ਕਿਹਾ, ਖਾਦ ਦੀ ਜਮ੍ਹਾਖੋਰੀ ਜਾਂ ਕਾਲਾਬਾਜ਼ਾਰੀ ਸਬੰਧੀ ਹੈਲਪਲਾਈਨ ਨੰਬਰਾਂ “ਤੇ ਦਰਜ ਕਰਵਾਈ ਜਾ ਸਕਦੀ ਹੈ ਸ਼ਿਕਾਇਤ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਡਾ. ਰਜਿੰਦਰ ਕੁਮਾਰ ਕੰਬੋਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਡਾਈ-ਅਮੋਨੀਅਮ ਫਾਸਫੇਟ (ਡੀ.ਏ.ਪੀ) ਜਾਂ ਹੋਰ ਖਾਦਾਂ ਨਾਲ ਗੈਰ-ਜ਼ਰੂਰੀ ਰਸਾਇਣਾਂ ਦੀ ਗੈਰ-ਕਾਨੂੰਨੀ ਟੈਗਿੰਗ ਵਿਚ ਸ਼ਾਮਲ ਕਿਸੇ ਵੀ ਖਾਦ ਡੀਲਰ ਖ਼ਿਲਾਫ਼ ਸ਼ਿਕਾਇਤ ਕਰਨ ਲਈ ਕਿਸਾਨਾਂ ਵਾਸਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨ 1100 ’ਤੇ ਜਾਂ ਵਟਸਐਪ ਨੰਬਰ 98555-01076 ’ਤੇ ਸੁਨੇਹਾ ਭੇਜ ਕੇ ਡੀ.ਏ.ਪੀ. ਖਾਦ ਦੀ ਅਸਲ ਕੀਮਤ ਤੋਂ ਵੱਧ ਰੇਟ ਵਸੂਲਣ, ਗੈਰ-ਕਾਨੂੰਨੀ ਜਮ੍ਹਾਖੋਰੀ ਜਾਂ ਕਾਲਾਬਾਜ਼ਾਰੀ ਵਰਗੇ ਮੁੱਦਿਆਂ ਦੀ ਰਿਪੋਰਟ ਪੰਜਾਬ ਪੱਧਰ ‘ਤੇ ਦਰਜ ਕਰਵਾ ਸਕਦੇ ਹਨ।
ਕਿਸਾਨਾਂ ਦੀ ਭਲਾਈ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਗੈਰ-ਜ਼ਰੂਰੀ ਰਸਾਇਣਾਂ ਨੂੰ ਖਾਦਾਂ ਨਾਲ ਟੈਗ ਕਰਕੇ ਜ਼ਬਰੀ ਵੇਚਣਾ ਜਾਂ ਖਾਦ ਨੂੰ ਵੱਧ ਕੀਮਤ ’ਤੇ ਵੇਚਣਾ ਜਾਂ ਖਾਦ ਦੀ ਕਾਲਾਬਾਜ਼ਾਰੀ ਕਰਨਾ ਕਾਨੂੰਨੀ ਜ਼ੁਰਮ ਹੈ ਅਤੇ ਅਜਿਹੀਆਂ ਗ਼ਲਤ ਕਾਰਵਾਈਆਂ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਖਾਦ ਕੰਟਰੋਲ ਆਰਡਰ, 1985 ਅਤੇ ਜ਼ਰੂਰੀ ਵਸਤਾਂ ਐਕਟ, 1955 ਦੀਆਂ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਡੀ.ਏ.ਪੀ ਖਾਦ ਲੋੜ ਅਨੁਸਾਰ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।
ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਦਿੱਤੇ ਸੁਝਾਅ ਮੁਤਾਬਿਕ ਫਾਸਫੋਰਸ ਦੇ ਬਦਲਵੇਂ ਸਰੋਤਾਂ ਵਜੋਂ ਐਨ.ਪੀ.ਕੇ. (12:32:16), ਟ੍ਰਿਪਲ ਸੁਪਰ ਫਾਸਫੇਟ (ਟੀ.ਐਸ.ਪੀ. 0:46:0) ਅਤੇ ਸਿੰਗਲ ਸੁਪਰ ਫਾਸਫੇਟ (ਐਸ.ਐਸ.ਪੀ) ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly