(ਸਮਾਜ ਵੀਕਲੀ)
ਕਿਤੇ ਫ਼ਿਕਰਾਂ ਦੀ ਪੰਡ ਹੁੰਦੀ ਐ ਕਿਤੇ ਸ਼ਰਾਰਤ ਹੁੰਦੀ ਐ।
ਬਾਰਸ਼ ਕਿਸੇ ਲਈ ਮਨੋਰੰਜਨ ਕਿਸੇ ਲਈ ਆਫ਼ਤ ਹੁੰਦੀ ਐ।
ਗੋਕੇ ਚਾਰ ਕੁ ਕਣੀਆਂ ਪਈਆਂ ਤੋਂ ਹੀ ਕੂੰਗੜ ਜਾਂਦੇ ਨੇ ;
ਐਪਰ ਮੱਝਾਂ ਦੇ ਲਈ ਭਾਰੀ ਬਾਰਸ਼ ਨਿਆਮਤ ਹੁੰਦੀ ਐ।
ਜਿਹੜੀ ਹੋਵੇ ਰੇਸਲੀ ਧਰਤੀ ਉਸ ਨੂੰ ਘਿਓ ਵਾਂਗੂੰ ਲਗਦੀ ;
ਜਿਸ ਖਿੱਤੇ ‘ਚ ਹੋਵੇ ਸੇਮ ਉਹਨਾਂ ਲਈ ਕਿਆਮਤ ਹੁੰਦੀ ਐ।
ਬੰਦਾ ਅਧਖੜ ਜਿਆ ਹੋ ਜਾਵੇ ਤਾਂ ਬਚਕੇ ਰਹਿੰਦੈ ਬਾਰਸ਼ ਤੋਂ ;
ਨਿੱਕੇ ਹੁੰਦਿਆਂ ਕਿੰਨੀਂ ਮੀਂਹ ‘ਚ ਨਾਹੁੰਣ ਦੀ ਆਦਤ ਹੁੰਦੀ ਐ।
ਕਿਸੇ ਦੇ ਘਰ ਵਿੱਚ ਪੂੜੇ ਪਕਦੇ ਕੋਈ ਖੀਰ ਬਣਾਉਂਦਾ ਹੈ ;
ਜਿਹਨਾਂ ਨੂੰ ਮਿਲਦੀ ਨਹੀਂ ਦਿਹਾੜੀ ਭੁੱਖੀ ਖ਼ਲਕਤ ਹੁੰਦੀ ਐ।
ਸਭ ਕੁੱਝ ਖੜ੍ਹ ਜਾਂਦੈ ਮਜ਼ਦੂਰਾਂ ਦਾ ਮਜ਼ਦੂਰੀ ਦੇ ਬਾਝੋਂ ;
ਬੱਚਿਆਂ ਵਾਲ਼ੇ ਘਰ ਵਿੱਚ ਨਿੱਤ ਹੀ ਨਵੀਂ ਜ਼ਰੂਰਤ ਹੁੰਦੀ ਐ।
ਬੰਦਾ ਜਿਉਂਦਾ ਹੀ ਮਰ ਜਾਂਦਾ ਜਦ ਫ਼ਸਲਾਂ ਮਰ ਜਾਂਦੀਆਂ ਨੇ ;
ਜੋ ਵੀ ਕਰਦਾ ਏ ਗਰਦਾਉਰੀ ਉਹਦੇ ਲਈ ਦੌਲਤ ਹੁੰਦੀ ਐ।
ਵੀਹ ਤੀਹ ਕਿੱਲਿਆਂ ਦੇ ਮਾਲਕ ਵੀ ਮਿਨਤਾਂ ਕਰਦੇ ਵੇਖੇ ਮੈਂ ;
ਮਾਲ ਮਹਿਕਮੇ ਵਿੱਚ ਚਪੜਾਸੀ ਦੀ ਪਰ ਵੁੱਕਤ ਹੁੰਦੀ ਐ।
ਹਾਕਮ ਕਰਦੇ ਨੇ ਸਰਵੇਖਣ ਚੜ੍ਹ ਕੇ ਹੈਲੀਕਪਟਰਾਂ ‘ਤੇ ;
ਆਈ ਕੁਦਰਤ ਵੱਲੋਂ ਜਦ ਵੀ ਲੋਕਾਂ ਦੀ ਸ਼ਾਮਤ ਹੁੰਦੀ ਐ।
ਹਰ ਇੱਕ ਘਰ ਦਾ ਬੱਚਾ ਬੱਚਾ ਬੂਟੇ ਲਾਉਂਦਾ ਰਹਿੰਦਾ ਹੈ;
ਤਾਂ ਹੀ ਤਾਂ ਪਿੰਡ ਰੰਚਣਾਂ ‘ਤੇ ਕੁਦਰਤ ਦੀ ਰਹਿਮਤ ਹੁੰਦੀ ਐ।
ਜੇ ਐਨੀ ਘਰੇਂ ਹੁੰਦੀ ਤਾਂ ਜੋਗੜਿਆਂ ਤੋਂ ਜੋਗੀ ਬਣ ਜਾਂਦਾ ;
ਬਾਹਰ ਪਿੰਡ ਰੰਚਣਾਂ ਵਾਲ਼ੇ ਦੀ ਜਿੰਨੀਂ ਇੱਜ਼ਤ ਹੁੰਦੀ ਐ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



