬਾਅਦ ਹੀ ਤੂੜੀ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ। ਬੀਤੀ ਕੱਲ੍ਹ ਸ਼ਾਮ ਜਦੋਂ 5 ਵਜੇ ਦੇ ਕਰੀਬ ਮੀਂਹ ਸ਼ੁਰੂ ਹੋਇਆ ਤਾਂ ਮੰਡੀਆਂ ਵਿੱਚ ਪਈਆਂ ਕਣਕ ਦੀਆਂ ਢੇਰੀਆਂ ਨੂੰ ਢੱਕਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਕਾਫ਼ੀ ਜੱਦੋ ਜਹਿਦ ਕਰਨੀ ਪਈ। ਕਿਸਾਨ ਮੁਖਤਿਆਰ ਸਿੰਘ , ਕਿਸਾਨ ਅਮਰਿੰਦਰ ਸਿੰਘ, ਕਿਸਾਨ ਮਲਕੀਤ ਸਿੰਘ, ਕਿਸਾਨ ਪਵਿੱਤਰ ਸਿੰਘ ਨੇ ਦੱਸਿਆ ਕਿ ਤੇਜ਼ ਹਨ੍ਹੇਰੀ ਨੇ ਕਈ ਥਾਵਾਂ ਤੇ ਮੱਕੀ ਦੀ ਫਸਲ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਜਿਸ ਨਾਲ ਮੱਕੀ ਦੀ ਫ਼ਸਲ ਦਾ ਭਾਰੀ ਨੁਕਸਾਨ ਦਾ ਖ਼ਦਸ਼ਾ ਹੈ। ਉੱਧਰ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਬੇਮੌਸਮੀ ਬਰਸਾਤ ਨਾਲ ਕਣਕ ਦੀ ਫ਼ਸਲ ਦੇ ਵਾਰ ਵਾਰ ਹੋ ਨੁਕਸਾਨ ਨੂੰ ਦੇਖਦਿਆਂ ਘੱਟੋ ਘੱਟ 800 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly