ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਮੀਟਿੰਗ ਕਰਨੈਲ ਸਿੰਘ ਈਸੜੂ ਭਵਨ ਵਿਖੇ ਵੀਰ ਸਿੰਘ ਬੜਵਾ, ਬਲਵਿੰਦਰ ਸਿੰਘ ਮੱਲੀ ਨੰਗਲ, ਹਰਬੰਸ ਸਿੰਘ ਸੰਘਾ ਅਤੇ ਬਲਵਿੰਦਰ ਸਿੰਘ ਰਾਜੂ ਔਲਖ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੀ ਜਾਣਕਾਰੀ ਦਿੰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਲੈਂਡ ਪੂਲਿੰਗ ਸਕੀਮ ਰੱਦ ਕਰਵਾਉਣ ਅਤੇ ਹੋਰ ਮੰਗਾਂ ਲਈ 24 ਅਗਸਤ ਨੂੰ ਕੀਤੀ ਜਾਣ ਵਾਲੀ ਕਿਸਾਨ ਮਹਾਂ ਰੈਲੀ ਲਈ ਵਿਚਾਰ- ਵਟਾਂਦਰਾ ਕੀਤਾ ਗਿਆ। ਬਰਸਾਤੀ ਮੌਸਮ ਅਤੇ ਮੁੱਲਾਂਪੁਰ ਮੰਡੀ ਵਿੱਚ ਸ਼ੈਡਾਂ ਦੀ ਅਣਹੋਂਦ ਕਾਰਨ ਪੈਦਾ ਹੋਣ ਵਾਲੀਆਂ ਪ੍ਰਬੰਧਕੀ ਮੁਸ਼ਕਿਲਾਂ ਦੇ ਮੱਦੇਨਜ਼ਰ ਸਰਬਸੰਮਤੀ ਨਾਲ ਰੈਲੀ ਦਾ ਸਥਾਨ ਬਦਲ ਕੇ ਸਮਰਾਲਾ ਮੰਡੀ ਵਿਖੇ ਕਰ ਦਿੱਤਾ ਗਿਆ। ਵਰਣਨਯੋਗ ਹੈ ਕਿ ਲੈਂਡ ਪੂਲਿੰਗ ਸਕੀਮ ਅਧੀਨ ਮੁੱਲਾਂਪੁਰ ਇਲਾਕੇ ਦੇ ਨਾਲ-ਨਾਲ ਲੁਧਿਆਣਾ-ਸਮਰਾਲਾ ਇਲਾਕੇ ਦੇ ਵੀ ਦਰਜਨਾਂ ਪਿੰਡਾਂ ਨੂੰ ਸ਼ਾਮਲ ਕਰਨ ਲਈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮੀਟਿੰਗ ਨੇ ਪੰਜਾਬ ਭਰ ਵਿੱਚ ਕਿਸਾਨਾਂ ਅਤੇ ਆਮ ਲੋਕਾਂ ਦੀ ਲਾਮਬੰਦੀ ਲਈ ਪਿੰਡ ਪਿੰਡ ਜਾਗੋ ਕੱਢਣ, ਢੋਲ ਅਤੇ ਝੰਡਾ ਮਾਰਚ ਕਰਨ ਦਾ ਸੱਦਾ ਦਿੱਤਾ ਹੈ। ਮੀਟਿੰਗ ਵਿੱਚ 13 ਅਗਸਤ ਨੂੰ ਐਸ ਕੇ ਐਮ ਦੇ ਦੇਸ਼ ਵਿਆਪੀ ਸੱਦੇ ਤਹਿਤ ਪਿੰਡਾਂ/ਬਲਾਕ ਪੱਧਰ ਤੇ ਡੋਨਾਲਡ ਟਰੰਪ, ਨਰਿੰਦਰ ਮੋਦੀ ਅਤੇ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕਣ ਦਾ ਸੱਦਾ ਵੀ ਦਿੱਤਾ ਹੈ। ਵਰਣਨਯੋਗ ਹੈ ਕਿ ਮੁਕਤ ਵਪਾਰ ਸਮਝੌਤੇ ਚ ਖੇਤੀ ਅਤੇ ਸਹਾਇਕ ਧੰਦਿਆਂ ਨੂੰ ਸ਼ਾਮਲ ਕਰਵਾਉਣ ਲਈ ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ ਜਦੋਂ ਕਿ ਮੋਦੀ ਸਰਕਾਰ ਦੇਸ਼ ਦੀ ਜਨਤਾ ਨੂੰ ਚੱਲ ਰਹੀ ਵਾਰਤਾ ਬਾਰੇ ਜਾਣਕਾਰੀ ਨਹੀਂ ਦੇ ਰਹੀ ਇਸ ਦੇ ਰੋਸ ਵਜੋਂ ਟਰੰਪ ਅਤੇ ਮੋਦੀ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਸੀ ਜਦਕਿ ਪੰਜਾਬ ਦੀ ਅੱਜ ਦੀ ਮੀਟਿੰਗ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦਾ ਨੋਟੀਫਿਕੇਸ਼ਨ ਰੱਦ ਨਾ ਕਰਨ ਦੇ ਰੋਸ ਵਜੋਂ ਮੁੱਖ ਮੰਤਰੀ ਦੇ ਪੁਤਲੇ ਨੂੰ ਵੀ ਨਾਲ ਹੀ ਫੂਕਣ ਦਾ ਸੱਦਾ ਵੀ ਨਾਲ ਜੋੜ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸਮਰਾਲਾ ਰੈਲੀ ਨੂੰ ਸੂਬਾ ਸਰਕਾਰ ਦੀਆਂ ਅੱਖਾਂ ਖੋਲਣ ਵਾਲੇ ਇਕੱਠ ਵਜੋਂ ਇਤਿਹਾਸ ਵਿੱਚ ਦਰਜ ਕਰਵਾਉਣ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਪਿੰਡਾਂ ਅਤੇ ਉਪਜਾਊ ਭੂਮੀ ਦਾ ਉਜਾੜਾ ਕਰਨ ਵਾਲੀ ਇਸ ਲੋਕ ਵਿਰੋਧੀ ਸਕੀਮ ਦਾ ਨੋਟੀਫਿਕੇਸ਼ਨ ਰੱਦ ਨਾ ਕੀਤਾ ਤਾਂ 24 ਅਗਸਤ ਦੀ ਰੈਲੀ ਦੀ ਸਟੇਜ ਤੋਂ ਅਗਲੇ ਸਖਤ ਸੰਘਰਸ਼ ਦਾ ਐਲਾਨ ਕੀਤੇ ਜਾਣ ਲਈ ਐਸ.ਕੇ. ਐਮ.ਮਜ਼ਬੂਰ ਹੋਵੇਗਾ। ਮੀਟਿੰਗ ਵਿੱਚ ਰੈਲੀ ਦੇ ਪ੍ਰਬੰਧਾਂ ਲਈ ਛੇ ਮੈਂਬਰੀ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ, ਰਾਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਬਲਜੀਤ ਸਿੰਘ ਗਰੇਵਾਲ ਸ਼ਾਮਲ ਹਨ। ਅੱਜ ਦੀ ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਰਿੰਦਰ ਲੱਖੋਵਾਲ, ਜੰਗਵੀਰ ਚੌਹਾਨ, ਨਿਰਭੈ ਸਿੰਘ ਢੁੱਡੀਕੇ, ਰਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਨਿਹਾਲਗੜ੍ਹ, ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਧਨੇਰ, ਫਰਮਾਨ ਸਿੰਘ ਸੰਧੂ, ਹਰਜਿੰਦਰ ਸਿੰਘ ਟਾਂਡਾ, ਮੁਕੇਸ ਚੰਦਰ, ਕਵਰਪ੍ਰੀਤ ਸਿੰਘ ਪੰਨੂ, ਗੁਰਮੀਤ ਸਿੰਘ, ਰੁਲਦੂ ਸਿੰਘ ਮਾਨਸਾ, ਮਲੂਕ ਸਿੰਘ ਹੀਰਕੇ, ਰਘਵੀਰ ਸਿੰਘ ਬੈਣੀਪਾਲ, ਬਲਜੀਤ ਸਿੰਘ ਗਰੇਵਾਲ, ਵੀਰਪਾਲ ਸਿੰਘ ਢਿੱਲੋਂ, ਹਰਦੇਵ ਸਿੰਘ ਸੰਧੂ, ਬੋਘ ਸਿੰਘ ਮਾਨਸਾ, ਸਤਨਾਮ ਸਿੰਘ ਅਜਨਾਲਾ ਆਦਿ ਆਗੂ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



