ਸੰਯੁਕਤ ਸਮਾਜ ਮੋਰਚੇ ਵੱਲੋਂ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਲੁਧਿਆਣਾ (ਸਮਾਜ ਵੀਕਲੀ):  ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਪੰਜਾਬ ਦੇ ਚੋਣ ਮੈਦਾਨ ’ਚ ਨਿੱਤਰੇ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚਾ ਨੇ ਬੁੱਧਵਾਰ ਨੂੰ ਲੁਧਿਆਣਾ ਦੇ ਦਫ਼ਤਰ ਤੋਂ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ ਸਭ ਤੋਂ ਪਹਿਲਾ ਨਾਂ ਬਲਬੀਰ ਸਿੰਘ ਰਾਜੇਵਾਲ ਦਾ ਹੈ, ਜੋ ਸਮਰਾਲਾ ਤੋਂ ਚੋਣ ਲੜਨਗੇ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਬੋਧ ਸਿੰਘ, ਡਾ. ਸਵੈਮਾਣ ਸਿੰਘ ਅਤੇ ਹੋਰ ਆਗੂਆਂ ਨੇ ਉਮੀਦਵਾਰਾਂ ਦਾ ਐਲਾਨ ਕੀਤਾ। ਕਿਸਾਨ ਆਗੂਆਂ ਨੇ ਦੱਸਿਆ ਕਿ ਵਕੀਲ ਪ੍ਰੇਮ ਸਿੰਘ ਭੰਗੂ ਘਨੌਰ, ਖਡੂਰ ਸਾਹਿਬ ਤੋਂ ਹਰਜਿੰਦਰ ਸਿੰਘ ਢਾਂਡਾ, ਮੁਹਾਲੀ ਤੋਂ ਰਵਨੀਤ ਸਿੰਘ ਬਰਾੜ, ਤਰਨ ਤਾਰਨ ਤੋਂ ਡਾ. ਸੁਖਮਨਦੀਪ ਸਿੰਘ, ਕਰਤਾਰਪੁਰ ਸਾਹਿਬ ਤੋਂ ਰਾਜੇਸ਼ ਕੁਮਾਰ, ਜੈਤੋਂ ਤੋਂ ਰਮਨਦੀਪ ਸਿੰਘ, ਫਿਲੌਰ ਤੋਂ ਅਜੈ ਸਿੰਘ, ਕਾਦੀਆਂ ਤੋਂ ਬਲਰਾਜ ਸਿੰਘ ਠਾਕੁਰ ਅਤੇ ਨਵਦੀਪ ਸਿੰਘ ਸੰਘਾ ਨੂੰ ਮੋਗਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਹਿਲੀ ਸੂਚੀ ’ਚ ਸਿਰਫ਼ ਤਿੰਨ ਕਿਸਾਨ ਆਗੂਆਂ ਦੇ ਨਾਮ ਸ਼ਾਮਲ ਹਨ ਜਦਕਿ ਬਾਕੀ ਉਮੀਦਵਾਰ ਹੋਰ ਵਰਗਾਂ ਤੋਂ ਹਨ। ਕਿਸਾਨਾਂ ਆਗੂਆਂ ਨੇ ਦੱਸਿਆ ਕਿ ਅਗਲੀ ਸੂਚੀ ’ਚ ਸਿਰਫ਼ ਕਿਸਾਨਾਂ ਦੇ ਹੀ ਨਹੀਂ ਸਗੋਂ ਵਕੀਲਾਂ, ਡਾਕਟਰਾਂ ਅਤੇ ਬੁੱਧੀਜੀਵੀਆਂ ਦੇ ਨਾਮ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮੋਰਚੇ ਕੋਲ ਟਿਕਟਾਂ ਦੇ ਸੈਂਕੜੇ ਚਾਹਵਾਨ ਆਏ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸਣੇ ਦੂਸਰੀਆਂ ਕਈ ਪਾਰਟੀਆਂ ਦੇ ਆਗੂ ਸੰਯੁਕਤ ਸਮਾਜ ਮੋਰਚਾ ਦੀ ਟਿਕਟ ’ਤੇ ਚੋਣ ਲੜਨਾ ਚਾਹੁੰਦੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਆਪਣਾ ਨਿਸ਼ਾਨਾ ਸਿਰਫ਼ ਅਰਵਿੰਦ ਕੇਜਰੀਵਾਲ ’ਤੇ ਹੀ ਸੇਧਿਆ। ਰੁਲਦੂ ਸਿੰਘ ਮਾਨਸਾ ਅਤੇ ਬੁੱਧ ਸਿੰਘ ਮਾਨਸਾ ਨੇ ਕੇਜਰੀਵਾਲ ’ਤੇ ਤਨਜ਼ ਕੱਸਿਆ। ‘ਆਪ’ ਨਾਲ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਹੁਣ ਪੈਸਿਆਂ ਦੇ ਬੈਗ ਲੈ ਕੇ ਟਿਕਟਾਂ ਵੇਚ ਰਹੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵਾਮੀ ਪ੍ਰਸਾਦ ਮੌਰਿਆ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
Next articleਸਿਹਤ ਖੇਤਰ ’ਚ ਨਿਵੇਸ਼ ਕਰਨ ਵਾਲਿਆਂ ਦਾ ਭਵਿੱਖ ਬਿਹਤਰ: ਮੋਦੀ