(ਸਮਾਜ ਵੀਕਲੀ)-ਗਾਇਕੀ ਤੋਂ ਬਾਅਦ ਫ਼ਿਲਮੀ ਖੇਤਰ ਵਿੱਚ ਗੂੜ੍ਹੀਆਂ ਪੈੜ੍ਹਾਂ ਪਾਉਣ ਵਾਲੇ ਗੁਰਨਾਮ ਭੁੱਲਰ ਦੀ ਆ ਰਹੀ ਨਵੀਂ ਪੰਜਾਬੀ ਫ਼ਿਲਮ ‘ਲੇਖ’ ਸੱਚਮੁੱਚ ਹੀ ਪੰਜਾਬੀ ਸਿਨਮੇ ਦੇ ਲੇਖ ਸੰਵਾਰਣ ਦਾ ਕੰਮ ਕਰੇਗੀ। ਕਿਊਂਕਿ ਦਰਸ਼ਕਾਂ ਨੂੰ ਲੰਮੇ ਸਮੇਂ ਬਾਅਦ ਆਮ ਵਿਸ਼ਿਆਂ ਤੋਂ ਹਟਕੇ ਇੱਕ ਵੱਖਰੇ ਵਿਸ਼ੇ ਦੀ ਫ਼ਿਲਮ ਵੇਖਣ ਨੂੰ ਮਿਲੇਗੀ।
ਵਾਇਟਹਿੱਲ ਸਟੂਡੀਓ ਦੇ ਬੈਨਰ ਹੇਠ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋਰੜ ਸਿੰਘ ਸਿੱਧੂ ਦੀ ਇਹ ਫ਼ਿਲਮ ਬਚਪਨ ਦੀ ਅਨਭੋਲ ਉਮਰ ਦੇ ਪਿਆਰ ਭਰੇ ਅਹਿਸਾਸਾਂ ਅਤੇ ਮੱਥੇ ਤੇ ਲਿਖੇ ਲੇਖਾਂ ਦੀ ਕਹਾਣੀ ਬਿਆਂਨਦੀ ਇੱਕ ਦਿਲਚਸਪ ਕਹਾਣੀ ਹੈ। ਜਿਸਨੂੰ ਪੰਜਾਬੀ ਸਿਨਮੇ ਦੇ ਨਾਮਵਰ ਲੇਖਕ ਜਗਦੀਪ ਸਿੱਧੂ ਨੇ ਲਿਖਿਆ ਹੈ। ਡਾਇਰੈਕਟਰ ਮਨਵੀਰ ਬਰਾੜ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਦਾ ਟ੍ਰੇਲਰ ਅਤੇ ਸੰਗੀਤ ਦਰਸ਼ਕਾਂ ਦੀ ਪਸੰਦ ਬਣ ਚੁੱਕਾ ਹੈ। ਸੋਸ਼ਲ ਮੀਡੀਆ ‘ਤੇ ਛਾਏ ਫ਼ਿਲਮ ਦੇ ਟ੍ਰੇਲਰ ਤੋ ਜਾਪਦਾ ਹੈ ਕਿ ਇਹ ਫ਼ਿਲਮ ਪੰਜਾਬੀ ਸਿਨਮੇ ਵਿੱਚ ਇਕ ਮੀਲ ਪੱਥਰ ਸਾਬਤ ਹੋ ਸਕਦੀ ਹੈ।
ਫ਼ਿਲਮ ਦੀ ਕਹਾਣੀ ਦੀ ਮੰਗ ਮੁਤਾਬਕ ਫ਼ਿਲਮ ਦੇ ਨਾਇਕ ਗੁਰਨਾਮ ਭੁੱਲਰ ਨੇ ਆਪਣਾ 18-20 ਕਿਲੋਂ ਭਾਰ ਘਟਾ ਕੇ 16 -17 ਸਾਲ ਦੇ ਸਕੂਲ ਪੜ੍ਹਦੇ ਨਵੀਂ ਉਮਰ ਦੇ ਮੁੰਡੇ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਦੀ ਨਾਇਕਾ ਤਾਨੀਆ ਹੈ ਜੋ ਇਸ ਤੋਂ ਪਹਿਲਾਂ ਫ਼ਿਲਮ ‘ਗੁੱਡੀਆਂ ਪਟੋਲੇ’ ਵਿੱਚ ਗੁਰਨਾਮ ਭੁੱਲਰ ਨਾਲ ਕੰਮ ਕਰ ਚੁੱਕੀ ਹੈ। ਦੋਵਾਂ ਦੇ ਇਸ ਫ਼ਿਲਮ ਲਈ ਬੇਹੱਦ ਮਿਹਨਤ ਕੀਤੀ ਹੈ। ਫ਼ਿਲਮ ਦੇ ਟੇਲਰ ਮੁਤਾਬਕ ਇਹ ਫ਼ਿਲਮ ਬਚਪਨ ਅਤੇ ਜਵਾਨੀ ਦੀ ਕਹਾਣੀ ਹੈ ਜਿਸ ਲਈ ਇਸ ਨੂੰ ਦੋ ਵੱਖ ਵੱਖ ਪੜਾਵਾਂ ਵਿੱਚ ਫਿਲਮਾਇਆ ਗਿਆ ਹੈ। ਫ਼ਿਲਮ ਦੀ ਕਹਾਣੀ ਬਚਪਨ ਦੇ ਪਿਆਰਾਂ ਤੋਂ ਸੁਰੂ ਹੋ ਕੇ ਜ਼ਿੰਦਗੀ ਦੇ ਵੱਖ ਵੱਖ ਪੜ੍ਹਾਵਾਂ ਨਾਲ ਜੁੜ੍ਹੀ ਰੁਮਾਂਟਿਕ ਤੇ ਭਾਵਨਾਤਮਿਕ ਪਲਾਂ ਦੀ ਤਰਜ਼ਮਾਨੀ ਕਰਦੀ ਹੈ। ਗੁਰਨਾਮ ਭੁੱਲਰ ਨੇ ਆਪਣੇ ਕਿਰਦਾਰ ਵਿੱਚ ਫਿੱਟ ਹੋਣ ਲਈ ਬਹੁਤ ਮੇਹਨਤ ਕੀਤੀ ਹੈ। ਫ਼ਿਲਮ ਦੀ ਸੂਟਿੰਗ ਦੋ ਪੜਾਵਾਂ ਵਿੱਚ ਕੀਤੀ ਗਈ ਹੈ।
ਗੁਰਨਾਮ ਭੁੱਲਰ ਨੇ ਰਾਜਵੀਰ ਦਾ ਕਿਰਦਾਰ ਨਿਭਾਇਆ ਹੈ ਤੇ ਤਾਨੀਆ ਨੇ ਰੌਣਕ ਦਾ। ਸਕੂਲ ਪੜ੍ਹਦੇ ਸਮੇਂ ਦੋਵਾਂ ਦੇ ਦਿਲਾਂ ਵਿੱਚ ਇੱਕ ਦੂਜੇ ਪ੍ਰਤੀ ਮੋਹ ਖਿੱਚ ਹੁੰਦੀ ਹੈ, ਹੁਸੀਨ ਸੁਪਨਿਆਂ ਦਾ ਸੰਸਾਰ ਹੁੰਦਾ ਹੈ ਪਰ ਕੀ ਇਨ੍ਹਾਂ ਸੁਪਨਿਆਂ ਦਾ ਸ਼ਹਿਜਾਦਾ ਆਪਣੀ ਮੰਜਲ ਤੇ ਪਹੁੰਚਦਾ ਹੈ ? ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਜਗਦੀਪ ਸਿੱਧੂ ਨੇ ਲਿਖੇ ਹਨ। ਫ਼ਿਲਮ ਨੂੰ ਮਨਵੀਰ ਬਰਾੜ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਗੀਤ ਜਾਨੀ ਨੇ ਲਿਖੇ ਹਨ ਤੇ ਸੰਗੀਤ ਬੀ ਪਰਾਕ ਨੇ ਦਿੱਤਾ ਹੈ। ਗੁਰਨਾਮ ਭੁੱਲਰ, ਤਾਨੀਆ, ਕਾਕਾ ਕੌਤਕੀ, ਨਿਰਮਲ ਰਿਸ਼ੀ, ਹਰਮਨ ਧਾਲੀਵਾਲ ਤੇ ਹਰਮਨ ਬਰਾੜ ਨੇ ਫ਼ਿਲਮ ਚ ਅਹਿਮ ਕਿਰਦਾਰ ਨਿਭਾਏ ਹਨ।
ਪੰਜਾਬ ਅਤੇ ਰਾਜਸਥਾਨ ਦੀਆਂ ਵੱਖ ਵੱਖ ਖ਼ੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਈ ਗਈ ਇਹ ਫ਼ਿਲਮ ਦਰਸ਼ਕਾਂ ਨੂੰ ਪਰਦੇ ‘ਤੇ ਇਕ ਖ਼ੂਬਸੂਰਤ ਜ਼ਿੰਦਗੀ ਦਾ ਅਹਿਸਾਸ ਕਰਵਾਵੇਗੀ। ਇਸ ਫ਼ਿਲਮ ਵਿੱਚ ਪੰਜਾਬੀ ਸਿਨਮੇ ਦਾ ਇਕ ਨਾਮੀ ਸਟਾਰ ਵੀ ਮਹਿਮਾਨ ਭੂਮਿਕਾ ਵਿੱਚ ਨਜ਼ਰ ਆਵੇਗਾ।ਆਸ ਹੈ ਕਿ ਪਹਿਲੀ ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ‘ਲੇਖ’ ਪੰਜਾਬੀ ਸਿਨਮੇ ਦੇ ਨਵੇਂ ਲੇਖ ਲਿਖਣ ਵਿੱਚ ਸਫ਼ਲ ਹੋਵੇਗੀ।
ਹਰਜਿੰਦਰ ਸਿੰਘ ਜਵੰਦਾ 9463828000
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly